ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਵਿਦੇਸ਼ਾਂ ‘ਚ ਨਿਰੰਤਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਗਲਾਸਗੋ ਦੇ ਗੁਰਦੁਆਰਾ ਐਲਬਰਟ ਡਰਾਈਵ ਵਿਖੇ ਸਥਾਨਕ ਨੌਜਵਾਨਾਂ ਵੱਲੋਂ ਵਿਸ਼ੇਸ਼ ਇਕੱਤਰਤਾ ਕਰਕੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ। ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ ਨੇ ਸੰਬੋਧਨ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜਿਦ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਸੰਵਾਦ ਰਚਾ ਕੇ ਵਧਦੇ ਜਾ ਰਹੇ ਪਾੜੇ ਨੂੰ ਮਿਟਾਉਣ ਦੀ ਕੋਸ਼ਿਸ਼ ਕਰੇ। ਇਸ ਸਮੇਂ ਨੌਜਵਾਨ ਆਗੂ ਤਜਿੰਦਰ ਸਿੰਘ ਭੁੱਲਰ, ਦੀਪਇੰਦਰ ਸਿੰਘ, ਸੁਖਚੈਨ ਸੁੱਖ ਮੀਨੀਆਂ, ਮੱਖਣ ਸਿੰਘ, ਗੁਰਭਜਨ ਸਿੰਘ, ਚਰਨਜੀਤ ਸਿੰਘ ਆਦਿ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਨੌਜਵਾਨਾਂ ਨੇ ਕਿਹਾ ਕਿ ਉਹ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਇਸ ਸਮੇਂ ਸਕਾਟਲੈਂਡ ਸਰਕਾਰ ਦੀਆਂ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਦਿਆਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸੀਮਤ ਇਕੱਠ ਦੇ ਨਿਯਮਾਂ ਅਨੁਸਾਰ ਸੰਕੇਤਕ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
