4.1 C
United Kingdom
Friday, April 18, 2025

More

    ‘ਮਨ ਕੀ ਬਾਤ’ ਦੇ ਵਿਰੋਧ ’ਚ ਜੋਸ਼ੀਲੇ ਤਰਾਨੇ ਗੂੰਜਾਉਣ ਦਾ ਐਲਾਨ

    ਅਸ਼ੋਕ ਵਰਮਾ, ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਸੈਂਕੜੇ ਕਿਸਾਨਾਂ , ਔਰਤਾਂ,ਮਜਦੂਰਾਂ, ਮੁਲਾਜਮਾਂ ਤੇ ਨੌਜਵਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਜਾਨਾਂ ਕੁਰਬਾਨ ਵਾਲੇ ਯੋਧਿਆਂ ਨੂੰ ਲੰਬੀ ਵਿਖੇ ਇੱਕ ਭਾਵਪੂਰਤ ਸਮਾਗਮ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਅਤੇ ਸ਼ਹੀਦਾਂ ਦੀਆਂ ਤਸਵੀਰਾਂ ’ਤੇ ਫੁੱਲ ਭੇਟ ਕਰਕੇ ਕੀਤੀ ਗਈ।ਇਸ ਮੌਕੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਦੇ ਕਿਸਾਨ ਮਜਦੂਰ ਅਤੇ ਲੋਕ ਵਿਰੋਧੀ ਵਰਤਾਰੇ ਨੂੰ ਦੇਖਦਿਆਂ ਮਨ ਕੀ ਬਾਤ ਦਾ ਵਿਰੋਧ ਕੀਤਾ ਜਾਏਗਾ।
                            ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਵਿਰੋਧੀ ਘੋਲ ਦੇ ਸਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣ ਦਿੱਤੀਆਂ ਜਾਣਗੀਆਂ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਇਲਾਵਾ ਕਿਸਾਨਾਂ ਮਜਦੂਰਾਂ ਦੀ ਪੁੱਗਤ ਸਥਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐਲਾਨ ਕੀਤਾ ਗਿਆ ਕਿ ਹਰਿਆਣਾ ਨੂੰ ਟੋਲ ਫਰੀ ਕਰਨ ਦੇ ਸੱਦੇ ਨੂੰ ਭਰਵਾਂ ਬਨਾਉਣ ਲਈ 25 ਦਸੰਬਰ ਨੂੰ ਇਲਾਕੇ ਦੇ ਸੈਂਕੜੇ ਕਿਸਾਨ ਮਜਦੂਰ ਤੇ ਨੌਜਵਾਨ ਖੂਹੀਆਂ ਮਲਕਾਣਾ ਟੋਲ ਪਲਾਜੇ ਤੇ ਲੱਗਣ ਵਾਲੇ ਮੋਰਚੇ ਚ ਸਾਮਲ ਹੋਕੇ ਹਰਿਆਣਵੀ ਕਿਸਾਨਾਂ ਦਾ ਸਾਥ ਦੇਣਗੇ।
                     ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਵਿਰੋਧ ਚ ਪਿੰਡ ਪਿੰਡ ਥਾਲੀਆਂ ਖੜਕਾਕੇ, ਜੋਸ਼ੀਲੇ ਗੀਤਾਂ ਤੇ ਤਰਾਨਿਆਂ ਦੀਆਂ ਧੁਨਾਂ ਵਜਾਈਆਂ ਜਾਣਗੀਆਂ ਅਤੇ ਇਸੇ ਦਿਨ ਇਲਾਕੇ ਚੋਂ ਵੱਡੀ ਗਿਣਤੀ ਕਿਸਾਨ ਸੂਬਾ ਕਮੇਟੀ ਦੇ  ਸੱਦੇ ਤਹਿਤ ਡੱਬਵਾਲੀ ਤੋਂ ਦਿੱਲੀ ਕੂਚ ਕਰਨ ਵਾਲੇ ਕਾਫਲੇ ਚ ਵੀ ਸ਼ਾਮਲ ਹੋਣਗੇ। ਅੰਤ ਵਿੱਚ ਵਿਸ਼ਾਲ ਕਾਫਲੇ ਵੱਲੋਂ  ਹੱਥਾਂ ਦੇ ਵਿਚ ਸਹੀਦਾਂ ਦੀ ਫਲੈਕਸ ਫੜਕੇ ਬੱਸ ਅੱਡੇ ਤੱਕ ਮਾਰਚ ਵੀ ਕੀਤਾ ਗਿਆ।
                      ਸ਼ਰਧਾਂਜਲੀ ਸਮਾਗਮ ਨੂੰ ਔਰਤ ਆਗੂ ਜਸਪਾਲ ਕੌਰ ਗੱਗੜ, ਕਿਸਾਨ ਆਗੂ ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂੰ, ਹਰਪਾਲ ਸਿੰਘ ਕਿੱਲਿਆਂਵਾਲੀ, ਨੌਜਵਾਨ ਆਗੂ ਜਗਦੀਪ ਸਿੰਘ ਖੁੱਡੀਆਂ ਤੇ ਕੁਲਦੀਪ ਸਿੰਘ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ ਤੇ ਮਹਿੰਦਰ ਸਿੰਘ ਖੁੱਡੀਆਂ,ਟੀ ਐਸ ਐਸ ਦੇ ਆਗੂ ਸੱਤਪਾਲ ਬਾਦਲ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਿਲਾਵਰ ਸਿੰਘ, ਡੀਟੀਐਫ ਦੇ ਆਗੂ ਕੁਲਦੀਪ ਸ਼ਰਮਾ ਤੇ ਐਡਵੋਕੇਟ  ਰਾਜਪਾਲ ਸਿੰਘ ਨੇ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!