ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

ਲੰਬੜਾਂ ਦੇ ਬਲਕਾਰੇ ਦਾ ਪੋਤਾ ਗੁਰਦਿੱਤ ਰੋਜਾਨਾ ਦੀ ਤਰਾਂ ਆਪਣੇ ਪਿੰਡ ਦੇ ਸਕੂਲ ਪੜਦੇ ਸਾਥੀਆਂ ਨਾਲ ਵੱਡੀ ਗਰਾਉਂਡ ਚ ਖੇਡਣ ਚਲਾ ਗਿਆ। ਉਮਰ ਚ ਭਾਵੇਂ ਹਾਲੇ ਛੋਟਾ ਹੀ ਸੀ ਪਰ ਸੋਚ ਵੱਡੀ ਰੱਖਣ ਕਰਕੇ ਉਹ ਕੋਈ ਨਾ ਕੋਈ ਵਿਉਂਤ ਨਿੱਤ ਬਣਾਈ ਰੱਖਦਾ। ਦੇਸ਼ ਭਗਤੀ ਦੀ ਭਾਵਨਾ ਆਪਣੇ ਦਾਦੇ ਵਾਂਗ ਗੁਰਦਿੱਤ ਚ ਬਹੁਤ ਸੀ, ਇਸੇ ਕਰਕੇ ਉਹ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਪਾਏ ਪੂਰਨਿਆਂ ਤੇ ਚੱਲਣ ਨੂੰ ਤਰਜੀਹ ਦਿੰਦਾ ਸੀ। ਸਕੂਲੋਂ ਛੁੱਟੀ ਕਰਕੇ ਪੜ੍ਹਾਈ ਦਾ ਸਕੂਲੋਂ ਮਿਲਿਆ ਕੰਮ ਕਰਨ ਤੋਂ ਬਾਅਦ ਬਾਪੂ ਨਾਲ ਖੇਤਾਂ ਚ ਹੱਥ ਵਟਾਉਣ ਚਲੇ ਜਾਇਆ ਕਰਦਾ, ਪਰ ਉਸ ਦੇ ਮਨ ਹੀ ਮਨ ਚ ਕੁਝ ਕਰ ਕੇ ਵਿਖਾਉਣ ਵਾਲੀ ਸੋਚ ਉਸ ਨੂੰ ਟਿਕ ਕੇ ਨਾ ਬਹਿਣ ਦਿੰਦੀ। ਖੂਨ ਪਸੀਨੇ ਨਾਲ ਮਿਹਨਤ ਕਰਦੇ ਬਾਪੂ ਨੂੰ ਦੇਸੀ ਬਲਦਾਂ ਨਾਲ ਹਲ ਵਾਉੰਦਾ ਵੇਖ ਗੁਰਦਿੱਤ ਨੂੰ ਹਮੇਸ਼ਾਂ ਇਹੀ ਸੋਚ ਔੜਦੀ ਕਿ ਘਰ ਦੀ ਗਰੀਬੀ ਵੀ ਦੂਰ ਕਰਨੀ ਤੇ ਬਾਪੂ ਵਾਂਗ ਮਿਹਨਤੀ ਬਣ ਹੱਕ ਦੀ ਕਮਾ ਕੇ ਹੀ ਖਾਣੀ। ਮਿੱਟੀ ਨਾਲ ਮਿੱਟੀ ਹੋ ਕੇ ਆਏ ਗੁਰਦਿੱਤ ਤੇ ਉਸਦਾ ਬਾਪੂ ਜਦ ਘਰੇ ਵਾਪਸ ਪਰਤ ਰਹੇ ਸੀ ਤਾਂ ਪਿੰਡ ਦੀ ਸੱਥ ਚ ਬੋਹੜ ਦੇ ਹੇਠਾਂ ਬੈਠੇ ਪਤਵੰਤਿਆਂ ਨੂੰ ਗੱਲਾਂ ਕਰਦਿਆਂ ਸੁਣਿਆ ਤੇ ਕਹਿ ਰਿਹੇ ਸੀ ਕਿ ਹੁਣ ਵੱਡੀਆਂ ਕੰਪਨੀਆਂ ਦੀ ਪੰਜਾਬ ਦੀਆਂ ਜਮੀਨਾਂ ਤੇ ਅੱਖ ਏ! ਅਖੇ ਪਹਿਲਾਂ ਨੌਕਰੀਆਂ ਪ੍ਰਾਈਵੇਟ ਕਰਕੇ ਸਾਡੇ ਪੜੇ ਲਿਖੇ ਧੀਆਂ ਪੁੱਤ ਸੜਕਾਂ ਤੇ ਰੋਲ ਦਿੱਤੇ ਤੇ ਹੁਣ ਜੋ ਰੋਟੀ ਟੁੱਕ ਸਾਡਿਆਂ ਘਰਾਂ ਚ ਪੱਕਦੈ ਉਸ ਤੇ ਵੀ ਹਾਕਮਾਂ ਦੀ ਅੱਖ ਏ ਸਾਡਾ ਹੱਕ ਸਾਡੇ ਹੀ ਅਨਾਜ ਤੇ ਨਹੀਂ ਰਹਿਣਾ ਵੀਰੀਓ ਅੰਨਦਾਤਾ ਰੁਲ ਜਾਣਾ । ਗੁਰਦਿੱਤ ਦੇ ਇਹ ਗੱਲਾਂ ਜਿਵੇਂ ਦਿਲ ਚ ਘਰ ਕਰ ਗਈਆਂ ਹੋਣ। ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਲਈ ਪਿਛਲੇ ਕੁਝ ਕੁ ਦਿਨਾਂ ਤੋਂ ਗੁਰਦਿੱਤ ਦੇ ਪਿੰਡਾਂ ਨੇੜਿਓ ਸੜਕਾਂ ਤੇ ਰੇਲਾਂ ਜਾਮ ਕਰਨ ਵਾਲਿਆਂ ਦੀਆਂ ਟਰਾਲੀਆਂ ਭਰ ਕੇ ਰੋਸ ਮੁਜਾਹਰੇ ਕਰਨ ਜਾਂਦੀਆਂ ਸੀ ਜਿਥੇ ਗੁਰਦਿੱਤ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀ ਦੇ ਮੋਹਰੀ ਨਾਲ ਗੱਲਬਾਤ ਕਰਕੇ ਸਟੇਜ ਤੇ ਜਾ ਚੜੇ ਗੁਰਦਿੱਤ ਨੇ ਜਦ ਜੈਕਾਰਾ ਲਗਾ ਫਤਿਹ ਬੁਲਾ ਇੰਝ ਕਿਹਾ ਕਿ ਡੋਲਿਓ ਨਾ ਤੁਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਕਿਰਤੀ ਕਿਰਸਾਨ ਹੋ ਹੱਥੀਂ ਕਿਰਤ ਕਰਕੇ ਉਹਨਾਂ ਸੰਸਾਰ ਨੂੰ ਵੀ ਇਹੀ ਉਪਦੇਸ਼ ਦਿੱਤਾ ਸੀ ਕਿ ਕਿਰਤ ਕਰੋ ਤੇ ਵੰਡ ਕੇ ਛਕੋ। ਘਬਰਾਓ ਨਾ ਵੀਰੋ ਸਹਿਜ ਧੀਰਜ ਨਾਲ ਅਸੀਂ ਇਸ ਮਸਲੇ ਦਾ ਹੱਲ ਲੱਭਾਂਗੇ। ਨੌਜਵਾਨਾਂ ਦੇ ਮੋਹਰੀ ਬਣ ਦਿੱਲੀ ਨੂੰ ਕੂਚ ਕਰਕੇ ਰਾਂਹਾਂ ਦੇ ਲੱਗੀਆਂ ਕੰਡਿਆਲੀਆਂ ਤਾਰਾਂ ਤੇ ਬੈਰੀਗੇਡਾਂ ਨੂੰ ਤੋੜ ਕੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਿਹੇ ਕਿਸਾਨਾਂ ਕੋਲ ਜਾ ਪਹੁੰਚੇ ਬਜੁਰਗ ਮਾਈਆਂ ਭੈਣਾ ਤੇ ਵੀਰਾਂ ਚ ਜੋਸ਼ ਵੇਖ ਕੇ ਰੂਹ ਖੁਸ਼ ਹੋ ਗਈ। ਬਿਨਾਂ ਕਿਸੇ ਕੋਈ ਭੇਦ ਭਾਵ ਤੋਂ ਵਿਸ਼ਵ ਭਰ ਚੋਂ ਜਿਥੇ ਵੀ ਪੰਜਾਬੀ ਵਸਦੇ ਹਨ ਉਥੋਂ ਆਪਣੀਆਂ ਕਿਰਤ ਕਮਾਈਆਂ ਚੋ ਦਸਵੰਦ ਕੱਢ ਕੇ ਲੰਗਰਾਂ ਲਈ ਮਾਇਆ ਭੇਜ ਰਹੇ ਹਨ, ਗੁਰੂ ਦਾ ਲੰਗਰ ਅਤੁੱਟ ਵਰਤ ਰਿਹੈ ਜਿਸ ਨਾਲ ਦਿੱਲੀ ਦੇ ਨੇੜਲੇ ਗਰੀਬ ਪਰਿਵਾਰ ਵੀ ਰੱਬ ਦਾ ਸ਼ੁਕਰ ਮਨਾ ਰਹੇ ਹਨ। ਅਰਦਾਸ ਕਰ ਰਿਹੇ ਹਨ ਦਿੱਲੀ ਫਤਿਹ ਕਰਕੇ ਸਭ ਕਿਸਾਨ ਭਰਾ ਘਰਾਂ ਨੂੰ ਖੁਸ਼ੀ ਨਾਲ ਮੁੜ ਪਰਤਣ । ਦਿੱਲੀਓਂ ਵਾਪਸ ਜਾਂਦਿਆਂ ਹੁਣ ਤੱਕ ਬਹੁਤ ਸਾਰੇ ਸੜਕ ਹਾਦਸਿਆਂ ਚ ਕਿਸਾਨ ਵੀਰ ਸ਼ਹੀਦ ਹੋਏ ਅਤੇ ਕੁਝ ਕੁ ਨੇ ਹੁਕਮਰਾਨਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਰ ਨੌਜਵਾਨਾਂ ਵਾਂਗ ਅੱਜ ਸਾਨੂੰ ਸਭ ਨੂੰ ਲੋੜ ਹੈ ਆਪਣੀ ਸੋਚ ਤੇ ਪਹਿਰਾ ਦੇਣ ਦੀ ਤਾਂ ਜੋ ਆਪਣੇ ਹੱਕਾਂ ਲਈ ਲੜ ਰਿਹੀ ਜੰਗ ਜਲਦ ਜਿੱਤ ਸਕੀਏ।