?ਮੁਨੱਖਤਾ ਦੀ ਸੇਵਾ ਕਰਨਾ ਹੀ ਸਾਡਾ ਮੁੱਖ ਉਦੇਸ਼ -ਧਾਮੀ
ਲੁਧਿਆਣਾ (ਆਰ.ਐਸ ਖਾਲਸਾ)

ਸੰਸਾਰ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ ਵਾਇਰਸ (ਕੋਵਿਡ 19 ) ਦੀ ਮਾਰ ਝੱਲ ਰਹੇ ਲੋਕਾਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋੜਵੰਦ ਵਿਅਕਤੀਆਂ ਦੀ ਹਰ ਪੱਖੋਂ ਮੱਦਦ ਕਰਨ ਹਿੱਤ ਸਿੱਖ ਕੋਂਸਲ ਆਫ ਸਕਾਟਲੈਂਡ ਅਤੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਸਾਂਝੇ ਰੂਪ ਵਿੱਚ ਸੀਮਤ ਸਾਧਨਾਂ ਰਾਹੀਂ ਆਪਣਾ ਮੋਹਰੀ ਰੋਲ ਨਿਭਾ ਰਹੀਆਂ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਾਨਕ ਚੈਰੀਟੇਬਲ ਟਰੱਸਟ ਗਲਾਸਗੋ ਦੇ ਪ੍ਰੱਮਖ ਸੇਵਾਦਾਰ ਸ. ਗੁਰਮੇਲ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਪਤਾ ਭਰੀ ਇਸ ਘੜੀ ਵਿੱਚ ਲੋੜਵੰਦਾਂ ਲਈ ਆਰੰਭ ਹੋਏ ਵੱਡੇ ਸੇਵਾ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਾਡੀਆਂ ਸੰਸਥਾਵਾਂ ਦੇ ਮੈਂਬਰ ਪੂਰੀ ਤਰ੍ਹਾਂ ਤਤਪਰ ਹਨ।

ਇਸੇ ਮਿਸ਼ਨ ਦੀ ਪ੍ਰਾਪਤੀ ਲਈ ਪੰਜਾਬ ਦੇ ਦੋਆਬਾ ਇਲਾਕੇ ਅੰਦਰ ਪੈਦੇ ਕਸਬਿਆਂ ਵਿੱਚ ਸਰਕਾਰੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿੱਥੇ ਪਹਿਲਾਂ ਲੋੜਵੰਦ ਵਿਅਕਤੀਆਂ ਲਈ ਲੰਗਰ ਬਣਾ ਕੇ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਉੱਥੇ ਹੁਣ ਅਸੀਂ ਲੋੜਵੰਦਾਂ ਨੂੰ ਘਰ ਘਰ ਜਾ ਕੇ ਸੁੱਕੇ ਰਾਸ਼ਨ ਦੀਆਂ ਕਿੱਟਾਂ (ਥੈਲੀਆਂ) ਪੁਹੰਚਾਣ ਦੀ ਸੇਵਾ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਕਰ ਰਹੇ ਹਾਂ। ਇਸ ਦੋਰਾਨ ਉਨ੍ਹਾਂ ਨਾਲ ਹਾਜ਼ਰ ਸਿੱਖ ਕੋਂਸਲ ਆਫ ਸਕਾਟਲੈਂਡ ਦੇ ਪ੍ਰਤੀਨਿਧ ਸ.ਤਰਨਦੀਪ ਸਿੰਘ ਸੰਧਰ ਨੇ ਦੱਸਿਆ ਕਿ ਸੇਵਾ ਕਾਰਜਾਂ ਦੀ ਚਲ ਰਹੀ ਲੜੀ ਤਹਿਤ ਅਸੀਂ ਮੱਧ ਪ੍ਰਦੇਸ਼ ਦੇ ਆਦਿਵਾਸੀ ਇਲਾਕਿਆਂ ਵਿੱਚ ਭੁੱਖਮਰੀ ਨਾਲ ਪੀੜਤ ਗਰੀਬ ਸਿਕਲੀਗਰ ਤੇ ਵਣਜ਼ਾਰੇ ਸਿੱਖਾ ਲਈ ਵੀ ਵੱਡੇ ਪੱਧਰ ਤੇ ਰਾਹਤ ਸਮੱਗਰੀ ਪਹੁੰਚਾ ਰਹੇ ਹਾਂ। ਦੋਹਾਂ ਸੰਸਥਾਵਾਂ ਦੇ ਸੇਵਾਦਾਰਾਂ ਨੇ ਸ਼ਪਸ਼ੱਟ ਰੂਪ ਵਿੱਚ ਕਿਹਾ ਕਿ ਸਾਡਾ ਮੁੱਖ ਉਦੇਸ਼ ਆਪਣੇ ਸੀਮਤ ਸਾਧਨਾਂ ਰਾਹੀਂ ਸੱਚੇ ਦਿਲੋਂ ਮੁਨੱਖਤਾ ਦੀ ਸੇਵਾ ਕਰਨਾ ਹੈ, ਬੇਸ਼ੱਕ ਉਕਤ ਸੇਵਾ ਕਾਰਜ ਬੜਾ ਵੱਡਾ ਤੇ ਖਰਚੀਲਾ ਹੈ ।ਪਰ ਅਕਾਲ ਪੁਰਖ ਦੀ ਅਸੀਸ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਰਾਵਾ ਦੇ ਵੱਡਮੁੱਲੇ ਸਹਿਯੋਗ ਨਾਲ ਅਸੀਂ ਆਪਣੀ ਸੇਵਾ ਕਾਰਜਾਂ ਦੀ ਮੁੰਹਿਮ ਜਾਰੀ ਰੱਖਾਂਗੇ।ਸ.ਧਾਮੀ ਨੇ ਸਮੂਹ ਪੰਜਾਬੀ ਐਨ.ਅਰ.ਆਇਜ਼ ਵੀਰਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਲੋੜਵੰਦ ਵਿਅਕਤੀਆਂ ਦੀ ਮੱਦਦ ਲਈ ਉਹ ਅੱਗੇ ਆਉਣ ਅਤੇ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ।