ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬ੍ਰਿਟੇਨ ਵਿੱਚ ਕੋਰੋਨਾਂ ਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਰੋਨਾਂ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਇੱਕ 98 ਸਾਲਾਂ ਕੈਦੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਕ੍ਰਿਸ਼ਮਸ ਦਿਵਸ ‘ਤੇ ਆਪਣੇ ਜੀਵਨ ਦੇ 99 ਵੇਂ ਸਾਲ ਵਿੱਚ ਦਾਖਲ ਹੋਣ ਵਾਲਾ ਸੀ। ਕਾਵੈਂਟਰੀ ਨਾਲ ਸੰਬੰਧ ਰੱਖਣ ਵਾਲੇ 98 ਸਾਲਾਂ ਕ੍ਰਿਸਟੋਫਰ ਸਟੋਵ ਨੂੰ ਪਿਛਲੇ ਸਾਲ ਅਪ੍ਰੈਲ “ਚ, 1970 ਦੇ ਸਾਲ ਦੌਰਾਨ ਇੱਕ ਤਿੰਨ ਤੋਂ ਪੰਜ ਸਾਲਾਂ ਦੀ ਛੋਟੀ ਬੱਚੀ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਅਪ੍ਰੈਲ ਵਿੱਚ ਸਟੋਵ ਨੂੰ ਕੈਦਦੀ ਸਜ਼ਾ ਦੇਣ ਵੇਲੇ ਜੱਜ ਸਾਰਾ ਬਕਿੰਘਮ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਸਟੋਵ ਜੇਲ੍ਹ ਵਿੱਚ ਮਰ ਜਾਵੇਗਾ ਅਤੇ ਕੋਰੋਨਾਂ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਸਟੋਵ ਦੀ 8 ਦਸੰਬਰ ਨੂੰ ਮੌਤ ਹੋ ਜਾਣ ਤੋਂ ਬਾਅਦ ਜੱਜ ਦੀ ਭਵਿੱਖਬਾਣੀ ਸਹੀ ਸਾਬਤ ਹੋਈ ਹੈ। ਸਟੋਵ ਨੂੰ 2017 ਵਿੱਚ ਦਿਲ ਦੀ ਬਿਮਾਰੀ ਦਾ ਵੀ ਸਾਹਮਣਾ ਕਰਨਾ ਪਿਆ, ਉਸਦੀ ਨਜ਼ਰ ਵੀ ਘੱਟ ਸੀ ਅਤੇ ਚਮੜੀ ਕੈਂਸਰ ਦਾ ਸ਼ੱਕ ਹੋਣ ਕਾਰਨ ਉਸਨੂੰ ਇੱਕ ਮਾਹਰ ਡਾਕਟਰ ਕੋਲ ਵੀ ਭੇਜਿਆ ਗਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਦੀ ਸਟੋਵ ਨੂੰ ਐਚ ਐਮ ਪੀ ਬਰਮਿੰਘਮ ਵਿੱਚ ਉਸਦੀ ਸੈੱਲ ਤੋਂ ਸ਼ਹਿਰ ਦੇ ਸੇਲੀ ਪਾਰਕ ਵਿੱਚ ਸੇਂਟ ਮੈਰੀ ਹੋਸਪਿਸ ਵਿੱਚ ਦੇਖਭਾਲ ਲਈ ਭੇਜਿਆ ਗਿਆ ਸੀ। ਸਟੋਵ ਤੋਂ ਇਲਾਵਾ ਬ੍ਰਿਟੇਨ ਦਾ ਸਭ ਤੋਂ ਪੁਰਾਣਾ ਕੈਦੀ 104 ਸਾਲਾ ਰਾਲਫ਼ ਕਲਾਰਕ ਮੰਨਿਆ ਜਾਂਦਾ ਹੈ, ਜਿਸ ਨੂੰ ਸਾਲ 1974 ਤੋਂ 1983 ਦਰਮਿਆਨ ਇੱਕ ਲੜਕੇ ਅਤੇ ਦੋ ਲੜਕੀਆਂ ‘ਤੇ ਬਦਸਲੂਕੀ ਕਰਨ ਦੇ ਮਾਮਲੇ ਲਈ 2016 ਵਿੱਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।