
(ਹਰਜੀਤ ਲਸਾੜਾ, ਬ੍ਰਿਸਬੇਨ 5 ਜਨਵਰੀ) ਕੋਵਿਡ-19 ਦੇ ਦੋ ਨਵੇਂ ਬਦਲਾਅ ਅਤੇ ਆਸਟ੍ਰੇਲਿਆਈ ਤੱਟਾਂ ਉੱਤੇ ਇਸ ਨਵੀਂ ਲਾਗ ਦੀ ਦਸਤਕ ਦੇ ਚੱਲਦਿਆਂ ਸਰਕਾਰ ਨੇ ਸੂਬਾ ਵਿਕਟੋਰੀਆ ਤੋਂ ਵਾਪਸ ਪਰਤ ਰਹੇ ਕੁਈਨਜ਼ਲੈਂਡ ਦੇ ਲੋਕਾਂ ਨੂੰ ਕਰੋਨਾ ਵਾਇਰਸ ਟੈਸਟ ਕਰਵਾਉਣ ਲਈ ਕਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਅਗਰ ਕੋਈ 21 ਦਸੰਬਰ ਨੂੰ ਜਾਂ ਉਸ ਤੋਂ ਬਾਅਦ ਵਿਕਟੋਰੀਆ ਵਿੱਚ ਰਿਹਾ ਹੈ ਅਤੇ ਸੂਬਾ ਕੁਈਨਜ਼ਲੈਂਡ ਆ ਰਿਹਾ ਹੈ ਉਸਨੂੰ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ। ਵਿਭਾਗ ਵੱਲੋਂ ਟੈਸਟ ਦਾ ਨਤੀਜਾ ਆਉਣ ਤੱਕ ਸੰਬੰਧਿਤ ਨੂੰ ਘਰ ਵਿਚ ਹੀ ਅਲੱਗ ਰਹਿਣ ਲਈ ਹਦਾਇਤ ਦਿੱਤੀ ਗਈ ਹੈ। ਇਸ ਵਿਭਾਗੀ ਚਿਤਾਵਨੀ ਤੋਂ ਬਾਅਦ ਸੈਂਕੜੇ ਕੁਈਨਜ਼ਲੈਂਡ ਵਾਸੀਆਂ ਨੇ ਬ੍ਰਿਸਬੇਨ ਅਤੇ ਗੋਲਡ ਕੋਸਟ ਸ਼ਹਿਰ ‘ਚ ਸਖ਼ਤ ਗਰਮੀ ‘ਚ ਟੈਸਟਿੰਗ ਕਲੀਨਿਕਾਂ ਦੇ ਬਾਹਰ ਲੰਬੀਆਂ ਕਤਾਰਾਂ ਲਗਾਉਂਦਿਆਂ ਘੰਟਿਆਂ ਬੱਧੀ ਇੰਤਜ਼ਾਰ ਤੋਂ ਬਾਅਦ ਕੋਵਿਡ -19 ਟੈਸਟ ਕਰਵਾਏ। ਸਿਹਤ ਮੰਤਰੀ ਰੋਸ ਬੇਟਸ ਨੇ ਕਿਹਾ, “ਅਸੀਂ ਦੇਖ ਰਹੇ ਹਾਂ ਕਿ ਕੋਈ ਵਿਅਕਤੀ ਟੈਸਟ ਕਰਵਾਉਣ ਤੋਂ ਬਿਨਾਂ ਨਾ ਰਹਿ ਜਾਵੇ।” ਮੁੱਖ ਸਿਹਤ ਅਫਸਰ ਡਾ. ਜੀਨੈੱਟ ਯੰਗ ਨੇ ਕਿਹਾ ਕਿ ਸਿਹਤ ਅਧਿਕਾਰੀ ਕਰੋਨਾ ਟੈਸਟ ਦੀ ਮੰਗ ਨੂੰ ਪੂਰਾ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਕਲੀਨਿਕ ਖੋਲ੍ਹਣ ਲਈ ਤਤਪਰ ਹਨ। ਸੂਬੇ ਵਿਚ ਹੁਣ ਕਰੋਨਾ ਵਾਇਰਸ ਦੇ 17 ਸਰਗਰਮ ਮਾਮਲੇ ਹਨ। ਬੀਤੇ 24 ਘੰਟਿਆਂ ਵਿਚ ਕੁਈਨਜ਼ਲੈਂਡ ਵਿੱਚ 6,296 ਦੇ ਕਰੀਬ ਟੈਸਟ ਕੀਤੇ ਗਏ ਹਨ। ਗੌਰਤਲਬ ਹੈ ਕਿ ਕਰੋਨਾ ਦੇ ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ ਹਨ ਅਤੇ ਉਨ੍ਹਾਂ ਨੂੰ ਹੋਟਲ ‘ਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।