
ਅਮਨਦੀਪ ਮਾਛੀਕੇ
ਦੇਸ਼ ਕੋਈ ਹੋਰ ਤੇ, ਬਸ਼ਿੰਦੇ ਕੋਈ ਹੋਰ ਨੇ,
ਮਾਲਕ ਨੇ ਹੋਰ ਤੇ, ਕਰਿੰਦੇ ਕੋਈ ਹੋਰ ਨੇ।
ਦੇਸ਼ ਕੋਈ ਹੋਰ …………………..!
ਭੀੜ ਬੜੀ ਮੂਲ਼ੇ, ਕਿਰਪਾਲਿਆਂ ਨਵਾਬਾਂ ਦੀ,
ਅਮਰੇ ਗਦਾਰਾਂ, ਗੰਗੂ ਜਿਹਾਂ ਦੇ ਔਲਾਦਾਂ ਦੀ,
ਔਰੰਗਿਆਂ ਨਾ ਭਿੜਦੇ, ਗੋਬਿੰਦੇ ਕੋੋਈ ਹੋਰ ਨੇ ।
ਦੇਸ਼ ਕੋੋਈ ਹੋਰ ਤੇ …………..!
ਥੋਡੇ ਜਦੋਂ ਜੰਮਦੇ, ਮੁਨਾਫ਼ਿਆਂ ਨੂੰ ਜੰਮਦੇ,
ਜੁੱਤੀ – ਜੋੜੇ ਪਾਉਂਦੇ ਨੇ, ਸਵਾਕੇ ਸਾਡੇ ਚੰਮ ਦੇ ।
ਬਾਡਰਾਂ ‘ਤੇ ਬੈਠੇ ਪੁੱਤ, ਛਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ ਤੇ ………………!
— ਹਾਕਮ ਪਿਆਦੇ ਬਸ ਹੁਕਮ ਵਜਾਂਵਦੇ,
ਲੁੱਟ ਕੇ ਲੋਕਾਈ, ਰੱਖ ਚਰਨਾਂ ‘ਚ ਆਂਵਦੇ।
ਪਰਦੇ ਦੇ ਪਿਛਲੇ ਦਰਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ ……..!
— ਕੰਮੀਆਂ ਦੇ ਵਿਹੜਿਆਂ ਦੇ ਸੂਰਜਾਂ ਨੇ ਮਘਣਾ,
ਹਾਲੇ ਜਾਗ ਮਿੱਲਾਂ – ਕਾਰਖਾਨਿਆਂ ਨੂੰ ਲੱਗਣਾ ।
ਕੈਦ ਨਹੀਓਂ ਹੁੰਦੇ ਇਹ ਪਰਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ …………..!
— ਕਲਮਾਂ – ਕਲਾਵਾਂ, ਲੋਕ – ਹੇਕਾਂ ਲਾਉਣ ਵਾਲੜੇ,
ਰੰਗਮੰਚ ਮੋਇਆਂ ਵਿੱਚ ਜਾਨ ਪਾਉਣ ਵਾਲੜੇ ।
ਹੋਣ ਨਾ ਜਮੂਰੇ, ਇਹ ਸਾਜਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ ………………!
— ਰਾਜਭਾਗ ਚੰਦਰੇ ਨੂੰ ਖ਼ਾਕਸਾਰ ਚਾਹੀਦੇ,
ਸਿਰਾਂ ਤੋਂ ਵਿਹੂਣੇ ਥੋਥੇ, ਜੈ – ਜੈ ਕਾਰ ਚਾਹੀਦੇ ।
ਦੁੱਲਿਆਂ ਦੇ ਵੀਰ ਇਹ ਚੁਣਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ ਤੇ …………….!
— ਮੁੱਕ ਜਾਣੀ ਕਾਲ਼ੀ – ਬੋਲ਼ੀ ਰਾਤ ਬਹੁਤੀ ਦੇਰ ਨੀ,
ਢਾਰਿਿਆਂ ‘ਚ ਚੜ੍ਹ ਜਾਣੀ ਸੁਰਖ਼ ਸਵੇਰ ਨੀ ।
ਚਾਨਣਾਂ ਦੇ ਵਾਰਸ ਸੁਣਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ ਤੇ ਬਸ਼ਿੰਦੇ ਕੋਈ ਹੋਰ ਨੇ,
ਮਾਲਕ ਨੇ ਹੋਰ ਤੇ, ਕਰਿੰਦੇ ਕੋਈ ਹੋਰ ਨੇ ।
ਦੇਸ਼ ਕੋਈ ਹੋਰ …………!