



ਅਸ਼ੋਕ ਵਰਮਾ
ਬਰਨਾਲਾ,5 ਜਨਵਰੀ2021: ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਸੰਘਰਸ਼ ਦੌਰਾਨ ਅੱਜ ਪਾਵਰਕਾਮ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਕਾਫਲੇੇ ਨਾਲ ਕਿਸਾਨ ਘੋਲ ’ਚ ਸ਼ਮੂਲੀਅਤ ਕੀਤੀ ਅਤੇ 30 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਅੱਜ ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਭਗਵੰਤ ਸਿੰਘ, ਸਿੰਦਰ ਸਿੰਘ, ਬਿੱਕਰ ਸਿੰਘ, ਧਰਮ ਸਿੰਘ, ਜਸਵੀਰ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ, ਭੋਲਾ ਸਿੰਘ, ਕਿ੍ਰਸ਼ਨ ਸਿੰਘ, ਮਿੱਠੂ ਸਿੰਘ, ਭੋਲਾ ਸਿੰਘ, ਮੱਖਣ ਸਿੰਘ, ਜਿਉਣ ਸਿੰਘ ਸ਼ਾਮਿਲ ਹੋਏ। ਭੁੱਖ ਹੜਤਾਲੀ ਕਾਫਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਕਿਸਾਨ ਭੈਣੀ ਜੱਸਾ ਪਿੰਡ ਨਾਲ ਸਬੰਧਤ ਸਨ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਉਜਾਗਰ ਸਿੰਘ ਬੀਹਲਾ, ਕਰਨੈਲ ਸਿੰਘ ਗਾਂਧੀ, ਮਾ. ਨਿਰੰਜਣ ਸਿੰਘ, ਗੁਰਚਰਨ ਸਿੰਘ ਸਰਪੰਚ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ ਆਦਿ ਬੁਲਾਰਿਆਂ ਨੇ ਬਿਜਲੀ ਬੋਰਡ (ਹੁਣ ਪਾਵਰਕਾਮ) ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪਾਵਰਕਾਮ ਦੇ ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਸੰਬੋਧਨ ਕਰਦਿਆਂ ਪਿਆਰਾ ਲਾਲ, ਸ਼ਿੰਦਰ ਧੌਲਾ, ਮਹਿੰਦਰ ਸਿੰਘ ਕਾਲਾ ਅਤੇ ਪਿਆਰਾ ਸਿੰਘ ਨੇ ਮੋਦੀ ਹਕੂਮਤ ਦੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਕਿਸਾਨੀ ਉੱਪਰ ਬੋਲੇ ਹੱਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚੱਲ ਰਹੇ ਸਾਂਝੇ ਸੰਘਰਸ਼ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਆਗੂਆਂ ਕਿਹਾ ਕਿ ਪਾਵਰਕਾਮ ਦੇ ਪੈਨਸ਼ਨਰ ਦਿੱਲੀ ਵਿਖੇ ਟਿੱਕਰੀ ਅਤੇ ਸਿੰਘੂ ਬਾਰਡਰ ਉੱਪਰ ਚੱਲ ਰਹੇ ਮੋਰਚੇ ਵਿੱਚ ਵੀ ਆਪਣਾ ਯੋਗਦਾਨ ਪਾ ਚੁੱਕੇ ਹਨ।
ਬੁਲਾਰਿਆਂ ਨੇ ਮੋਦੀ ਹਕੂਮਤ ਨੂੰ ਦੋਹਰੇ ਪੈਮਾਨਿਆਂ ਬਦਲੇ ਨਿਸ਼ਾਨਾ ਬਣਾਇਆ ਅਤੇ ਆਖਿਆ ਕਿ ਇੱਕ ਪਾਸੇ ਸਾਂਝੇ ਕਿਸਾਨ ਮੋਰਚੇ ਦੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਇਹੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦਰਸਾਉਣ ਦਾ ਰਾਗ ਅਲਾਪ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀ ਦੋਹਰੀ ਨੀਤੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਤਿੱਖੇ ਸਾਂਝੇ ਕਿਸਾਨ-ਲੋਕ ਸੰਘਰਸ਼ ਦੀ ਧਾਰ ਮੋਦੀ ਹਕੂਮਤ ਕੋਲੋਂ ਝੱਲ ਨਹੀਂ ਹੋਣੀ ਕਿਉਂਕਿ ਇਹ ਲੋਕਤਾਂ ਦਾ ਹੜ ਹੈ , ਜਿਸ ਨੂੰ ਰੋਕਸਕਣਾ, ਡਰਾਉਣਾ, ਧਮਕਾਉਣਾ ਉਕਸਾਉਣਾ, ਥਿੜਕਾਉਣਾ, ਭਰਮਾਉਣਾ ਮੋਦੀ ਹਕੂਮਤ ਜਾਂ ਅਡਾਨੀਆਂ-ਅੰਭਾਨੀਆਂ ਦੇ ਵੱਸ ਦੀ ਗੱਲ ਨਹੀਂ।
ਆਗੂਆਂ ਕਿਹਾ ਕਿ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਸੰਗਰਾਮ ਦੇ ਰਣ ਤੱਤੇ ਮੈਦਾਨ’ਚ ਨਾਲ ਲੈਂਦਿਆਂ ਖੇਤੀ ਵਿਰੋਧੀ ਕਾਨੂੰਨ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਅਤੇ ਸਾਰੀਆਂ ਫਸਲਾਂ ਦੀ ਘੱਟੋ-ਘੱਟ ਕੀਮਤ ਉੱਪਰ ਖ੍ਰੀਦ ਦੀ ਗਰੰਟੀ ਕਰਨ ਦੀ ਅਹਿਮ ਬੁਨਿਆਦੀ ਮੰਗ ਦੀ ਪ੍ਰਾਪਤੀ ਲਈ ਵਿਸ਼ਾਲ ਅਧਾਰ ਵਾਲਾ ਜੁਝਾਰੂ ਪਿਰਤਾਂ ਪਾਉਣ ਵਾਲਾ ਸੰਘਰਸ਼ ਜਾਰੀ ਰੱਖਣਾ ਹੋਵੇਗਾ। ਇਹੀ ਸਾਂਝਾ ਸੰਘਰਸ਼ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਲਾਗੂ ਕਰਨ ਕਰਨ ਲਈ ਮਜਬੂਰ ਕਰੇਗਾ। ਬੁਲਾਰਿਆਂ ਸਭਨਾਂ ਤਬਕਿਆਂ ਨੂੰ ਵੱਡੀ ਗਿਣਤੀ ਵਿੱਚ ਇਸੇ ਤਰਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਤਾਰਤਾ ਬਣਾਏ ਰੱਖਣ ਦੀ ਜੋਰਦਾਰ ਅਪੀਲ ਕੀਤੀ।
ਉਹਨਾਂ ਕਿਹਾ ਕਿ 7ਜਨਵਰੀ ਤੋਂ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮਨਾਉਂਦਿਆਂ13ਜਨਵਰੀ ਨੂੰ ਦੁੱਲੇ ਭੱਟੀ ਦੇ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ ਅਤੇ ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਹੋਰ ਵਧੇਰੇ ਜਰਬਾਂ ਦਿੱਤੀਆਂ ਜਾਣਗੀਆਂ।ਉਹਨਾਂ ਦੱਸਿਆ ਕਿ 23ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ ਅਤੇ 26ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਉਣ ਦੀ ਰਣਨੀਤੀ ਘੜੀ ਗਈ ਹੈ।
ਅੱਜ ਦੇ ਧਰਨੇ ਨੂੰ ਦਰਸ਼ਨ ਸਿੰਘ ਉੱਗੋਕੇ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਹਰਚਰਨ ਸਿੰਘ ਚੰਨਾ, ਮੇਜਰ ਸਿੰਘ ਸੰਘੇੜਾ, ਅੰਗਰੇਜ ਸਿੰਘ ਭੱਟੀ, ਭੋਲਾ ਸਿੰਘ ਕਰਮਗੜ ਨੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੂੰ ਪਿੰਡਾਂ ਵਿੱਚ ਅਗਲੇ ਸੰਘਰਸਾਂ ਦੀ ਤਿਆਰੀ ਲਈ ਜੁਟ ਜਾਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਪਿੱਛੇ ਦਰਸਾਏ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਲਈ ਤਿਆਰੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਹਨਾਂ ਨੂੰ ਸਮਾਜ ਦੇ ਸਭ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।