
ਅਸ਼ੋਕ ਵਰਮਾ
ਬਰਨਾਲਾ,9 ਜਨਵਰੀ2021: ਜਨਵਰੀ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਨੇ ਕਈ ਪੜਾਅ ਤਹਿ ਕਰਦਿਆਂ ਰੋਹਲੀ ਗਰਜ ਦੇ ਇਤਿਹਾਸਕ ਸੰਘਰਸ਼ ਦਾ 102 ਵਾਂ ਦਿਨ ਸੀ। ਅੱਜ ਦੇ ਇਕੱਠ ਨੇ 13 ਜਨਵਰੀ ਨੂੰ ਸੰਘਰਸ਼ੀ ਲੋਹੜੀ ਬਾਲਣ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਮੌਕੇ ਦੁੱਲਾ ਭੱਟੀ ਦੇ ਵਾਰਸਾਂ ਵੱਲੋਂ ਇਸ ਮੌਕੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਪ੍ਰਚੰਡ ਕਰਨ ਦਾ ਅਹਿਦ ਲਿਆ ਜਾਏਗਾ। ਅੱਜ ਪੈਸਟੀਸਾਈਡ ਫਰਟੀਲਾਈਜਰ ਸੀਡ ਫੀਲਡ ਵਰਕਰਜ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਦਾ ਜੱਥਾ ਵੀ ਮੋਰਚੇ ’ਚ ਸ਼ਾਮਲ ਹੋਇਆ। ਅੱਜ ਪਰਮਜੀਤ ਕੌਰ ਠੀਕਰੀਵਾਲ ਦੀ ਅਗਵਾਈ ’ਚ ਸਿਰਫ ਕਿਸਾਨ ਔਰਤਾਂ ਦੇ ਕਾਫਲੇ ਨੇ ਭੁੱਖ ਹੜਤਾਲ ਰੱਖੀ ਜਿਸ ’ਚ ਸੁਰਜੀਤ ਕੌਰ, ਬਲਵੀਰ ਕੌਰ,ਨਸੀਬ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ,ਸਿੰਦਰ ਕੌਰ, ਗੁਰਜੀਤ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ ਆਦਿ ਸ਼ਾਮਲ ਹੋਈਆਂ।
ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਅਮਰਜੀਤ ਕੌਰ, ਜਰਨੈਲ ਸਿੰਘ, ਉਜਾਗਰ ਸਿੰਘ ਬੀਹਲਾ, ਸਾਹਿਬ ਸਿੰਘ ਬਡਬਰ, ਮਾਂ ਨਿਰੰਜਣ ਸਿੰਘ,ਬਾਰਾ ਸਿੰਘ ਬਦਰਾ,ਬਾਬੂ ਸਿੰਘ ਖੁੱਡੀਕਲਾਂ, ਗੁਰਨਾਮ ਸਿੰਘ,ਬਿੱਕਰ ਸਿੰਘ ਔਲਖ ਆਦਿ ਬੁਲਾਰਿਆਂ ਨੇ ਕਿਹਾ ਟਿਕਰੀ ਅਤੇ ਸਿੰਘੂ ਬਾਰਡਰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 26 ਨਵੰਬਰ ਤੋਂ ਪੱਕਾ ਮੋਰਚਾ ਜਮਾਈ ਬੈਠੇ ਹਨ, ਉਹ ਧਰਤੀ ਸਾਂਝੇ ਪੰਜਾਬ ਦੀ ਵਿਰਾਸਤ ਹੈ। ਜੇਕਰ ਪੰਜਾਬ ਦੀ ਧਰਤੀ ਨੂੰ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ, ਚਾਚਾ ਅਜੀਤ ਸਿੰਘ ਸਮੇਤ ਪੈਪਸੂ ਮੁਜਾਰਾ ਲਹਿਰ ਦੀ ਅਗਵਾਈ ਕਰਨ ਵਾਲਿਆਂ ਤੇ ਮਾਣ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਸਾਂਝੇ ਮੋਰਚੇ ਦੀ ’ਤੇ ਫਖਰ ਮਹਿਸੂਸ ਕਰਨਗੀਆਂ। ਇਸੇ ਕਰਕੇ ਅੱਜ ਦਿੱਲੀ ਨੂੰ ਚਹੁੰ ਪਾਸੇ ਤੋਂ ਘੇਰੀ ਬੈਠੇ ਮੋਰਚਿਆਂ ਅਤੇ 102 ਦਿਨਾਂ ਤੋਂ ਮੁਲਕ ਤੇ ਵੱਖੋ-ਵੱਖ ਹਿੱਸਿਆਂ ਵਿੱਚ ਸੈਂਕੜੇ ਥਾਵਾਂ ਉੱਪਰ ਚੱਲ ਰਹੇ ਧਰਨੇ ਹੱਡ ਚੀਰਵੀਂ ਠੰਡ ਦੇ ਬਾਵਜੂਦ ਰੋਹਲੇ ਅੰਗਿਆਰਾਂ ਨਾਲ ਲਗਦੇ ਮਘਦੇ ਰਹੇ।
ਬੁਲਾਰਿਆਂ ਨੇ ਕਿਹਾ ਕਿ ਜਦੋਂ ਅੰਗਰੇਜ਼ੀ ਰਾਜ ਸਮੇਂ ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਉਸ ਸਮੇਂ ਰਾਜੇ ਰਜਵਾੜਿਆਂ ਖਿਲਾਫ ਜਮੀਨਾਂ ਦੀ ਰਾਖੀ ਲਈ ਜੰਗ ਚਲਦੀ ਰਹੀ ਹੈ।ਅੱਜ ਦੇ ਅਡਾਨੀਆਂ-ਅੰਬਾਨੀਆਂ ਦੀ ਸਾਡੀਆਂ ਜਮੀਨਾਂ ਉੱਪਰ ਡਾਕਾ ਮਾਰਨ ਖਿਲਾਫ ਜੂਝਣਾ ਸਾਡੇ ਹਿੱਸੇ ਆਇਆ ਹੈ ਅਤੇ ਉਹ ਖੇਤੀ-ਕਿਸਾਨੀ ਵਿਰੋਧੀ ਕਾਨੂੰਨਾਂ ਅਤੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੱਕ ਲਗਾਤਾਰ ਸੰਘਰਸ਼ ਕਰਦੇ ਰਹਿਣਗੇ। ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਾਰੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੋਹਰੀ ਨੀਤੀ ਤੇ ਚੱਲ ਰਿਹਾ ਹੈ। ਕੇਂਦਰੀ ਖੇਤੀ ਮੰਤਰੀ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਨੂੰ ਦੇਖਦਿਆਂ 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। ਅੱਜ ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ।