
ਰਜਨੀ ਵਾਲੀਆ
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਸਾਡੀ ਹਿੰਮਤ ਇੱਟ ਵਰਗੀ,
ਸਾਡੇ ਜਜ਼ਬੇ ਚੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਗੱਲ ਸਮਝ ਦੀ ਹੁੰਦੀ ਏ,
ਕਿ ਸਮਝਾਉਣੀ ਨਈਂ ਪੈਂਦੀ |
ਜਿੱਥੇ ਉਸ ਲਉਣੀ ਲੱਗ ਜਾਵੇ,
ਕਦੇ ਲਾਉਣੀ ਨਈਂ ਪੈਂਦੀ |
ਇਹ ਉਸਨੂੰ ਹੀ ਮਿਲਦੀ ਏ,
ਜੋ ਰੂਹ ਮਗਰੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਜੋ ਦਿਲ ਵਿੱਚ ਧਿਆਇਆ ਏ,
ਅਸੀਂ ਉਹ ਪਾ ਕੇ ਦੱਸਾਂਗੇ |
ਅਸੀਂ ਪਾਣੀਂ ਦੀ ਫੱਟੀ ਤੇ,
ਕੁਝ ਤਾਂ ਵਾਹ ਕੇ ਦੱਸਾਂਗੇ |
ਉਹ ਮਨਜੂਰ ਕਰਾਂਵਾਂਗੇ,
ਜੋ ਉਸਨੂੰ ਮਨਜੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਤੂੰ ਤਖਤ ਵਾਲੀ ਹੋ ਕੇ,
ਖੁਦ ਨੂੰ ਰੱਬ ਸਮਝ ਲਿਆ ਏ |
ਕੱਢ ਜਨਤਾ ਤੋਂ ਮਤਲਬ,
ਖੁਦ ਨੂੰ ਸਭ ਸਮਝ ਲਿਆ ਏ |
ਨੀ ਤੈਨੂੰ ਆਕੜ ਲੈ ਬੈਠੀ,
ਤੇਰਾ ਵੀ ਕਸੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਨੀ ਸਾਡੇ ਦਿਲ ਨੇ ਫੁੱਲ ਵਰਗੇ,
ਸਾਡੇ ਜੇਰੇ ਪੱਥਰਾਂ ਜਏ |
ਨੀ ਅਸੀਂ ਵਹਿਣ ਹੀ ਮੋੜ ਦਿੱਤੇ,
ਜਿੱਥੇ ਵੀ ਜਾ ਕੇ ਪਏ |
ਨੀ ਤੂੰ ਅੰਨੀ ਕਿਉਂ ਫਿਰਦੀ,
ਕੀ ਤੈਨੂੰ ਦਿਸਦਾ ਪੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਤੈਨੂੰ ਫਿਟਕਾਰਾਂ ਪੈਣਗੀਆਂ,
ਤੇ ਤੇਰੇ ਤਾਜ ਵੀ ਰੋਲਾਂਗੇ |
ਕਿਉਂ ਹੰਕਾਰੀ ਫਿਰਦੀ ਏਂ,
ਨੀ ਹੁਣ ਤਾਂ ਰਾਜ ਵੀ ਰੋਲਾਂਗੇ |
ਤੂੰ ਜਿਸ ਵਿੱਚ ਡੁੱਬੀ ਫਿਰਦੀ,
ਨੀ ਓ ਤੇਰਾ ਸਰੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |
ਇਹ ਈਨਾਂ ਮਨਾਉਂਦੀ ਏ,
ਰਜਨੀ ਪਰ ਅਸੀਂ ਮੰਨਣੀ ਨਾ |
ਬਿੱਲ ਪਾੜਨੇ ਪੈਣੇਂ ਨੇਂ,
ਤੇ ਇਹਨੂੰ ਕਰਨੀ ਪੈਣੀਂ ਹਾਂ |
ਇਹ ਜੋ ਮਨਜੂਰ ਕਰੀ ਫਿਰਦੀ,
ਉਹ ਸਾਨੂੰ ਮਨਜੂਰ ਨਹੀਂ |
ਦਿੱਲੀਏ ਏ ਰਸਤੇ ਲਮੇਰੇ ਨੇਂ,
ਪਰ ਮੰਜਿਲ ਦੂਰ ਨਹੀਂ |