4.6 C
United Kingdom
Sunday, April 20, 2025

More

    ਕਿਸਾਨੀ ਝੰਡਿਆਂ ਨੇ ਪਿੰਡਾਂ ’ਚ ਖੇਤੀ ਕਾਨੂੰਨਾਂ ਖਿਲਾਫ ਮਹੌਲ ਭਖਾਇਆ

    ਅਸ਼ੋਕ ਵਰਮਾ
    ਬਠਿੰਡਾ,5 ਜਨਵਰੀ2021:ਬਠਿੰਡਾ ਦੇ ਪਿੰਡਾਂ ’ਚ ਕਿਸਾਨੀ ਝੰਡਿਆਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਮਹੌਲ ਭਖਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ’ਚ ਚੱਲ ਰਹੇ ਕਿਸਾਨ ਮੋਰਚੇ ਦਾ ਅਸਰ ਹੈ ਕਿ ਪਿੰਡਾਂ ’ਚ ਨਾਂ ਕੇਵਲ ਕਿਸਾਨ ਪ੍ਰੀਵਾਰਾਂ ਬਲਕਿ ਖੇਤ ਮਜਦੂਰਾਂ ਅਤੇ ਦੁਕਾਨਦਾਰਾਂ ਵੱਲੋਂ ਘਰਾਂ ਤੇ ਕਿਸਾਨ ਯੂਨੀਅਨ ਦੇ ਝੰਡੇ ਲਾਉਣਾ ਮਾਣ ਜਿਹਾ ਬਣ ਗਿਆ ਹੈ। ਪਿੰਡ ਝੁੰਬਾ ’ਚ ਤਾਂ ਕਿਸਾਨ ਜੱਥੇਬੰਦੀ ਨੂੰ ਪਿੰਡ ਵਾਸੀਆਂ ਦੀ ਮੰਗ ਤੇ ਮੁਹਿੰਮ ਛੇੜਨੀ ਪਈ ਹੈ। ਜਾਣਕਾਰੀ ਅਨੁਸਾਰ ਇਹ ਕਿਸਾਨ ਜੱਥੇਬੰਦੀ ਹੁਣ ਤੱਕ 50 ਹਜਾਰ ਤੋਂ ਵੱਧ ਨਵੇਂ ਝੰਡੇ ਖਰੀਦ ਚੁੱਕੀ ਹੈ ਜਦੋਂਕਿ ਏਨੇ ਹੀ ਬੈਜ ਖਰੀਦੇ ਜਾ ਚੁੱਕੇ ਹਨ ਫਿਰ ਵੀ ਕੇਰਜ਼ ਨਹੀਂ ਘਟਿਆ ਹੈ।
                               ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁੰਨ ਹੁਣ ਘਰ ਘਰ ਜਾਕੇ ਕਿਸਾਨੀ ਝੰਡੇ ਲਾਉਣ ’ਚ ਜੁਟੇ ਹੋਏ ਹਨ। ਪਿਡ ਵਾਸੀ ਤੇ ਯੂਨੀਅਨ ਦਾ ਸੀਨੀਅਰ ਆਗੂ ਜਗਸੀਰ ਸਿੰਘ ਟਿਵਾਣਾ ਦੱਸਦਾ ਹੈ ਕਿ ‘ਦਿੱਲੀ ਘੋਲ’ ਨੇ ਸੰਘਰਸ਼ ਦੀ ਇੱਕ ਨਿਵੇਕਲੀ ਸੁਰ ਛੇੜ ਦਿੱਤੀ ਹੈ ਅਤੇ ਆਮ ਲੋਕ ਕਿਸਾਨੀ ਦੀ ਹੇਕ ਲਾਉਣ ਲੱਗੇ ਹਨ। ਉਹਨਾਂ ਦੱਸਿਆ ਕਿ ਕਿਸਾਨ ਅੰਦੋਲਨ ਸਿਆਸੀ,ਜਾਤ ਪਾਤ ਅਤੇ ਧਰਮਾਂ ਦੀਆਂ ਵਲਗਣਾਂ ਤੋਂ ਆਜ਼ਾਦ ਹੋਕੇ ਹੁਣ ਲੋਕ ਘੋਲ ਬਣ ਗਿਆ ਹੈ। ਉਹਨਾਂ ਦੱਸਿਆ ਕਿ ਪਿੰਡਾਂ ਦੇ ਆਮ ਲੋਕਾਂ ’ਚ ਝੰਡਿਆਂ ਦੀ ਵੱਡੀ ਮੰਗ ਉੱਠੀ ਹੈ। ਉਹਨਾਂ ਦੱਸਿਆ ਕਿ  ਇਹ ਹੀ ਨਹੀਂ ਕਿ ਸਭ ਦੀ ਟੇਕ ਜੱਥੇਬੰਦੀ ਤੇ ਹੈ , ਬਹੁਤੇ ਲੋਕ ਖੁਦ ਵੀ ਝੰਡਾ ਬਣਵਾ ਰਹੇ ਹਨ।
                       ਉਹਨਾਂ ਦੱਸਿਆ ਕਿ ਝੰਡਿਆਂ ਤੇ ਬੈਜਾਂ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ ਅਤੇ ਦਿੱਲੀ ਮੋਰਚੇ ਮਗਰੋਂ ਝੰਡਿਆਂ ਦੀ ਮੰਗ ਸਿਖਰ ’ਤੇ ਜਾ ਪੁੱਜੀ ਹੈ। ਸਰਬ ਸਾਂਝੇ ਘੋਲ ਵਿਚ ਹੁਣ ਨਾਇਕ ਕਿਸਾਨ ਹੈ ਜੋ ਸਭ ਕੁੱਝ ਪਿੱਛੇ ਛੱਡ ਮੋਦੀ ਸਰਕਾਰ ਖਿਲਾਫ ਡਟਿਆ ਹੋਇਆ ਹੈ। ਲੋਕ ਆਖਦੇ ਹਨ ਕਿ ਉਹਨਾਂ ਲਈ ਕਿਸਾਨੀ ਦੀ ਭਾਸ਼ਾ ਅਹਿਮ ਹੈ ਕਿਉਂਕਿ ਹੁਣ ਕਿਸਾਨ ਘੋਲ ਜਿੰਦਗੀ ਤੇ ਮੌਤ ਦਾ ਸਵਾਲ ਬਣ ਗਿਆ ਹੈ। ਮਹੱਤਵਪੂਰਨ ਪਹਿਲੂ ਹੈ ਕਿ ਹੁਣ ਕੁੱਝ ਹੋਰ ਦਿਖਾਈ ਦੇਵੇ ਨਾਂ ਦੇਵੇ ਕਿਸਾਨੀ ਝੰਡਿਆਂ ਦੀ ਭਰਮਾਰ ਜਰੂਰ ਨਜ਼ਰੀ ਪੈਣ ਲੱਗੀ ਹੈ ਜੋ ਬਦਲੇ ਦਿਨਾਂ ਦੇ ਸੰਕੇਤ ਹਨ। ਉਹਨਾਂ ਆਖਿਆ ਕਿ ਅੰਤ ਨੂੰ ਮੋਦੀ ਸਰਕਾਰ ਨੂੰ ਲੋਕ ਏਕੇ ਅੱਗੇ ਝੁਕਣਾ ਹੀ ਪੈਣਾ ਹੈ।
                          ਕਿਸਾਨੀ ਝੰਡਿਆਂ ਤੇ ਬੈਜਾਂ ਦੀ ਮੰਗ ਵਧੀ
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਪਿੰਡਾਂ ’ਚ ਹਰ ਵਰਗ ਝੰਡਿਆਂ ਅਤੇ ਬੈਜਾਂ ਦੀ ਮੰਗ ਕਰ ਰਿਹਾ ਹੈ ਜਦੋਂਕਿ ਔਰਤਾਂ ਨੇ  ਅੰਦੋਲਨ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਕੇਸਰੀ ਚੁੰਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨ, ਮਜਦੂਰ,ਦੁਕਾਨਦਾਰ ਅਤੇ ਕਿਰਤੀ ਵਰਗ ਇਕੱਠੇ ਹੋ ਤੁਰੇ ਹਨ ਜਿਸ ਕਰਕੇ ਮੋਦੀ ਸਰਕਾਰ ਨੂੰ ਵੇਲਾ ਵਿਚਾਰ ਲੈਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ  ਪਿੰਡਾਂ ਦੇ ਨੌਜਵਾਨ ਸੰਘਰਸ਼ੀ ਲਹਿਰ ਵਿਚ ਕੁੱਦੇ ਹੋਏ ਹਨ ਜੋ ਪਹਿਲਾਂ ਧਰਨਿਆਂ ਮੁਜਾਹਰਿਆਂ ਤੋਂ ਪਾਸਾ ਵੱਟਦੇ ਸਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਗਲੀਆਂ ’ਚ ਇਨਕਲਾਬੀ ਗੀਤ ਗਾਏ ਜਾ ਰਹੇ ਹਨ ਅਤੇ ਕੋਠਿਆਂ  ਝੰਡਿਆਂ ਦਾ ਹੜ ਦਿਸਣ ਲੱਗਿਆ ਹੈ।
                   ਸੰਘਰਸ਼ ਨੇ ਨਵੇਂ ਰਾਹ ਖੋਹਲੇ: ਡਾ ਅਜੀਤਪਾਲ ਸਿੰਘ
    ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨ ਨੇ ਸਮਾਜਿਕ ਤਾਣੇ ਬਾਣੇ ਲਈ ਨਵੇਂ ਰਾਹ ਖੋਹਲ ਦਿੱਤੇ ਹਨ ਅਤੇ ਹਰ ਕਿਸੇ ਨੂੰ  ਇਹ ਆਪਣਾ ਘੋਲ ਜਾਪਣ ਲੱਗਿਆ ਹੈ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਨੇ  ਲੰਮੇਰੇ ਸਮਾਜਿਕ ਤੇ ਸਭਿਆਚਾਰਕ ਪ੍ਰਭਾਵ ਪਾਉਣੇ ਹਨ ਕਿਉਂਕਿ ਸਮਾਜ ਦੇ ਹਰ ਵਰਗ ਨੂੰ  ਇੱਕ ਦਿਸ਼ਾ ਮਿਲੀ ਹੈ। ਉਹਨਾਂ ਕਿਹਾ ਕਿ ਭਾਈਚਾਰਕ ਸਾਂਝ ਪੀਡੀ ਹੋਈ ਹੈ ਤੇ ਇਸ ’ਚ ਹੋਰ ਵੀ ਵਾਧਾ ਹੋਵੇਗਾ ਅਤੇ ਸਭ ਵਰਗਾਂ ’ਚ ਪਈ ਖਾਈ ਭਰੀ ਜਾਵੇਗੀ।
                  ਹਰ ਵਰਗ ਨੂੰ ਸੋਝੀ ਆਈ:ਬੁਰਜਸੇਮਾਂ
    ਭਾਰਤੀ ਕਿਸਾਨ ਯੂਨੀਅਨ ਉਗਰਾਹਾਂ  ਦਾ ਪ੍ਰਚਾਰ ਸਕੱਤਰ ਜਸਬੀਰ ਸਿੰਘ ਬੁਰਜਸੇਮਾਂ ਆਖਦਾ ਹੈ ਕਿ ਕਿਸਾਨੀ ਸੰਘਰਸ਼ ਨੇ ਹਰ ਵਰਗ ਨੂੰ ਇਹਨਾਂ ਪੰਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮਹੱਤਤਾ ਅਤੇ ਮਾੜੇ ਪ੍ਰਭਾਵਾਂ ਦੀ ਸੋਝੀ ਲਿਆ ਦਿੱਤੀ ਹੈ ਜਿਸ ਕਰੇ ਆਮ ਲੋਕ ਅੰਦੋਲਨ ਨਾਲ ਜੁੜ ਰਹੇ ਹਨ। ਉਹਨਾਂ ਆਕਿ ਹੁਣ ਤਾਂ ਪਿੰਡਾਂ ਅਤੇ ਸ਼ਹਿਰਾਂ ਚੋਂ ਇਹ ਅਵਾਜ ਆਉਣ ਲੱਗੀ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਰਿਵਾਰ ਵੀ ਸੜਕਾਂ ’ਤੇ ਬਿਠਾਉਣੇ ਪਏ ਤਾਂ ਬੱਚਿਆਂ ਨੂੰ ਵੀ ਲੈ ਆਵਾਂਗੇ ਪਰ ਆਖਰ ਤੱਕ ਲੜਾਂਗੇ। ਉਹਨਾਂ ਆਖਿਆ ਕਿ  ਕਦੇ ਸੜਕਾਂ ’ਤੇ ਅਤੇ ਕਦੇ ਰੇਲ ਮਾਰਗਾਂ ’ਤੇ ਅਤੇ ਗਰਮੀ ਸਰਦੀ ਕਿਸਾਨਾਂ ਨੇ ਪਿੰਡੇ ਤੇ ਹੰਢਾਈ ਹੈ। ਉਹਨਾਂ ਆਖਿਆ ਕਿ ਹੁਣ ਤਾਂ ਹਰ ਤਰਾਂ ਦਾ ਤਿੱਥ ਤਿਉਹਾਰ ਕਿਸਾਨ ਅੰਦੋਲਨ ਵਿਚ ਮਨਾਉਣ ਵਾਲੇ ਕਿਸਾਨਾਂ ਦੀ ਕੋਈ ਕਮੀ ਨਹੀਂ ਜਿਹਨਾਂ ਦਾ ਸਿਰੜ ਕੇਂਦਰ ਨੂੰ ਮੋੜਾ ਪਾਉਣ ਲਈ ਮਜਬੂਰ ਕਰੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!