ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾਂ ਵਾਇਰਸ ਤੋਂ ਬਚਾਅ ਕਰਨ ਲਈ ਅਤੇ ਸ਼ਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਜ਼ਿਆਦਾਤਰ ਲੋਕ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਯੂਕੇ ਵਿੱਚ ਵੀ ਲੋਕ ਆਪਣਾ ਇਮਊਨਿਟੀ ਪੱਧਰ ਵਧਾਉਣ ਲਈ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਹਨ।ਇਸ ਸੰਬੰਧੀ ਬੀ ਬੀ ਸੀ ਦੁਆਰਾ ਕੀਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਲੰਡਨ ਦੀਆਂ ਦੁਕਾਨਾਂ “ਚ ਨਕਲੀ ਕੋਵਿਡ -19 ਇਮਊਨਿਟੀ ਬੂਸਟਰ ਵੇਚੇ ਜਾ ਰਹੇ ਹਨ ਜੋ ਕਿ ਭਾਰਤੀ ਦਵਾਈ ਨਿਰਮਾਤਾ ਨਾਲ ਸੰਬੰਧਿਤ ਹਨ। ਲੰਡਨ ਦੇ ਜ਼ਿਆਦਾਤਰ ਏਸ਼ਿਆਈ ਖੇਤਰਾਂ ਦੀਆਂ ਦੁਕਾਨਾਂ ਵਿੱਚ ‘ਕੋਰੋਨਿਲ’ ਜੋ ਕਿ ਭਾਰਤ ਤੋਂ ਇਕ ਜੜੀ ਬੂਟੀਆਂ ਨਾਲ ਬਣੀਆਂ ਗੋਲੀਆਂ ਹਨ, ਨੂੰ ਵੇਚਿਆ ਜਾਂਦਾ ਹੈ। ਇਸਦੇ ਨਿਰਮਾਤਾ ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਇਹ ਗੋਲੀਆਂ ਸਾਹ ਪ੍ਰਣਾਲੀ ਦੀ ਲਾਗ ਤੋਂ ਬਚਾਅ ਕਰਦੀਆਂ ਹਨ ਪਰ ਬੀ ਬੀ ਸੀ ਲਈ ਕੀਤੇ ਗਏ ਟੈਸਟ ਅਨੁਸਾਰ ਇਹ ਗੋਲੀਆਂ ਕੋਰੋਨਾਂ ਵਾਇਰਸ ਤੋਂ ਕੋਈ ਸੁਰੱਖਿਆ ਨਹੀਂ ਦਿੰਦੀਆਂ ਹਨ। ਇਸ ਸੰਬੰਧੀ ਬੀ.ਬੀ.ਸੀ ਲਈ ਬਰਮਿੰਘਮ ਯੂਨੀਵਰਸਿਟੀ ਦੁਆਰਾ ਇਸ ਦਵਾਈ ਲਈ ਕੀਤੇ ਗਏ ਲੈਬ ਟੈਸਟ ਵਿੱਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਗੋਲੀਆਂ ਵਿੱਚ ਬਨਸਪਤੀ ਅਧਾਰਤ ਤੱਤ ਹਨ ਜੋ ਕੋਵਿਡ -19 ਤੋਂ ਬਚਾਅ ਕਰਨ ਦੇ ਯੋਗ ਨਹੀਂ ਹਨ। ਐਡਵਰਟਾਈਜਿੰਗ ਸਟੈਂਡਰਡ ਅਥਾਰਟੀ (ਏ ਐਸ ਏ) ਦੇ ਅਨੁਸਾਰ ਯੂਕੇ ਵਿੱਚ ਕਿਸੇ ਸਿਹਤ ਦਾਅਵੇ ਅਨੁਸਾਰ ਇਹ ਪ੍ਰਮਾਣਿਤ ਨਹੀਂ ਹੈ ਕਿ ਕੋਈ ਪਦਾਰਥ ਇਮਊਨਿਟੀ ਪੱਧਰ ਨੂੰ ਵਧਾ ਸਕਦਾ ਹੈ।ਇਸਦੇ ਇਲਾਵਾ ਦੇਸ਼ ਵਿੱਚ ਕੋਰੋਨਾਂ ਵਾਇਰਸ ਦੇ ਲੱਛਣਾਂ ਨੂੰ ਰੋਕਣ, ਇਲਾਜ ਕਰਨ ਜਾਂ ਦੂਰ ਕਰਨ ਦੇ ਦਾਅਵੇ ,ਕਿਸੇ ਉਤਪਾਦ ਨੂੰ ਮੈਡੀਸਨਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐਮ ਐਚ ਆਰ ਏ) ਦੁਆਰਾ ਲਾਇਸੰਸਸ਼ੁਦਾ ਕੀਤੇ ਬਿਨਾਂ ਨਹੀਂ ਕੀਤੇ ਜਾ ਸਕਦੇ ਹਨ। ਐਮ ਐਚ ਆਰ ਏ, ਜਿਸਨੇ ਕਿਸੇ ਵੀ ਵਰਤੋਂ ਲਈ ਕੋਰੋਨਿਲ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਅਨੁਸਾਰ ਯੂਕੇ ਦੀ ਮਾਰਕੀਟ ਵਿੱਚ ਕੋਈ ਵੀ ਅਣ-ਅਧਿਕਾਰਿਤ ਚਿਕਿਤਸਕ ਉਤਪਾਦ ਵੇਚਣ ‘ਤੇ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।