
ਅਸ਼ੋਕ ਵਰਮਾ, ਬਠਿੰਡਾ: ਬਠਿੰਡਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਆਨਲਾਈਨ ਕੁਇਜ਼ ਮੁਕਾਬਲਿਆਂ ਵਿੱਚ ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੁਕਾਬਲੇ ਵਿੱਚ ਜ਼ਿਲੇ ਦੇ ਸਾਰੇ ਕਾਲਜਾਂ ਦੇ ਵੋਟਰ ਸਾਖਰਤਾ ਕਲੱਬਾਂ ਦੇ ਮੈਂਬਰ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ ਇਹ ਵਿਦਿਆਰਥੀ ਰਾਜ ਪੱਧਰੀ ਆਨਲਾਈਨ ਕੁਇਜ਼ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਵੋਟਾਂ ਦੇ ਅਧਿਕਾਰ ਅਤੇ ਲੋਕਤੰਤਰ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਵੋਟਰ ਸਾਖਰਤਾ ਕਲੱਬ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਕਲੱਬ ਵੱਲੋਂ ਸਮੇ-2 ਸਿਰ ਜ਼ਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾ ਕੇ ਕਾਲਜ ਦੇ ਵਿਦਿਆਰਥੀਆਂ ਅਤੇ ਆਪਣੇ ਆਲੇ-ਦੁਆਲੇ ਨੂੰ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਇਸ ਲਈ ਕਾਲਜ ਦੇ ਨੋਡਲ ਅਫਸਰ ਸਵੀਪ ਅਤੇ ਉਹਨਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ।
ਕਾਲਜ ਦੇ ਨੋਡਲ ਅਫਸਰ ਸਵੀਪ ਰਾਜ ਕੁਮਾਰ ਚੋਪੜਾ ਨੇ ਦੱਸਿਆ ਕਿ ਇਹ ਆਨਲਾਈਨ ਕੁਇਜ਼ ਮੁਕਾਬਲਾ ਮਾਡਲ ਕੋਡ ਆਫ ਕੰਡਕਟ ਵਿਸ਼ੇ ਤੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਦੇ ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ ਲਈ ਜ਼ਿਲ੍ਹਾ ਚੋਣ ਅਫਸਰ ਬਠਿੰਡਾ ਨੇ ਤਹਿਸੀਲਦਾਰ ਚੋਣਾਂ ਭਾਰਤ ਭੂਸ਼ਨ ਬਾਂਸਲ ਦੀ ਦੇਖ-ਰੇਖ ਹੇਠ ਕਰਵਾਇਆ ਸੀ। ਇਸ ਮੁਕਾਬਲੇ ਵਿੱਚ ਕਾਲਜ ਦੇ ਆਕੀਟੈਕਚਰ ਵਿਭਾਗ ਦੇ ਵਿਦਿਆਰਥੀ ਯਸ਼ੂ ਗਰਗ ਨੇ ਪਹਿਲਾ ਸਥਾਨ, ਕੰਪਿਊਟਰ ਸਾਇੰਸ ਦੇ ਵਿਦਿਆਰਥੀ ਆਰੁਸ਼ ਗੋਇਲ ਨੇ ਦੂਜਾ ਅਤੇ ਇੰਨਫਰਮੇਸ਼ਨ ਟੈਕ: ਦੀ ਵਿਦਿਆਰਥਣ ਮੁਸਕਾਨ ਗਰੋਵਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ।
ਉਹਨਾਂ ਦੱਸਿਆ ਕਿ ਹੁਣ ਇਹ ਵਿਦਿਆਰਥੀ 27 ਦਸੰਬਰ ਨੂੰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਰਾਜ ਪੱਧਰੀ ਕੁਇਜ ਮੁਕਾਬਲੇ ਵਿੱਚ ਭਾਗ ਲੈਣਗੇ।ਇਸ ਮੌਕੇ ਕਾਲਜ ਦੇ ਮੁਖੀ ਵਿਭਾਗਾਂ ਤੋਂ ਇਲਾਵਾ ਸਹਾਇਕ ਨੋਡਲ ਅਫਸਰ ਸਵੀਪ ਸ਼੍ਰੀਮਤੀ ਸੁਖਪਾਲ ਕੌਰ ਅਤੇ ਮਿਸ ਮੋਹਨਜੀਤ ਕੌਰ ਲੈਕਚਰਾਰ ਵੀ ਹਾਜ਼ਰ ਸਨ।