6.9 C
United Kingdom
Sunday, April 20, 2025

More

    ਟਿਕਰੀ ਬਾਰਡਰ ‘ਤੇ ਬੀ ਕੇ ਯੂ ਏਕਤਾ (ਉਗਰਾਹਾਂ)ਵੱਲੋਂ ਰੋਹ ਭਰਪੂਰ ਰੈਲੀ -ਜੋਗਿੰਦਰ ਯਾਦਵ ਵਿਸ਼ੇਸ਼ ਤੌਰ ‘ਤੇ ਪਹੁੰਚੇ

    ਅਸ਼ੋਕ ਵਰਮਾ     ਨਵੀਂ ਦਿੱਲੀ,28ਦਸੰਬਰ2020:ਟਿਕਰੀ ਬਾਰਡਰ ‘ਤੇ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ  ਪਕੌੜਾ ਚੌਕ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਅੱਜ ਹਜ਼ਾਰਾਂ ਲੋਕ ਜੁੜੇ ਜਿਸ ਨੂੰ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ, ਬਿਜਲੀ ਬਿੱਲ 2020 ਤੇ ਨਵਾਂ ਪ੍ਰਦੂਸ਼ਣ ਕਾਨੂੰਨ ਇਕੱਠਾ ਜੜੁਵਾਂ ਹਮਲਾ ਹੈ। ਇਹ ਹਮਲਾ ਮੋਦੀ ਹਕੂਮਤ ਵੱਲੋਂ ਨੋਟਬੰਦੀ ਤੋਂ ਸ਼ੁਰੂ ਕੀਤੇ ਲੋਕਾਂ ਖ਼ਿਲਾਫ਼ ਵੱਡੇ ਆਰਥਿਕ ਧਾਵੇ ਦਾ ਹੀ ਅੰਗ ਹੈ  ਜਿਹੜਾ ਕੋਰੋਨਾ ਕਾਲ ਦੌਰਾਨ ਹੋਰ ਜ਼ਿਆਦਾ ਬੇਕਿਰਕ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ‘ਬੰਦੀਕਰਨ’ ਵਾਲੀ ਸਰਕਾਰ ਹੈ। ੳੁਨ੍ਹਾਂ ਨੇ ਸੰਘਰਸ਼ ਅੰਦਰ ਔਰਤਾਂ ਦੀ ਭੂਮਿਕਾ ਦੇ ਮਹੱਤਵ ਦੀ ਚਰਚਾ ਕੀਤੀ ਤੇ ਇਕੱਠ ਵਿਚ ਸ਼ਾਮਲ ਔਰਤਾਂ ਦੀ ਭਾਰੀ ਗਿਣਤੀ ‘ਤੇ ਡੂੰਘੀ  ਤਸੱਲੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅੰਦੋਲਨ ਅੰਦਰ ਔਰਤਾਂ ਦੀ ਅਜਿਹੀ ਸ਼ਮੂਲੀਅਤ ਇਸ ਦੀ ਜਿੱਤ ਯਕੀਨੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਅੰਦਰ ਵੱਖ ਵੱਖ ਸੂਬਿਆਂ ਤੋਂ ਤੇਜ਼ੀ ਨਾਲ ਹੋਰ ਕਿਸਾਨ ਸ਼ਾਮਲ ਹੋ ਰਹੇ ਹਨ ਤੇ ਇਹ ਇੱਕ ਮੁਲਕ ਵਿਆਪੀ ਅੰਦੋਲਨ ਬਣ ਗਿਆ। ਅੱਜ ਦਿਨ ਭਰ ਇਸ ਇਕੱਤਰਤਾ ਵਿਚ 11 ਔਰਤਾਂ ਨੇ ਭੁੱਖ ਹਡ਼ਤਾਲ ਕੀਤੀ ਤੇ ਸਮੁੱਚੇ ਮੁਲਕ ਦੇ ਕਿਸਾਨਾਂ ਨਾਲ ਸੰਘਰਸ਼ ਲਈ ਇਕਮੁੱਠਤਾ ਜ਼ਾਹਰ ਕੀਤੀ। ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕੱਲ੍ਹ ਮੋਰਚੇ ਵਿੱਚ ਪੰਜਾਬ ਦੇ ਇੱਕ ਵਕੀਲ ਵੱਲੋਂ ਕੀਤੀ ਖ਼ੁਦਕੁਸ਼ੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ “ਖ਼ੁਦਕੁਸ਼ੀਆਂ ਨਹੀਂ ਸੰਗਰਾਮ” ਦੇ ਨਾਅਰੇ ਵਿੱਚ ਨਿਹਚਾ ਬਰਕਰਾਰ ਰੱਖਣ।  ਅੱਜ ਦੇ ਇਕੱਠ ਨੂੰ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਸਾਮਰਾਜੀਆਂ ਦੀ ਝੋਲੀ ਚੁੱਕ ਹਕੂਮਤ ਹੈ ਤੇ ਇਸੇ ਕਾਰਨ ਘੋਰ ਕਿਸਾਨ ਤੇ ਲੋਕ ਵਿਰੋਧੀ  ਖੇਤੀ ਕਨੂੰਨ ਲਾਗੂ ਕਰਨ ਲਈ ਅੜੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ  ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਸਾਮਰਾਜ ਤੋਂ ਮੁਕਤੀ ਲਈ ਸੰਘਰਸ਼ ਤਕ ਲੈ ਕੇ ਜਾਣਾ ਚਾਹੀਦਾ ਹੈ। ਅੱਜ ਦੀ ਇਸ ਇਕੱਤਰਤਾ ਵਿੱਚ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ “ਉੱਠਣ ਦਾ ਵੇਲਾ”  ਤੇ ਲੋਕ ਕਲਾ ਮੰਚ ਮਾਨਸਾ ਵੱਲੋਂ ਮਨਜੀਤ ਔਲਖ ਦੀ ਨਿਰਦੇਸ਼ਨਾ ਹੇਠ ਨਾਟਕ “ਆਏਂ ਕੌਣ ਖੋਹ ਲਊ ਜ਼ਮੀਨਾਂ ਸਾਡੀਆਂ” ਦਾ ਮੰਚਨ ਕੀਤਾ ਗਿਆ ਜਿਨ੍ਹਾਂ ਨੇ ਖੇਤੀ ਖੇਤਰ ‘ਚ ਕਾਰਪੋਰੇਟ ਹਮਲੇ ਤੇ ਇਸਦੇ ਲੋਕ ਵਿਰੋਧ ਨੂੰ ਦਰਸਾਇਆ। ਅੱਜ ਦੀ ਇਕੱਤਰਤਾ ਵਿਚ ਪਹੁੰਚੇ ਉੱਘੇ ਗਾਇਕ ਕੰਵਰ ਗਰੇਵਾਲ, ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ। ਹਰਿਆਣਾ ਤੋਂ ਕਿਸਾਨ ਆਗੂ ਜੈ ਸਿੰਘ ਅੰਬਾਲਾ, ਪਵਿੱਤਰ ਸਿੰਘ ਕੈਥਲ, ਕਾਲਾ ਨੰਬਰਦਾਰ ਡੱਬਵਾਲੀ ਨੇ ਵੀ ਸੰਬੋਧਨ ਕੀਤਾ। ਡੀ ਟੀ ਐੱਫ ਦੇ ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ , ਠੇਕਾ ਮੁਲਾਜ਼ਮ ਮੋਰਚਾ ਪੰਜਾਬ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਸਵਾਮੀ ਅੰਮ੍ਰਿਤਾ ਨੰਦ ,ਫ਼ਿਲਮੀ ਅਦਾਕਾਰ ਮਲਕੀਤ ਰੌਣੀ, ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ, ਬਿਜਲੀ ਬੋਰਡ ਮੁਲਾਜ਼ਮਾਂ ਵੱਲੋਂ ਸਵਰਨ ਸਿੰਘ ਮੋਗਾ , ਅਮਨਦੀਪ ਦੱਧਾਹੂਰ, ਪ੍ਰਿੰਸੀਪਲ ਲਖਵਿੰਦਰ ਸਿੰਘ ਫ਼ਰੀਦਕੋਟ ਸਮੇਤ ਦਰਜਨ ਤੋਂ ਉੱਪਰ ਬੁਲਾਰਿਆਂ ਨੇ ਸੰਬੋਧਨ ਕੀਤਾ। ਮਰਹੂਮ ਗਾਇਕ ਰਾਜ ਬਰਾੜ ਦਾ ਪਰਿਵਾਰ ਵੀ ਅੱਜ ਦੇ ਇਕੱਠ ਵਿੱਚ ਸ਼ਾਮਲ ਹੋਇਆ। ਅੱਜ ਦੀ ਰੈਲੀ ਚ ਮੰਚ ਸੰਚਾਲਨ  ਸੰਗਰੂਰ ਜ਼ਿਲ੍ਹੇ ਦੇ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾਡ਼ ਨੇ ਕੀਤਾ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!