ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ)
ਸਾਊਥਾਲ ਦੀ ਹੈਵਲੌਕ ਰੋਡ ਦਾ ਨਾਮ ਬਦਲ ਕੇ ਗੁਰੂ ਨਾਨਕ ਰੋਡ ਰੱਖਿਆ ਜਾ ਚੁੱਕਾ ਹੈ। ਕੌਂਸਲ ਵੱਲੋਂ ਕੋਵਿਡ ਦੇ ਦੌਰ ਵਿੱਚ ਆਪਣੀ ਦਫਤਰੀ ਕਾਰਵਾਈ ਅਨੁਸਾਰ ਆਰਜ਼ੀ ਤੌਰ ‘ਤੇ “ਗੁਰੂ ਨਾਨਕ ਰੋਡ ਸਾਊਥਾਲ” ਲਿਖੀਆਂ ਤਖਤੀਆਂ ਲਗਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੇਅਰ ਤੇ ਮੌਜੂਦਾ ਕੌਂਸਲਰ ਰਾਜਿੰਦਰ ਸਿੰਘ ਮਾਨ ਤੇ ਉਹਨਾਂ ਦੀ ਪਤਨੀ ਕੌਂਸਲਰ ਗੁਰਮੀਤ ਕੌਰ ਮਾਨ ਨੇ ਇਸ ਕਾਰਜ ਲਈ ਆਪਣਾ ਸੁਝਾਅ ਸਭ ਤੋਂ ਪਹਿਲਾਂ ਪੇਸ਼ ਕੀਤਾ ਸੀ। ਸਾਥੀ ਕੌਂਸਲਰਾਂ, ਸਿਆਸੀ ਆਗੂਆਂ ਤੇ ਭਾਈਚਾਰੇ ਦੇ ਲੋਕਾਂ ਵੱਲੋਂ ਇਸ ਸੁਝਾਅ ਨੂੰ ਪ੍ਰਵਾਨ ਕਰਦਿਆਂ ਇਸਨੂੰ ਇੱਕ ਮੁਹਿੰਮ ਵਜੋਂ ਅੱਗੇ ਤੋਰਿਆ ਸੀ। ਕੌਂਸਲਰ ਰਾਜਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਸ਼ੁਰੂ ਕੀਤਾ ਕਾਰਜ ਨੇਪਰੇ ਚੜ੍ਹਨਾ ਹੀ ਸੀ। ਉਹਨਾਂ ਸਮੂਹ ਸੰਗਤ ਦਾ ਦਿਲੀ ਧੰਨਵਾਦ ਕੀਤਾ ਹੈ ਜਿਹਨਾਂ ਨੇ ਇਤਿਹਾਸ ਸਿਰਜਣ ਵਿੱਚ ਸਾਥ ਦਿੱਤਾ ਹੈ ।