ਅਮਰ ਮੀਨੀਆਂ (ਗਲਾਸਗੋ)

ਕਨੇਡਾ ਤੋਂ ਇੱਕ ਦੋਸਤ ਨੇ ਦਸ ਕੁ ਮਿੰਟ ਦੀ ਵੀਡੀਓ ਭੇਜੀ। ਜੋ ਕਿਸੇ ਪਾਰਟੀ ਦੀ ਸੀ ਜਿਸ ਵਿੱਚ ਵਿਆਹੁਤਾ ਜੋੜੇ ਆਪਣੇ ਆਪਣੇ ਪਾਰਟਨਰ ਨਾਲ ਪੰਜਾਬੀ ਗਾਣਿਆਂ ਉੱਪਰ ਸਟੇਜ ‘ਤੇ ਨੱਚ ਰਹੇ ਸਨ। ਮਿੰਟ ਅੱਧਾ ਮਿੰਟ ਇੱਕ ਜੋੜੀ ਆਪੋ-ਆਪਣੇ ਅੰਦਾਜ਼ ਵਿੱਚ ਨੱਚ ਕੇ ਥੱਲੇ ਉੱਤਰ ਜਾਂਦੀ ਤੇ ਦੂਜੀ ਜੋੜੀ ਸਟੇਜ ‘ਤੇ ਆ ਜਾਂਦੀ। ਸਾਰਿਆਂ ਦੀ ਬਹੁਤ ਵਧੀਆ ਪਰਫਾਰਮੈਂਸ ਸੀ। ਇਹਨਾਂ ਜੋੜਿਆਂ ਵਿੱਚ ਜੁਆਨ ਜੋੜੇ ਵੀ ਸਨ ਤੇ ਬਜ਼ੁਰਗ ਵੀ ਪਰ ਤਿੰਨ ਚਾਰ ਕੁ ਜੋੜੇ ਅਜਿਹੇ ਆਏ ਕੁਜੋੜ ਜਿਹੇ ਲੱਗੇ। ਬੰਦਿਆਂ ਦੇ ਲੰਬੀਆਂ ਚਿੱਟੀਆਂ ਜਾਂ ਟਾਂਵੇਂ ਟਾਂਵੇਂ ਕਾਲੇ ਵਾਲਾਂ ਵਾਲੀਆਂ ਦਾੜ੍ਹੀਆਂ ਤੇ ਉਹਨਾਂ ਦੀਆਂ ਸਾਥਣਾਂ ਖੂਬਸੂਰਤ ਜੁਆਨ, ਸੋਹਣੀਆਂ ਸੁਨੱਖੀਆਂ।ਮੈਂ ਤੇ ਮੇਰੀ ਘਰਵਾਲੀ ਲੈਪਟਾਪ ‘ਤੇ ਵੀਡੀਓ ਵੇਖ ਰਹੇ ਸਾਂ। ਉਹਨਾਂ ਜੋੜਿਆਂ ਵੱਲ ਵੇਖ ਕੇ, ਮੇਰੀ ਭੋਲੀ ਭਾਲੀ, ਮਝੈਲਣ ਘਰਵਾਲੀ ਭੜਕ ਪਈ। “ਹਯਾ ਨੀ ਆਉੰਦੀ ਇੰਨਾਂ ਚੌਰਿਆਂ ਨੂੰ? ਵੇਖ ਤਾਂ ਕਿਵੇਂ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਨਾਲ ਨੱਚਣ ਡਏ ਜੇ। ਉਹ ਵੀ ਗਾੜੀਓਂ ਮਾਸਾ ਨੀ ਕੂੰਦੀਆਂ, ਬਾਂਹਾਂ ਚ ਬਾਂਹਾਂ ਪਾ ਪਾ ਨੱਚਦੀਆਂ। ਜਦੋਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਫਿਰ ਧੌਲਿਆਂ ਵਾਲਿਆਂ ਨੂੰ ਕੀ ਕਹੀਏ?” ਮੈਂ ਸਮਝਾਇਆ, “ਭਾਗਵਾਨੇ ਠੰਡ ਰੱਖ, ਉਹ ਕੋਈ ਬੇਗਾਨੀਆਂ ਨਹੀਂ ਉਹਨਾਂ ਦੀਆਂ ਹੀ ਵਹੁਟੀਆਂ ਨੇ। ਬੱਸ ਫਰਕ ਇੰਨਾਂ ਹੈ ਕਿ ਉਹ ਬਿਉਟੀਪਾਰਲਰ ਤੋਂ ਚੰਗੀ ਤਰ੍ਹਾਂ ਡੈਂਟਿੰਗ ਪੇਂਟਿੰਗ ਕਰਵਾ ਕੇ ਆਈਆਂ ਤੇ ਮੇਰੇ ਵਰਗੇ ਮਹਾਤੜ ਪੱਗ ਬੰਨ੍ਹ ਕੇ ਤੇ ਦਾੜ੍ਹੀ ਚ ਕੰਘਾ ਮਾਰਕੇ ਆ ਗਏ। ਨਾਲੇ ਕਈ ਬੰਦਿਆਂ ਦੇ ਕਲਫ਼ ਰਿਐਕਸ਼ਨ ਕਰ ਜਾਂਦੀ ਆ। ਖੁਰਕ ਲੜਦੀ ਤੇ ਧੱਫੜ ਪੈ ਜਾਂਦੇ ਆ। ਕਈ ਧਾਰਮਿਕ ਪਰੰਪਰਾ ਦਾ ਪਾਲਣ ਕਰਨ ਕਰਕੇ ਰੰਗ ਨਹੀਂ ਲਾਉਂਦੇ। ਇਸ ਕਰਕੇ ਇਹ ਵਡੇਰੀ ਉਮਰ ਦੇ ਲੱਗਦੇ ਆ।” ਜਿਵੇਂ ਆਮ ਜਨਾਨੀਆਂ ਆਪਣੇ ਘਰਵਾਲੇ ‘ਤੇ ਯਕੀਨ ਨਹੀਂ ਕਰਦੀਆਂ, ਉਸੇ ਤਰ੍ਹਾਂ ਮੇਰੇ ਵਾਲੀ ਵੀ ਮੈਨੂੰ ਜਿਆਦਾਤਰ ਮੋਦੀ ਵਰਗਾ ਫੈਂਕੂ ਹੀ ਸਮਝਦੀ ਆ। ਉਸ ਨੂੰ ਯਕੀਨ ਨਾ ਆਵੇ। ਮੈਂ ਮੇਰੇ ਸਹੁਰੇ ਪ੍ਰਵਾਰ ਵਿੱਚੋਂ ਹੀ ਅਮਰੀਕਾ ਵਾਲੇ ਨਿਹਾਲੇ ਭਾਊ ਦੀ ਉਦਾਹਰਣ ਚੁੱਕ ਕੇ ਉਸ ਨੂੰ ਯਕੀਨ ਕਰਵਾਉਣ ਦੀ ਕੋਸ਼ਿਸ਼ ਕੀਤੀ। ਨਿਹਾਲਾ ਭਾਊ ਜੁਆਕਾਂ ਦਾ ਮਾਮਾ ਹੀ ਲੱਗਦਾ ਆ। 24/25 ਕੁ ਸਾਲ ਦਾ ਸੀ ਜਦੋਂ ਮੈਕਸੀਕੋ ਦਾ ਬਾਰਡਰ ਟੱਪ ਅਮਰੀਕਾ ‘ਚ ਜਾ ਵੜਿਆ। ਚਾਲੀਆਂ ਦੇ ਨੇੜੇ ਤੇੜੇ ਹੋਵੇਗਾ ਜਦੋਂ ਪੱਕਾ ਹੋਕੇ ਪਿੰਡ ਆਇਆ ਤੇ 22/23 ਕੁ ਸਾਲ ਦੀ ਕੁੜੀ ਨਾਲ ਵਿਆਹ ਕਰਵਾ ਕੇ ਅਮਰੀਕਾ ਲੈ ਗਿਆ। ਹੁਣ ਤਾਂ ਭਾਊ ਵੀ ਸੱਠ ਦੇ ਨੇੜੇ ਤੇੜੇ ਹੋਵੇਗਾ ਪਰ ਨੈਸ਼ਨਲ ਪੱਧਰ ਤੱਕ ਹਾਕੀ ਦਾ ਖਿਡਾਰੀ ਰਿਹਾ ਭਾਊ ਅਜੇ ਵੀ ਪੂਰਾ ਫਿੱਟ ਆ। ਰੋਜ਼ਾਨਾ ਜਿੰਮ ਜਾਂਦਾ। ਮਝੈਲ ਦੇਸੀ ਦਾਰੂ ਕੱਢਣ ਤੇ ਪੀਣ ਦੇ ਸ਼ੌਕੀਨ ਮੰਨੇ ਜਾਂਦੇ ਹਨ ਪਰ ਨਿਹਾਲੇ ਨੇ ਅਜੇ ਤੱਕ ਸੁਆਦ ਵੀ ਨਹੀਂ ਵੇਖਿਆ, ਦੇਸੀ ਜਾਂ ਵਲੈਤੀ ਦਾ। ਮੈਂ ਘਰਵਾਲੀ ਨੂੰ ਦੱਸਿਆ ਕਿ, “ਆਪਣੇ ਨਿਹਾਲੇ ਭਾਊ ਨੂੰ ਵੇਖ ਲੈ, ਕਲੀਨਸ਼ੇਵ ਤੇ ਸਿਹਤਮੰਦ ਹੋਣ ਕਰਕੇ ਮਹਿਸੂਸ ਨਹੀਂ ਹੁੰਦਾ। ਜੇ ਕੱਲ੍ਹ ਕਲੋਤਰ ਨੂੰ ਨਿਹਾਲਾ ਦਾੜ੍ਹੀ ਕੇਸ ਰੱਖ ਲਵੇ ਤੇ ਕਲਫ ਵੀ ਨਾ ਲਗਾਵੇ, ਓਧਰ ਭਰਜਾਈ ਸੁਰਖੀ ਬਿੰਦੀ ਹਾਰ ਸ਼ਿੰਗਾਰ ਲਗਾ ਕੇ ਭਾਊ ਨਾਲ ਠੁੱਮਕੇ ਮਾਰੇ ਤਾਂ ਕਿਵੇਂ ਲੱਗਣਗੇ?” ਗੱਲ ਉਸਦੇ ਖਾਨੇ ਪੈ ਗਈ ਸੀ ਹੱਸਦੀ ਹੱਸਦੀ ਕਹਿੰਦੀ,” ਫੇ ਤਾਂ ਪਿਉ ਧੀ ਹੀ ਲੱਗਣਗੇ ਕੇ।”ਮੈਂ ਕਿਹਾ, “ਬੱਸ ਇਹ ਜੋੜੀਆਂ ਵੀ ਇੱਦਾਂ ਦੀਆਂ ਹੀ ਆ।” ਉਹ ਮੇਰੇ ਮੂੰਹ ਵੱਲ ਚੰਗੀ ਤਰ੍ਹਾਂ ਵੇਖ ਕੇ ਕਹਿਣ ਲੱਗੀ, “ਲੌਹਢਾ ਵੇਲਾ ਹੋਣ ਡਿਆ ਜੇ, ਸਿਆਲੂ ਦਿਨ ਆ ਤਕਾਲਾਂ ਵੀ ਜਲਦੀ ਪੈ ਜਾਂਦੀਆਂ । ਮੈਂ ਵੇਖਣ ਡਈ ਆਂ, ਧਾਅਡੇ ਵੀ ਦਾੜ੍ਹੀ ‘ਚ ਚੋਖੇ ਚੋਖੇ ਚਿੱਟੇ ਝਾਤੀਆਂ ਮਾਰਨ ਡਏ ਜੇ, ਹੁਣੇ ਤੋਂ ਕਲਫ਼ ਲਾਉਣੀ ਸ਼ੁਰੂ ਕਰੋ। ਨਹੀਂ ਮੈਂ ਨੀ ਕੱਲ੍ਹ ਨੂੰ ਵਾਂਢੇ ਜਾਣਾਂ ਧਾਅਡੇ ਨਾਲ।”