
ਅਸ਼ੋਕ ਵਰਮਾ
ਨਵੀਂ ਦਿੱਲੀ, 10ਜਨਵਰੀ2021: ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਨੂੰ ਹੋਰ ਤੇਜ ਤੇ ਵਿਸ਼ਾਲ ਕਰਨ ਲਈ ਅਗਲੇ ਗੇੜ ਦੀ ਜੋਰਦਾਰ ਮੁਹਿੰਮ ਛੇੜਨ ਦੇ ਐਲਾਨ ਨਾਲ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਹੇਠ ਖੇਤ ਮਜਦੂਰ ਅੱਜ ਦਿੱਲੀ ਮੋਰਚੇ ਤੋਂ ਪੰਜਾਬ ਵਾਪਿਸ ਪਰਤ ਆਏ ਹਨ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਆਖਿਆ ਕਿ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਨਾਲ ਖੇਤ ਮਜਦੂਰਾਂ ਨੂੰ ਇਹ ਅਹਿਸਾਸ ਹੋਰ ਹੋਇਆ ਹੈ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨ ਉਹਨਾਂ ਦੀ ਰੋਟੀ ਰੋਜੀ ਖੋਹਕੇ ਉਹਨਾਂ ਦੀਆਂ ਜਿਉਂਣ ਹਾਲਤਾਂ ਨੂੰ ਹੋਰ ਵੀ ਦੁੱਭਰ ਬਣਾਉਣ ਜਾ ਰਹੇ ਹਨ ।
ਉਹਨਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਤੋਂ ਬਾਅਦ ਉਹਨਾਂ ਚ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਦੀ ਭਾਵਨਾ ਨੂੰ ਹੋਰ ਬਲ ਮਿਲਿਆ ਹੈ। ਉਹਨਾਂ ਆਖਿਆ ਕਿ ਮੋਰਚਿਆਂ ‘ਚ ਡਟੇ ਹੋਏ ਕਿਸਾਨ ਮਰਦ ਔਰਤਾਂ ਕਿਹੋ ਜੇਹੀਆਂ ਮੁਸਕਲ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ ਨੂੰ ਅੱਖੀਂ ਤੱਕਣ ਤੇ ਖੁਦ ਇਹਨਾਂ ਹਾਲਤਾਂ ਨੂੰ ਹੰਢਾਉਣ ਨਾਲ ਉਹਨਾਂ ਦੇ ਮਨਾਂ ‘ਚ ਜੁਝਾਰੂ ਕਿਸਾਨਾਂ ਪ੍ਰਤੀ ਅਪਣੱਤ ਅਤੇ ਮੋਦੀ ਹਕੂਮਤ ਖਿਲਾਫ ਨਫਰਤ ਹੋਰ ਪ੍ਰਚੰਡ ਹੋਈ ਹੈ। ਉਹਨਾਂ ਕਿਹਾ ਕਿ ਦਿੱਲੀ ਮੋਰਚੇ ‘ਚ ਸ਼ਮੂਲੀਅਤ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਮਜਦੂਰਾਂ ਪ੍ਰਤੀ ਦਿਖਾਏ ਆਪਣੇਪਣ ਅਤੇ ਉਹਨਾਂ ਨੂੰ ਆਉਂਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਕੀਤੇ ਵਿਆਪਕ ਪ੍ਰਬੰਧਾਂ ਨੇ ਖੇਤ ਮਜਦੂਰ ਮਰਦ ਔਰਤਾਂ ਤੇ ਬੇਹੱਦ ਪ੍ਰਭਾਵ ਪਾਇਆ ਹੈ ।
ਉਹਨਾਂ ਆਖਿਆ ਕਿ ਖੇਤ ਮਜਦੂਰਾਂ ਦੀ ਇਸ ਮੋਰਚੇ ‘ਚ ਲਵਾਈ ਹਾਜਰੀ ਕਿਸਾਨਾਂ ਮਜਦੂਰਾਂ ਦੀ ਜੋਟੀ ਨੂੰ ਹੋਰ ਮਜਬੂਤ ਕਰੇਗੀ। ਉਹਨਾ ਐਲਾਨ ਕੀਤਾ ਕਿ ਖੇਤ ਮਜਦੂਰ ਪੰਜਾਬ ਵਾਪਸ ਜਾਕੇ ਇਹਨਾਂ ਕਾਨੂੰਨਾਂ ਵਿਰੁੱਧ ਲਾਮਬੰਦੀ ਨੂੰ ਹੋਰ ਤੇਜ ਕਰਨ ਦੇ ਨਾਲ-ਨਾਲ ਇਹਨਾਂ ਕਾਨੂੰਨਾਂ ਦੇ ਖੇਤ ਮਜਦੂਰਾਂ ਤੇ ਦਲਿਤਾਂ ਦੀ ਜਿੰਦਗੀ ‘ਤੇ ਪੈਣ ਵਾਲੇ ਤਬਾਹਕੁੰਨ ਅਸਰਾਂ ਤੋਂ ਖੇਤ ਮਜਦੂਰਾਂ ਨੂੰ ਸੁਚੇਤ ਕਰਨ ਤੇ ਘੋਲ ਦੇ ਮੈਦਾਨ ਵਿੱਚ ਨਿੱਤਰਨ ਦਾ ਹੋਕਾ ਦੇਣ ਲਈ ਜੋਰਦਾਰ ਚੇਤਨਾ ਮੁਹਿੰਮ ਵੀ ਚਲਾਉਣਗੇ। ਖੇਤ ਮਜਦੂਰ ਆਗੂਆਂ ਨੇ ਸਮੂ ਪੰਜਾਬੀਆਂ ਖਾਸ ਤੌਰ ਤੇ ਦਲਿਤ ਪ੍ਰੀਵਾਰਾਂ ਅਤੇ ਮਜਦੂਰਾਂ ਨੂੰ ਇਸ ਮੁਹਿੰਮ ਲਈ ਜੁਟਣ ਦਾ ਸੱਦਾ ਦਿੱਤਾ।