
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 9 ਜਨਵਰੀ 2021
ਐਫ ਬੀ ਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੀ ਭੀੜ ਦੁਆਰਾ ਰਾਜਧਾਨੀ ਉੱਤੇ ਕੀਤੇ ਹਿੰਸਕ ਹਮਲੇ ਦੇ ਦੌਰਾਨ , ਇੱਕ ਫੋਟੋ ਰਾਹੀ ਸਾਹਮਣੇ ਆਏ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਦਫ਼ਤਰ “ਚ ਡੈਸਕ ਤੇ ਬੈਠੇ ਹੋਏ ਇੱਕ ਅਰਕਨਸਾਸ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਐਫ ਬੀ ਆਈ ਲਿਟਲ ਰਾਕ ਦੇ ਬੁਲਾਰੇ ਕੌਨੋਰ ਹੇਗਨ ਨੇ ਦੱਸਿਆ ਕਿ ਫੋਟੋ ਵਿਚਲੇ ਰਿਚਰਡ ਬਾਰਨੇਟ ਨਾਮ ਦੇ ਇਸ ਆਦਮੀ ਨੇ ਅਰਕਨਸਾਸ ਦੇ ਬੇਂਟਨਵਿਲ “ਚ ਬੈਂਟਨ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਆਪਣੇ ਆਪ ਨੂੰ ਐਫ ਬੀ ਆਈ ਏਜੰਟਾਂ ਦੇ ਸਪੁਰਦ ਕੀਤਾ ਹੈ ਅਤੇ ਬਾਰਨੇਟ ਨੂੰ ਅਰਕਨਸਾਸ ਵਿੱਚ ਫਾਇਟਵਿਲੇ ਨੇੜੇ ਵਾਸ਼ਿੰਗਟਨ ਕਾਉਂਟੀ ਨਜ਼ਰਬੰਦੀ ਕੇਂਦਰ ਦੀ ਕੈਦ ਵਿੱਚ ਭੇਜਿਆ ਗਿਆ ਹੈ। ਵਾਸ਼ਿੰਗਟਨ ਦੇ ਇੱਕ ਵਕੀਲ ਕੇਨ ਕੋਹਲ ਅਨੁਸਾਰ ਬਾਰਨੇਟ ਉੱਤੇ ਪੈਲੋਸੀ ਦੇ ਦਫ਼ਤਰ ਵਿੱਚ ਦਾਖਲ ਹੋਣ ਲਈ ਦੋਸ਼ ਲਾਇਆ ਗਿਆ ਹੈ, ਜਿੱਥੇ ਉਸਨੇ ਇੱਕ ਨੋਟ ਛੱਡਣ ਦੇ ਨਾਲ ਕੁੱਝ ਮੇਲਾਂ ਨੂੰ ਵੀ ਹਟਾ ਦਿੱਤਾ ਸੀ। 60 ਸਾਲਾਂ ਬਾਰਨੇਟ ਨੂੰ ਤਿੰਨ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਜਿਹਨਾਂ ਵਿੱਚ ਬਿਨਾਂ ਅਧਿਕਾਰ ਦੇ ਇੱਕ ਸੀਮਤ ਇਮਾਰਤ ‘ਚ ਦਾਖਲ ਹੋਣਾ, ਕੈਪੀਟਲ ਦੇ ਮੈਦਾਨਾਂ ਵਿੱਚ ਹਿੰਸਕ ਪ੍ਰਵੇਸ਼ ‘ਤੇ ਵਿਘਨ ਪਾਉਣਾ ਅਤੇ ਜਨਤਕ ਜਾਇਦਾਦ ਜਾਂ ਰਿਕਾਰਡਾਂ ਦੀ ਚੋਰੀ ਕਰਨ ਦੇ ਦੋਸ਼ ਸ਼ਾਮਿਲ ਹਨ । ਜੇਕਰ ਇਹ ਵਿਅਕਤੀ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸਨੂੰ ਸੰਘੀ ਜੇਲ੍ਹ ਵਿੱਚ ਇੱਕ ਸਾਲ ਤੱਕ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਿਫਤਾਰ ਕੀਤਾ ਗਿਆ ਟਰੰਪ ਹਮਾਇਤੀ ਬਾਰਨੇਟ ਉੱਤਰ ਪੱਛਮੀ ਅਰਕਨਸਾਸ ਵਿੱਚ ਇੱਕ ਛੋਟਾ ਸ਼ਹਿਰ ਗ੍ਰੈਵੇਟ ਤੋਂ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸਨੇ ਆਪਣੀ ਪਛਾਣ ਟਰੰਪ ਦੇ ਸਮਰਥਕ ਵਜੋਂ ਕੀਤੀ ਹੈ।