9.6 C
United Kingdom
Monday, May 20, 2024

More

    ਸਕਾਟਲੈਂਡ ‘ਚ ਮੰਗਲਵਾਰ ਸਵੇਰ ਤੋਂ ਲਾਗੂ ਹੋਵੇਗੀ ਪੂਰਨ ਕੋਰੋਨਾਂ ਵਾਇਰਸ ਤਾਲਾਬੰਦੀ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਸਰਕਾਰ ਵੱਲੋਂ ਕੋਰੋਨਾਂ ਵਾਇਰਸ ਦੀ ਲਾਗ ਦੇ ਵਾਧੇ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਦੇ ਬਾਵਜੂਦ, ਵਾਇਰਸ ਦੇ ਮਾਮਲੇ ਤੇਜੀ ਨਾਲ ਫੈਲ ਰਹੇ ਹਨ। ਮੌਜੂਦਾ ਸਥਿਤੀ ਨੂੰ ਦੇਖਦਿਆਂ ਸਕਾਟਲੈਂਡ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਵਾਇਰਸ ਦੀ ਮਾਰਚ ਵਿੱਚ ਆਈ ਪਹਿਲੀ ਲਹਿਰ ਦੌਰਾਨ ਕੀਤੀ ਤਾਲਾਬੰਦੀ ਦੀ ਤਰਜ਼ ‘ਤੇ  ਸਕਾਟਲੈਂਡ ਵਿੱਚ ਪੂਰਨ ਤਾਲਾਬੰਦੀ ਲਾਗੂ ਕਰਨ ਦੀ ਪੁਸ਼ਟੀ ਕੀਤੀ ਹੈ। ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਵਾਇਰਸ ਦੇ ਵਧ ਰਹੇ ਕੇਸਾਂ ਵਿੱਚ ਇਸਦੇ ਨਵੇਂ ਰੂਪ ਨੇ ਵੀ ਕਾਫੀ ਯੋਗਦਾਨ ਪਾਇਆ ਹੈ, ਜਿਸ ਨੂੰ ਕਾਬੂ ਕਰਨ ਦੇ ਮੰਤਵ ਨਾਲ ਸਰਕਾਰ ਨੇ ਜਨਵਰੀ ਮਹੀਨੇ ਦੇ ਅਰਸੇ ਲਈ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਪਾਬੰਦੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਸਟਰਜਨ ਅਨੁਸਾਰ  ‘ਘਰ ਰਹੋ’ ਦਾ ਨਾਹਰਾ ਕੱਲ ਤੋਂ ਸਕਾਟਲੈਂਡ ਵਿੱਚ ਕਾਨੂੰਨ ਬਣ ਜਾਵੇਗਾ ਜਿਸਦੇ ਤਹਿਤ ਜ਼ਰੂਰੀ ਉਦੇਸ਼ ਕਰਕੇ ਹੀ ਲੋਕ ਆਪਣਾ ਘਰ ਛੱਡ ਸਕਦੇ ਹਨ ਜਿਹਨਾਂ ਵਿੱਚ ਸਿਹਤ ਦੇਖਭਾਲ , ਜ਼ਰੂਰੀ ਖਰੀਦਦਾਰੀ, ਕਸਰਤ ਆਦਿ ਸ਼ਾਮਲ ਹਨ। ਇਸਦੇ ਇਲਾਵਾ ਜੇਕਰ ਸੰਭਵ ਹੋਵੇ ਤਾਂ ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨਾ ਚਾਹੀਦਾ ਹੈ। ਇਸ ਤਾਲਾਬੰਦੀ ਦੀਆਂ ਪਾਬੰਦੀਆਂ ਯਾਤਰਾ ਲਈ ਵੀ ਦੇਸ਼ ਭਰ ਵਿੱਚ ਲਾਗੂ ਹੋਣਗੀਆਂ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰ ਦੇ ਜਿੰਨਾ ਸੰਭਵ ਹੋ ਸਕੇ ਨੇੜੇ ਰਹਿਣ। ਜਦਕਿ ਲਾਕਡਾਉਨ ਦੌਰਾਨ ਕਿਸੇ ਨੂੰ ਵੀ ਸਕਾਟਲੈਂਡ ਦੇ ਬਾਹਰ ਜਾਣ ਜਾਂ ਦਾਖਲ ਹੋਣ ਦੀ ਆਗਿਆ ਨਹੀਂ ਹੈ। ਇੰਨਾ ਹੀ ਨਹੀ ਸਕੂਲ ਵੀ 1 ਫਰਵਰੀ ਤੱਕ ਬਹੁਗਿਣਤੀ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਿਹਨਾਂ ਨੂੰ ਫਰਵਰੀ ਵਿੱਚ ਖੋਲ੍ਹਣ ਲਈ 18 ਜਨਵਰੀ ਨੂੰ ਸਮੀਖਿਆ ਕੀਤੀ ਜਾਵੇਗੀ। ਇਸ ਅਰਸੇ ਦੌਰਾਨ ਸੰਸਕਾਰ, ਸਿਵਲ ਸੇਵਾ ਦੀਆਂ ਰਸਮਾਂ ਅਤੇ ਵਿਆਹਾਂ ਨੂੰ ਛੱਡ ਕੇ ਪੂਜਾ ਦੇ ਸਥਾਨ ਵੀ ਬੰਦ ਹੋਣਗੇ। ਕੋਰੋਨਾਂ ਵਾਇਰਸ ਸੰਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੱਜ ਸਕਾਟਲੈਂਡ ਵਿੱਚ 1,905 ਨਵੇਂ ਕੋਵਿਡ ਕੇਸ ਦਰਜ ਹੋਏ ਹਨ ਅਤੇ 15% ਟੈਸਟਾਂ ਨੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਹਨ ਜਦਕਿ ਇਸ ਦੌਰਾਨ ਕਿਸੇ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਹਾਲਾਂਕਿ  31 ਦਸੰਬਰ ਤੱਕ, ਸਕਾਟਲੈਂਡ ਵਿੱਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,578 ਤੱਕ ਪਹੁੰਚ ਗਈ  ਹੈ।

    PUNJ DARYA

    Leave a Reply

    Latest Posts

    error: Content is protected !!