
ਅਸ਼ੋਕ ਵਰਮਾ
ਬਠਿੰਡਾ,10 ਜਨਵਰੀ2021: ਪੰਜਾਬ ਦੇ ਵੱਖ ਵੱਖ ਵਿਭਾਗਾਂ ‘ਚ ਸੇਵਾਵਾਂ ਨਿਭਾ ਰਹੇ ਠੇਕਾ ਅਧਾਰਤ ਮੁਲਾਜਮਾਂ ਨੇ ਅੱਜ ਪੰਜਾਬ ਸਰਕਾਰ ਦੀਆਂ ਬੇਵਫਾਈਆਂ ਦੇ ਵਿਰੋਧ ‘ਚ ਦਿੱਤੇ ਧਰਨੇ ਦੌਰਾਨ ਹਕੂਮਤਾਂ ਦੀਆਂ ਕਿਸਾਨ ਮਜਦੂਰ ਮੁਲਾਜਮ ਤੇ ਵਪਾਰੀ ਵਿਰੋਧੀ ਅਤੇ ਕਾਰਪੋਰੇਟ ਪ੍ਰਸਤ ਨੀਤੀਆਂ ਨੂੰ ਲੈਕ ਜੰਮ ਕੇ ਸ਼ਬਦੀ ਹਮਲੇ ਕੀਤੇ। ਮੁਲਾਜਮ ਆਗੂਆਂ ਨੇ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਆਦਿ ਨੂੰ ਲੈਕੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਰੱਖਿਆ।ਠੇਕਾ ਅਧਾਰ ਤੇ ਸਰਕਾਰੀ ਸੇਵਾ ਨਿਭਾ ਰਹੇ ਮੁਲਾਜਮਾਂ ਦੀਆਂ ਜੱਥੇਬੰਦੀਆਂ ਵੱਲੋਂ ਏਕਾ ਕਰਕੇ ਬਣਾਏ ‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ’ ਨੇ ਬਠਿੰਡਾ ‘ਚ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਅੱਜ ਇਹਨਾਂ ਮੁਲਾਜਮਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਰੈਲੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਚਹੇਤਿਆਂ ਦੀ ਤਰੱਕੀ ਨੂੰ ਪ੍ਰਫੁੱਲਤ ਕਰਨ ਦੀ ਥਾਂ ਠੇਕਾ ਪ੍ਰਣਾਲੀ ‘ਚ ਨੂੜੇ ਲੱਖਾਂ ਮੁਲਾਜਮਾਂ ਨੂੰ ਫਾਡੀ ਬਣਾਕੇ ਕੀਤੀ ਜਾ ਰਹੀ ਬੇਇਨਸਾਫੀ ਨੂੰ ਦੂਰ ਕਰਨ।
ਬੁਲਾਰਿਆਂ ਨੇ ਕੈਪਟਨ ਨੂੰ ਕਾਂਗਰਸ ਪਾਰਟੀ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਾਉਂਦਿਆਂ ਸਿੱਧੀਆਂ ਧਮਕੀਆਂ ਦਿੱਤੀਆਂ ਕਿ ਰਾਜਗੱਦੀ ਤੇ ਕਾਬਜ ਹੋਕੇ ਕੀਤੀਆਂ ਵਾਅਦਾ ਖਿਲਾਫੀਆਂ ਦਾ ਮੁੱਲ ਕੈਪਟਨ ਹਕੂਮਤ ਨੂੰ ਤਾਰਨਾ ਪਵੇਗਾ। ਇਸ ਮੌਕੇ ਮੁਲਾਜਮਾਂ ਨੇ ਬਾਹਾਂ ਉਲਾਰਦਿਆਂ ਮਿਹਣੇ ਮਾਰੇ ਕਿ ਅਕਾਲੀ ਭਾਜਪਾ ਗਠਜੋੜ ਨੇ ਠੇਕਾ ਅਧਾਰਿਤ ਕਰਮਚਾਰੀਆਂ ਦੀ ਸਾਰ ਲੈਣ ਲਈ ਬਣਾਇਆ ਵੈਲਫੇਅਰ 2016 ਨੂੰ ਰੱਦੀ ਦੀ ਟੋਕਰੀ ‘ਚ ਸੁੱਟ ਕੇ ਉਹਨਾਂ ਨਾਲ ਧਰੋਹ ਕਮਾਇਆ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਠੇਕਾ ਮੁਲਾਜਮ ਆਗੂ ਵਰਿੰਦਰ ਸਿੰਘ ਬੀਬੀ ਵਾਲਾ, ਜਗਸੀਰ ਸਿੰਘ ਭੰਗੂ ਅਤੇ ਗੁਰਵਿੰਦਰ ਸਿੰਘ ਪੰਨੂੰ ਆਦਿ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਸਰਕਾਰੀ ਮਹਿਕਮਿਆਂ ਤੇ ਰੁਜ਼ਗਾਰਾਂ ਦਾ ਭੋਗ ਪਾਉਣ ਦੀਆਂ ਨੀਤੀਆਂ ਤੇ ਤੁਰਨ ਲੱਗੀ ਹੈ ਜਿਸ ਨੂੰ ਹੁਣ ਹੋ ਜਿਆਦਾ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਉਹਨਾਂ ਆਖਿਆ ਕਿ ਸਰਕਾਰ ਦੀ ਬਦਨੀਅਤੀ ਦਾ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਅਤੀ ਜਰੂਰੀ ਮੰਨੇ ਜਾਂਦੇ ਸਿੱਖਿਆ, ਸਿਹਤ, ਜਲ-ਸਪਲਾਈ ਤੇ ਆਵਾਜਾਈ ਦੇ ਮਹਿਕਮਿਆਂ ਵਿੱਚ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਦੀ ਥਾਂ ਵੱਖ-ਵੱਖ ਸਕੀਮਾਂ, ਪ੍ਰੋਜੈਕਟਾਂ, ਸੁਸਾਇਟੀਆਂ ਅਤੇ ਆਉਟਸੋਰਸਿੰਗ ਰਾਹੀਂ ਠੇਕਾ ਭਰਤੀ ਕਰਕੇ ਡੰਗ ਟਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਹਾਣੀ ਏਥੇ ਹੀ ਬੱਸ ਨਹੀਂ ਹੋਈ ਬਲਕਿ ਹੁਣ ਤਾਂ ਮਹਿਕਮਿਆਂ ਦੇ ਪੁਨਰਗਠਨ ਦੇ ਨਾਮ ਹੇਠ ਹਜਾਰਾਂ ਦੀ ਗਿਣਤੀ ’ਚ ਅਸਾਮੀਆਂ ਖਤਮ ਕਰਨ ਵਰਗੇ ਫੈਸਲੇ ਲਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲੱਖਾਂ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਤਾਂ ਫਿਰ ਟੈਂਕੀਆਂ ਤੇ ਬੈਠਣ ਅਤੇ ਸੜਕਾਂ ਤੇ ਧਰਨੇ ਲਾਉਛ ਤੋਂ ਇਲਾਵਾ ਪੁਲਿਸ ਦੀ ਕੁੱਟ ਖਾਣ ਵਾਲੇ ਕੌਣ ਹਨ ਇਸ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਦੋਸ਼ ਲਾਇਆ ਕਿ ਆਖਿਆ ਕਿ ਆਪਣੇ ਹੱਕਾਂ ਲਈ ਧਰਨਾ ਲਾਉਣ ਵਾਲਿਆਂ ਤੇ ਝੂਠੇ ਕੇਸਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਮਹਿਕਮਿਆਂ ਵਲੋਂ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਬੁਲਾਰਿਆਂ ਨੇ ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਉਨਾਂ ਦੇ ਮਹਿਕਮੇ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਮੰਗ ਕੀਤੀ । ਪਿਛਲੇ ਲੰਬੇ ਸਮੇਂ ਤੋਂ ਆਪੋ ਆਪਣੇ ਢੰਗ ਨਾਅ ਸੰਘਰਸ਼ ਕਰ ਰਹੇ ਇਹਨਾਂ ਸਰਕਾਰੀ ਮੁਲਾਜਮਾਂ ਵੱਲੋਂ ਉਸਾਰੇ ਸਾਂਝੇ ਪਲੇਟਫਾਰਮ ’ਚ ਸ਼ਾਮਲ ਵੱਖ ਵੱਖ ਧਿਰਾਂ ਨੇ ਸੰਕੇਤ ਦਿੱਤੇ ਕਿ ਉਹ ਪੰਜਾਬ ਵਿੱਚ ਸੰਘਰਸ਼ ਦਾ ਮੈਦਾਨ ਪੂਰੀ ਤਰਾਂ ਭਖਾ ਦੇਣਗੇ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਦੂਸਰੀਆਂ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾਏਗਾ।
ਇਸ ਮੌਕੇ ਬੁਲਾਰਿਆਂ ਨੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਜਾ ਰਹੇ ਜਬਰ ਦੀ ਨਿਖੇਧੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਬੁਲਅਰਿਆਂ ਨੇ ਐਲਾਨ ਕੀਤਾ ਕਿ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਲੜ ਰਹੀਆਂ ਕਿਸਾਨ ਜੱਥੇਬੰਦੀਆਂ ਦੀ ਹਮਾਇਤ ਜਾਰੀ ਰੱਖੀ ਜਾਏਗੀ।ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਉਹਨਾਂ ਦਾ ਸਬਰ ਨਾ ਪਰਖੇ ਸਗੋਂ ਮਹਿਲਾਂ ’ਚ ਰਹਿਣ ਵਾਲੇ ਮੁੱਖ ਮੰਤਰੀ ਮੁਲਾਜ਼ਮਾਂ ਨੂੰ ਵੀ ਦਰਸ਼ਨ ਦੇਣ ਤੇ ਉਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹਮਾਇਤ ਦਿੱਤੀ ਗਈ।