
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਕੇਅਰ ਹੋਮਜ਼ ਨੇ ਇਸ ਸਾਲ ਮਹਾਂਮਾਰੀ ਸੰਕਟ ਦੌਰਾਨ ਬਜੁਰਗਾਂ ਦੀ ਦੇਖਭਾਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਕਈ ਦੇਖਭਾਲ ਘਰਾਂ ਦੇ ਵਸਨੀਕਾਂ ਨੇ ਆਪਣੀ ਜਾਨ ਵੀ ਗਵਾਈ ਹੈ।ਕੇਅਰ ਹੋਮਜ਼ ਵਿੱਚ ਹੁੰਦੀਆਂ ਮੌਤਾਂ ਦੇ ਇੱਕ ਮਾਮਲੇ ‘ਚ ਸਕਾਟਲੈਂਡ ਦੇ ਇੱਕ ਦੇਖਭਾਲ ਘਰ ਵਿੱਚ, ਇਸ ਦੇ ਲੱਗਭਗ ਅੱਧੇ ਵਸਨੀਕਾਂ ਦੀ ਕੋਰੋਨਾਂ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਲਾਇਸੈਂਸ ਮੁਅੱਤਲ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 15 ਵਸਨੀਕਾਂ ਦੀ ਮੌਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਐਡਿਨਬਰਾ ਸ਼ੈਰਿਫ ਕੋਰਟ ਨੇ ਮਿਡਲੋਥੀਅਨ ਦੇ ਲੋਨਹੈੱਡ ਵਿੱਚ ਰਿਹਾਇਸ਼ੀ ਦੇਖਭਾਲ ਘਰ ਥੋਰਨਲੀਆ ਨਰਸਿੰਗ ਹੋਮ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਸੰਬੰਧੀ ਕੇਅਰ ਇੰਸਪੈਕਟਰ ਨੇ ਪਬਲਿਕ ਸਰਵਿਸਿਜ਼ ਰਿਫਾਰਮ (ਸਕਾਟਲੈਂਡ) ਐਕਟ 2010 ਦੀ ਧਾਰਾ 65 (3) ਦੇ ਅਧੀਨ ਕੇਅਰ ਸਰਵਿਸ ਦੀ ਰਜਿਸਟਰੇਸ਼ਨ ਨੂੰ ਰੋਕਦਿਆਂ ਅੰਤਰਿਮ ਆਦੇਸ਼ ਦੀ ਮੰਗ ਕੀਤੀ ਸੀ। ਇਸ ਕੇਅਰ ਹੋਮ ਵਿੱਚ ਅਜੇ ਵੀ ਤਕਰੀਬਨ 14 ਨਿਵਾਸੀਆਂ ਦੇ ਰਹਿਣ ਕਾਰਨ ਇਸਦੀ ਮੁਅੱਤਲੀ 18 ਜਨਵਰੀ ਤੱਕ ਲਾਗੂ ਨਹੀਂ ਹੋਵੇਗੀ ਅਤੇ ਇਹ 14 ਨਿਵਾਸੀ ਮਿਡਲੋਥੀਅਨ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ (ਐਚ ਸੀ ਐੱਸ ਪੀ) ਰਾਹੀਂ ਕਿਸੇ ਹੋਰ ਜਗ੍ਹਾ ਭੇਜਣ ਦੀ ਪ੍ਰਕਿਰਿਆ ਵਿੱਚ ਹਨ। ਅਧਿਕਾਰੀ ਲੋਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਮੁਅੱਤਲੀ ਕੇਸ ਅਦਾਲਤ ਵਿੱਚ ਦਾਇਰ ਕਰਨ ਸਮੇਂ ਛੇ ਨਿਵਾਸੀਆਂ ਦੀ ਮੌਤ ਕੋਰੋਨਾਂ ਵਾਇਰਸ ਕਾਰਨ ਹੋਈ ਸੀ ਪਰ ਦਸੰਬਰ ਦੀ ਸ਼ੁਰੂਆਤ ਤੱਕ ਇਹ ਗਿਣਤੀ ਵਧ ਕੇ 15 ਤੱਕ ਪਹੁੰਚ ਗਈ ਸੀ। ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਇਸ ਸੰਬੰਧੀ ਇੱਕ ਨਿਰੀਖਣ ਰਿਪੋਰਟ ਵੀ ਨਿਰਧਾਰਤ ਸਮੇਂ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।