ਬਰੈਂਪਟਨ ( ਬਲਜਿੰਦਰ ਸੇਖਾ )

ਬਾਸਕਟਬਾਲ ਦੀ ਖੇਡ ਅੱਜ ਦੁਨੀਆ ਭਰ ਦੇ ਵਿੱਚ ਹਰਮਨ ਪਿਆਰੀ ਖੇਡ ਹੈ । ਅਮਰੀਕਾ ਦੀ NBA ਵਰਗੀ ਮਸ਼ਹੂਰ ਲੀਗ ਦੇ ਵਿੱਚ ਖੇਡ ਕੇ ਦੁਨੀਆ ਭਰ ਦੇ ਕਈ ਖਿਡਾਰੀਆਂ ਨੇ ਨਾਮਨਾ ਖੱਟਿਆ ਹੈ ।

ਤੁਸੀ ਸੋਚਿਆ ਕੀ ਕੋਈ ਇਨਸਾਨ ਬਾਸਕਟਬਾਲ ਨੂੰ ਘੁਮਾ ਕੇ ਵੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਸਕਦਾ ਹੈ ਜੀ ਹਾਂ । ਅੱਜ ਅਸੀਂ ਗੱਲ ਕਰਦੇ ਹਾਂ ਅਜਿਹੇ ਹੀ ਇੱਕ ਇਨਸਾਨ ਸੰਦੀਪ ਸਿੰਘ ਕੈਲਾ ਦੀ ਜੋ ਪਰਮਾਤਮਾ ਵੱਲੋਂ ਮਿਲੀ ਬਾਸਕਟਬਾਲ ਘੁਮਾਉਣ ਦੀ ਵੱਖਰੀ ਕਲਾ ਦੇ ਕਰਕੇ ਅੱਜ ਪੂਰੀ ਦੁਨੀਆ ਭਰ ਵਿੱਚ ਮਸ਼ਹੂਰ ਹੈ । ਮੋਗਾ ਜਿਲੇ ਦੇ ਧਰਮਕੋਟ ਨੇੜਲੇ ਪਿੰਡ ਬੱਡੂਵਾਲ ਦੇ ਵਸਨੀਕ ਸੰਦੀਪ ਨੇ ਬਾਸਕਟਬਾਲ ਨੂੰ ਘੁਮਾ ਕੇ ਤਿੰਨ ਗਿੰਨਿਜ ਵਰਲਡ ਰਿਕਾਰਡ ਤੇ ਇੱਕ ਲਿਮਕਾ ਰਿਕਾਰਡ ਬਣਾ ਕੇ ਪੰਜਾਬੀਆਂ ਦਾ ਸਿਰ ਪੂਰੀ ਦੁਨੀਆ ਭਰ ਦੇ ਵਿੱਚ ਉੱਚਾ ਕੀਤਾ ਹੈ ।

ਉਹ ਬਾਸਕਟਬਾਲ ਨਾਲ ਅਜਿਹੇ ਕਰਤੱਬ ਕਰਦਾ ਹੈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ । ਹੁਣ ਤੱਕ ਉਹ ਅਮਰੀਕਾ, ਇੰਗਲੈਂਡ, ਜਰਮਨੀ, ਹੰਗਰੀ, ਨੇਪਾਲ, ਮੈਕਸੀਕੋ ਤੇ ਭਾਰਤ ਦੇ ਦਿੱਗਜ਼ ਖਿਡਾਰੀਆਂ ਦੇ ਵਿਸ਼ਵ ਰਿਕਾਰਡ ਤੋੜ ਚੁੱਕਾ ਹੈ । ਹੁਣ ਉਹ ਆਪਣੇ ਹੀ ਰਿਕਾਰਡਾਂ ਨੂੰ ਤੋੜਣ ਵਿੱਚ ਲੱਗਾ ਹੋਇਆ ਹੈ । ਉਹ ਬਾਸਕਟਬਾਲ ਨਾਲ 16 ਵੱਖ-ਵੱਖ ਕਰਤੱਬ ਕਰ ਲੈਂਦਾ ਹੈ । ਉਹ ਇੱਕੋ ਸਮੇਂ ਚਾਰ ਬਾਸਕਟਬਾਲ ਵੀ ਘੁਮਾ ਲੈਂਦਾ ਹੈ ।

ਆਓ ਗੱਲ ਕਰਦੇ ਹਾਂ ਉਸ ਦੁਆਰਾ ਬਣਾਏ ਗਏ ਰਿਕਾਰਡਾਂ ਦੀ ਸੰਦੀਪ ਨੇ ਇਹ ਵਿਸ਼ਵ ਕੀਰਤੀਮਾਨ ਦੰਦਾਂ ਵਾਲੇ ਬੁਰਸ਼ ਨੂੰ ਮੂੰਹ ਵਿੱਚ ਰੱਖ ਕੇ ਉਸ ਉੱਪਰ ਬਾਸਕਟਬਾਲ ਨੂੰ ਘੁਮਾ ਕੇ 53 ਸੈਕਿੰਡ ਪੰਜਾਬ ਵਿੱਚ 8 ਅਪ੍ਰੈਲ 2017 ਨੂੰ , 60:50 ਸੈਕਿੰਡ ਕਨੈਡਾ ਵਿੱਚ 25 ਦਸੰਬਰ 2017 ਅਤੇ 68: 15 ਸੈਕਿੰਡ ਕਨੈਡਾ ਦੀ ਧਰਤੀ ਤੇ 1 ਜਨਵਰੀ 2019 ਨੂੰ ਕੀਤਾ ।

ਹੁਣ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 73:90 ਸੈਕਿੰਡ ਦੀ ਕੋਸ਼ਿਸ਼ ਮਈ 2019 ਨੂੰ ਕਨੈਡਾ ਵਿੱਚ ਕੀਤੀ ਹੈ । ਇਸ ਤੋਂ ਇਲਾਵਾ ਉਸ ਨੇ ਤਿੰਨ ਬਾਸਕਟਬਾਲਾਂ ਨੂੰ ਇੱਕੋ ਸਮੇਂ ਘੁਮਾਉਣ ਦੇ ਰਿਕਾਰਡ ਨੂੰ 19 ਸੈਕਿੰਡ ਪੰਜਾਬ ਵਿੱਚ 26 ਫ਼ਰਵਰੀ 2017 ਨੂੰ ਕੀਤਾ । ਹੁਣ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 20:98 ਸੈਕਿੰਡ, 21:51 ਸੈਕਿੰਡ, 22 ਸੈਕਿੰਡ, 22:37 ਸੈਕਿੰਡ ਅਤੇ 23:06 ਸੈਕਿੰਡ ਦੀ ਕੋਸ਼ਿਸ਼ ਕਨੈਡਾ ਦੀ ਧਰਤੀ ਤੇ 2020 ਵਿੱਚ ਕਰ ਚੁੱਕਾ ਹੈ ।

ਉਸ ਦਾ ਟੀਚਾ 10 ਵਿਸ਼ਵ ਰਿਕਾਰਡ ਕਾਇਮ ਕਰਨ ਦਾ ਹੈ ।ਉਹ ਕਹਿੰਦਾ ਹੈ ਕਿ ਰਿਕਾਰਡ ਹਮੇਸ਼ਾ ਟੁੱਟਣ ਲਈ ਹੀ ਬਣਦੇ ਹਨ ਪਰ ਫਿਰ ਵੀ ਉਹ ਅਜਿਹਾ ਵਿਸ਼ਵ ਰਿਕਾਰਡ ਕਾਇਮ ਕਰਨਾ ਚਾਹੁੰਦਾ ਹੈ ਜਿਸ ਨੂੰ ਕੋਈ ਵੀ ਤੋੜ ਨਾ ਸਕੇ ਜਿਸ ਲਈ ਉਸ ਦੀ ਮਿਹਨਤ ਅੱਜ ਵੀ ਜਾਰੀ ਹੈ । ਅੱਜ-ਕੱਲ੍ਹ ਉਹ ਮੇਰੇ ਗੁਆਂਢ ਕਨੈਡਾ ਦੇ ਸ਼ਹਿਰ ਬਰੈਮਪਟਨ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੁੰਦੇ ਹਰ ਖੇਡ ਮੇਲੇ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਰਿਹਾ ਹੈ ਅਤੇ ਨਾਲ ਨਾਲ ਕਨੈਡਾ ਅਤੇ ਅਮਰੀਕਾ ਵਿੱਚ ਹੁੰਦੇ ਵਾਲੀਬਾਲ ਸ਼ੂਟਿੰਗ ਦੇ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ ।

ਹੁਣ ਉਹ ਅਮਰੀਕਾ ਗਾਟ ਟੇਲੈਂਟ , ਬਿ੍ਰਟੇਨ ਗਾਟ ਟੇਲੈਂਟ ਅਤੇ NBA ਦੇ ਹਾਫ਼ ਟਾਇਮ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਣੇ ਚਾਹੁੰਦਾ ਹੈ । ਪਿੰਡ ਬੱਡੂਵਾਲ ਨੂੰ ਸੰਦੀਪ ਅਤੇ ਉਸ ਦੀ ਕਲਾ ਉੱਪਰ ਪੂਰਾ ਮਾਣ ਹੈ । ਜੇਕਰ ਕੋਈ ਉਸਦੀ ਵੀਡਿਓ ਦੇਖਣੀ ਚਾਹੁੰਦਾ ਹੈ ਤਾਂ ਯੂ ਟਿਊਬ ਉੱਪਰ ਉਸਦੇ ਇੱਕ ਨਿੱਜੀ ਚੈਨਲ ਸੰਦੀਪ ਸਿੰਘ ਬਾਸਕਟਬਾਲ ਉੱਪਰ ਜਾ ਕੇ ਦੇਖ ਸਕਦੇ ਹੋ । ਅਸੀਂ ਆਸ ਕਰਦੇ ਹਾਂ ਪੰਜਾਬ ਦਾ ਇਹ ਨੌਜਵਾਨ ਇਸ ਪ੍ਰਕਾਰ ਹੀ ਪੰਜਾਬ ( ਭਾਰਤ)ਤੇ ਕਨੇਡਾ ਦਾ ਨਾਮ ਰੌਸ਼ਨ ਕਰਦਾ ਰਹੇ ।

ਸੰਦੀਪ ਦਾ ਜਨਮ ਮੁਖ਼ਤਿਆਰ ਸਿੰਘ ਦੇ ਘਰ ਹੋਇਆ ।ਸੰਦੀਪ ਸਿੰਘ ਬਚਪਨ ਤੋਂ ਹੀ ਖੇਡਾਂ ਵਿੱਚ ਭਾਗ ਲੈਣ ਲੱਗਾ । ਉਸ ਨੇ 2004 ਵਿੱਚ ਵਾਲੀਬਾਲ ਸ਼ੂਟਿੰਗ ਖੇਡਣੀ ਸ਼ੁਰੂ ਕੀਤੀ ਸੀ ਉਸ ਸਮੇਂ ਤੋਂ ਹੀ ਉਸ ਨੇ ਬਾਲ ਘੁਮਾਉਣੀ ਸ਼ੁਰੂ ਕੀਤੀ ਪਰ ਉਸ ਸਮੇਂ ਉਸ ਨੂੰ ਇਹ ਨੀ ਪਤਾ ਸੀ ਕਿ ਉਸ ਦੀ ਇਸ ਕਲਾ ਕਰਕੇ ਉਹ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਵੇਗਾ ।

ਸਭ ਤੋਂ ਪਹਿਲਾਂ ਉਸ ਨੇ 2016 ਵਿੱਚ 25 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਡੇਵਿਡ ਕੈਨ ਦਾ 33 ਸੈਕਿੰਡ ਦਾ ਰਿਕਾਰਡ ਤੋੜ ਕੇ 45 ਸੈਕਿੰਡ ਕੀਤਾ ।ਇਹ ਰਿਕਾਰਡ ਉਸਨੇ ਵਾਲੀਬਾਲ ਨਾਲ ਤੋੜਿਆ ਪਰ ਗਿੰਨਿਜ ਵਰਲਡ ਰਿਕਾਰਡ ਵਾਲ਼ਿਆਂ ਨੇ ਉਸ ਦਾ ਇਹ ਰਿਕਾਰਡ ਦਰਜ ਨਹੀਂ ਕੀਤਾ ਕਿਉਂਕਿ ਉਹਨਾਂ ਕੋਲ ਵਾਲੀਬਾਲ ਨੂੰ
ਘੁਮਾਉਣ ਦੀ ਕੈਟਾਗਿਰੀ ਨਹੀਂ ਸੀ ।

ਫਿਰ ਉਸ ਨੇ ਜੁਲਾਈ 2016 ਵਿੱਚ ਬਾਸਕਟਬਾਲ ਘੁਮਾਉਣੀ ਸ਼ੁਰੂ ਕੀਤੀ ਤੇ 8 ਅਪ੍ਰੈਲ 2017 ਵਿੱਚ ਉਸਨੇ ਭਾਰਤ ਦੇ ਡਿਪਾਂਸ਼ੂ ਮਿਸ਼ਰਾ ਦਾ ਟੁੱਥਬਰੱਸ਼ ਉੱਤੇ ਬਾਸਕਟਬਾਲ ਘੁਮਾਉਣ ਦਾ ਗਿੰਨਿਜ ਦਾ 42:92 ਸੈਕਿੰਡ ਦਾ ਰਿਕਾਰਡ ਤੋੜ ਕੇ 53 ਸੈਕਿੰਡ ਕੀਤਾ । ਫਿਰ ਉਸਨੇ ਨੇਪਾਲ ਦੇ ਥਾਨਸੇਵਰ ਗੁਰਗਈ ਦੇ ਇੱਕੋ ਸਮੇਂ ਤਿੰਨ ਬਾਸਕਟਬਾਲਾਂ ਘੁਮਾਉਣ ਦਾ 11 ਸੈਕਿੰਡ ਦਾ ਨੈਸ਼ਨਲ ਰਿਕਾਰਡ ਤੋੜ ਕੇ 19 ਸੈਕਿੰਡ ਕੀਤਾ ਤੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ । ਫਿਰ ਉਸ ਦਾ 53 ਸੈਕਿੰਡ ਦਾ ਰਿਕਾਰਡ ਭਾਰਤ ਦੇ ਕੁਨਾਲ ਸਿੰਗਲ ਨੇ ਤੋੜ ਕੇ 55:80 ਸੈਕਿੰਡ ਕਰ ਦਿੱਤਾ ਅਤੇ ਫਿਰ ਕੁਨਾਲ ਸਿੰਗਲ ਦਾ 55:80 ਸੈਕਿੰਡ ਦਾ ਰਿਕਾਰਡ ਤੋੜ ਕੇ ਜਰਮਨ ਦੇ ਇਸਤਵਾਨ ਕਸਾਪੋ ਨੇ 55:90 ਸੈਕਿੰਡ ਕਰ ਦਿੱਤਾ ਪਰ ਹੁਣ ਸੰਦੀਪ ਕੇਨੈਡਾ ਆ ਚੁੱਕਾ ਸੀ ਅਤੇ ਸੂਰਮਾ ਇੱਥੇ ਵੀ ਟਿਕ ਕੇ ਨਾ ਬੈਠਾ ਤੇ 25 ਦਸੰਬਰ ਨੂੰ ਜਦੋਂ ਪੂਰੀ ਦੁਨੀਆ ਕ੍ਰਿਸਮਸ ਮਨਾ ਰਹੀ ਸੀ ਉਸ ਨੇ ਉਸ ਦਿਨ ਇਹ 55:80 ਸੈਕਿੰਡ ਦਾ ਰਿਕਾਰਡ ਤੋੜ ਕੇ 60:50 ਭਾਵ ਇੱਕ ਮਿੰਟ ਤੇ ਪੰਜਾਹ ਮਿਲੀ ਸੈਕਿੰਡ ਕਰ ਦਿੱਤਾ ਅਤੇ ਗਿੰਨਿਜ ਵਰਲਡ ਰਿਕਾਰਡ ਬੁੱਕ ਵਿੱਚ ਆਪਣਾ ਨਾਮ ਦੂਜੀ ਵਾਰ ਦਰਜ ਕਰਵਾਇਆ ਅਤੇ ਅਜਿਹਾ ਕਾਰਨਾਮਾ ਕਰਨ ਵਾਲਾ ਸੰਦੀਪ ਸਿੰਘ ਕੈਲਾ ਇਸ ਦੁਨੀਆ ਦਾ ਪਹਿਲਾ ਇਨਸਾਨ ਬਣ ਗਿਆ ।

ਉਸ ਤੋਂ ਪਹਿਲਾ ਬਾਸਕਟਬਾਲ ਘੁਮਾਉਣ ਵਿੱਚ ਇੱਕ ਮਿੰਟ ਕਿਸੇ ਨੇ ਨਹੀਂ ਕੀਤਾ ਸੀ ।ਇਸ ਤੋਂ ਪਹਿਲਾਂ ਇਹ ਰਿਕਾਰਡ 9 ਵਾਰ ਟੁੱਟ ਚੁੱਕਾ ਸੀ ਤੇ 10ਵੀ ਵਾਰ ਹੁਣ ਸੰਦੀਪ ਨੇ ਤੋੜਿਆ ਹੈ । 11ਵੀ ਵਾਰ ਹੁਣ ਉਸ ਨੇ ਆਪਣਾ ਹੀ ਰਿਕਾਰਡ ਤੋੜ ਕੇ 73:90 ਸੈਕਿੰਡ ਲਈ ਗਿੰਨਿਜ ਲਈ ਅਪਲਾਈ ਕਰ ਦਿੱਤਾ ਹੈ । ਹੁਣ ਉਹ ਅਜਿਹਾ ਵਿਸ਼ਵ ਕੀਰਤੀਮਾਨ ਸਥਾਪਿਤ ਕਰਨਾ ਚਾਹੁੰਦਾ ਹੈ ਜਿਸਨੂੰ ਕੋਈ ਤੋੜ ਹੀ ਨਾ ਸਕੇ ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦਾ ਹੈ ਕਿ ਰਿਕਾਰਡ ਹਮੇਸ਼ਾ ਟੁੱਟਣ ਲਈ ਬਣਦੇ ਹਨ ।

ਇਸ ਤੋਂ ਬਿਨਾ ਉਹ 4 ਹੋਰ ਰਿਕਾਰਡ ਬਾਸਕਟਬਾਲ ਘੁਮਾਉਣ ਵਿੱਚ ਬਣਾਉਣਾ ਚਾਹੁੰਦਾ ਹੈ। ਹੁਣ ਸੰਦੀਪ ਬਾਸਕਟਬਾਲ ਨਾਲ 16 ਵੱਖ ਵੱਖ ਕਰਤੱਬ ਕਰ ਲੈਂਦਾ ਹੈ। ਜਿਵੇ ਅੱਖਾਂ ਤੇ ਪੱਟੀ ਬੰਨ ਕੇ ਵੀ ਉਹ ਬਾਸਕਟਬਾਲਾਂ ਘੁਮਾ ਲੈਦਾ ਹੈ। ਅੱਜ ਕੱਲ੍ਹ ਉਹ ਕੇਨੈਡਾ ਦੇ ਬਰੈਮਪਟਨ ਸ਼ਹਿਰ ਵਿੱਚ ਰਹਿ ਰਿਹਾ ਹੈ। ਉਹ ਕੇਨੈਡਾ ਅਤੇ ਅਮਰੀਕਾ ਵਿੱਚ ਹੁੰਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾ ਰਿਹਾ ਹੈ। ਇਸ ਤੋਂ ਬਿਨਾ ਉਹ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਾ ਹੈ। ਨਾਲ ਹੀ ਨਾਲ ਸੰਦੀਪ ਕੇਨੈਡਾ ਤੇ ਅਮਰੀਕਾ ਵਿੱਚ ਹੁੰਦੇ ਵਾਲੀਬਾਲ ਸ਼ੂਟਿੰਗ ਦੇ ਟੂਰਨਾਮੈਂਟ ਵੀ ਬਰੈਮਪਟਨ ਵੱਲੋਂ ਖੇਡ ਰਿਹਾ ਹੈ ਤੇ ਉਸਨੇ ਕਈ ਟੂਰਨਾਮੈਂਟ ਜਿੱਤੇ ਵੀ ਹਨ।

ਸੰਦੀਪ ਨੇ ਪੂਰੀ ਦੁਨੀਆ ਨੂੰ ਦੱਸਿਆ ਹੈ ਕਿ ਬੱਡੂਵਾਲ ਪਿੰਡ ਕਿੱਥੇ ਵਸਦਾ ਹੈ ਅਤੇ ਉਸ ਨੇ ਪੂਰੀ ਦੁਨੀਆਂ ਦੇ ਨਕਸ਼ੇ ਉੱਤੇ ਪਿੰਡ ਬੱਡੂਵਾਲ, ਜ਼ਿਲ੍ਹੇ ਮੋਗੇ ਅਤੇ ਆਪਣੇ ਸੋਹਣੇ ਦੇਸ਼ ਪੰਜਾਬ ਦਾ ਨਾਮ ਚਮਕਾਇਆ ਹੈ। ਉਹ ਨਸ਼ਿਆਂ ਤੋਂ ਹਮੇਸ਼ਾਂ ਦੂਰ ਰਹਿੰਦਾ ਹੈ ।ਉਸਨੇ ਸ਼ੋਸ਼ਲ ਮੀਡੀਆ ਦੀ ਵੀ ਹਮੇਸ਼ਾਂ ਸਹੀ ਵਰਤੋਂ ਕੀਤੀ ਹੈ ।ਉਸ ਦਾ ਯੂ ਟਿਊਬ ਉੁੱਤੇ ਖੁਦ ਦਾ ਚੈਨਲ ਸੰਦੀਪ ਸਿੰਘ ਬਾਸਕਟਬਾਲ ਦੇ ਨਾਮ ਤੇ ਹੈ ਜੇਕਰ ਕੋਈ ਉਸ ਦੀ ਵੀਡੀਓ ਦੇਖਣੀ ਚਾਹੁੰਦਾ ਹੈ ਤਾ ਦੇਖ ਸਕਦਾ ਹੈ ।


ਇਸ ਤੋਂ ਇਲਾਵਾ ਉਸਦੇ ਅਖਬਾਰਾਂ ਵਿੱਚ 100 ਦੇ ਕਰੀਬ ਆਰਟੀਕਲ ਲੱਗ ਚੁੱਕੇ ਹਨ ਅਤੇ 11 ਅੰਤਰਰਾਸ਼ਟਰੀ ਟੀ਼ ਵੀ਼ ਚੈਨਲਾਂ ਨਾਲ ਇੰਟਰਵਿਊ ਕਰ ਚੁੱਕਾ ਹੈ।ਉਸ ਉੁੱਤੇ ਇੱਕ Documentary (ਦਸਤਾਵੇਜ਼ੀ) ਫ਼ਿਲਮ ਵੀ ਬਣ ਚੁੱਕੀ ਹੈ । ਇੰਨੀ ਛੋਟੀ ਜਿਹੀ ਉਮਰ ਵਿੱਚ ਇੰਨਾਂ ਕੁਝ ਕਿਸੇ ਕਿਸੇ ਦੇ ਹਿੱਸੇ ਆਉਦਾਂ ਹੈ । ਇਸ ਸਭ ਕੁਝ ਲਈ ਉਹ ਹਮੇਸ਼ਾਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਰਹਿੰਦਾ ਹੈ ।
ਉਸਦਾ 1:08.15 seconds ਦਾ ਬਣਾਇਆ ਰਿਕਾਰਡ ਅਜੇ ਤੱਕ ਬਰਕਰਾਰ ਹੈ ਹੁਣ ਉਹ ਅਜਿਹਾ ਵਿਸ਼ਵ ਕੀਰਤੀਮਾਨ ਸਥਾਪਿਤ ਕਰਨਾ ਚਾਹੁੰਦਾ ਹੈ ਜਿਸਨੂੰ ਕੋਈ ਤੋੜ ਹੀ ਨਾ ਸਕੇ ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦਾ ਹੈ ਕਿ ਰਿਕਾਰਡ ਹਮੇਸ਼ਾ ਟੁੱਟਣ ਲਈ ਬਣਦੇ ਹਨ।ਉਸ ਦੇ ਉੱਜਲੇ ਭਵਿੱਖ ਦੀ ਕਾਮਣਾ ਕਰਦੇ ਹਾ।