ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਵਿੱਚ ਕੋਰੋਨਾਂ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਮੰਤਵ ਨਾਲ ਲਗਾਈਆਂ ਗਈਆਂ ਪਾਬੰਦੀਆਂ ਦੇ ਦਾਇਰੇ ਨੂੰ ਕੁੱਝ ਹੋਰ ਸੇਵਾਵਾਂ ਤੱਕ ਵਧਾਇਆ ਜਾ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕੋਰੋਨਾਂ ਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਰੂਪ ਦੇ ਡਰ ਕਾਰਨ ਲਾਕਡਾਉਨ ਨੂੰ ਲਾਗੂ ਕਰਨ ਦੇ ਬਾਵਜੂਦ ਸਕਾਟਲੈਂਡ ਦੀ ਸਰਕਾਰ ਅਨੁਸਾਰ ਕਈ ਲੋਕ ਅਜੇ ਵੀ ਆਵਾਜਾਈ ਕਰ ਰਹੇ ਹਨ। ਇਸ ਸੰਬੰਧੀ ਬੋਲਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਦੀ ਹਲਚਲ ਨੂੰ ਘੱਟ ਕਰਨ ਲਈ ਤਾਲਾਬੰਦੀ ਦੇ ਹੋਰ ਉਪਾਵਾਂ ਵਿੱਚ ਕਲਿਕ ਐਂਡ ਕੁਲੈਕਟ ਸੇਵਾਵਾਂ ਨੂੰ ਵੀ ਸੀਮਤ ਕਰਨਾ ਪੈ ਸਕਦਾ ਹੈ। ਇਸ ਵਿੱਚ ਭੋਜਨ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਪਾਬੰਦੀਆਂ ਲਗਾਉਣ ਦੇ ਸੁਝਾਅ ਸ਼ਾਮਿਲ ਨਹੀਂ ਹੋਣਗੇ ਪਰ ਗ਼ੈਰ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਲਈ ਅਜਿਹਾ ਕਰਨਾ ਪੈ ਸਕਦਾ ਹੈ। ਨਿਕੋਲਾ ਸਟਰਜਨ ਵੱਲੋਂ ਟੇਕਵੇਅ ਸੇਵਾਵਾਂ ‘ਤੇ ਬੰਦਿਸ਼ ਲਗਾਉਣ ਦੀ ਗੱਲ ਜੌਨ ਸਵਿੰਨੇ ਦੇ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਹਨਾਂ ਨੇ ਤਾਲਾਬੰਦੀ ਦੇ ਇਸ ਪੜਾਅ ‘ਤੇ ਪਾਬੰਦੀਆਂ ਨੂੰ ਜ਼ਿਆਦਾ ਸਮੇਂ ਤੱਕ ਰੱਖਣ, ਅਤੇ ਨਾ ਹੀ ਹੋਰ ਤਬਦੀਲੀਆਂ ਕਰਨ ਤੋਂ ਇਨਕਾਰ ਕਰ ਸਕਣ ਬਾਰੇ ਕਿਹਾ ਹੈ। ਜਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਪਾਬੰਦੀਆਂ ਦੌਰਾਨ ਵੀ ਬਹੁਤੇ ਲੋਕਾਂ ਦੀਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਚਹਿਲ ਪਹਿਲ ਜਾਰੀ ਹੈ, ਜੋ ਕਿ ਵਾਇਰਸ ਦੇ ਵਾਧੇ ਨੂੰ ਰੋਕਣ ਦੇ ਯਤਨਾਂ ਵਿੱਚ ਅਟਕਲ ਬਣ ਸਕਦੀ ਹੈ। ਇਸ ਲਈ ਸਰਕਾਰ ਵੱਲੋਂ ਹੋਰ ਸਖਤੀ ਦੇ ਰੂਪ ਵਜੋਂ ਟੇਕਵੇਅ ਸੇਵਾਵਾਂ ਵਿਚਲੀ ਮਿਲੀ ਢਿੱਲ ਨੂੰ ਸਖਤ ਕੀਤਾ ਜਾ ਸਕਦਾ ਹੈ।