
ਦੁੱਖਭੰਜਨ ਰੰਧਾਵਾ
0351920036369
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਡੁੱਬਣੋਂ ਅੱਜ ਬਚਾ ਲੈ ਮੈਨੂੰ,
ਜਾਲ ਪਾ ਲੈ ਤੂੰ ਬਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਯਾਰਾ ਸਮਝ ਜਜਬਾਤ ਦਿਲੇ ਦੇ,
ਤੇ ਮੈਨੂੰ ਦੇ-ਦੇ ਢੋਈ |
ਜਿਹੜਾ ਮੈਂ ਹੁਣ ਰੋਗ ਲਾ ਬੈਠਾਂ,
ਉਹਦੀ ਜੜੀ-ਬੂਟੀ ਨਾ ਕੋਈ |
ਹੋ ਅੱਗੇ ਤੇ ਮੁੱਲ ਪਾ ਦੇ,
ਤੂੰ ਮੇਰੀਆਂ ਵੱਜੀਆਂ ਧਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਤੇਰੇ ਇੱਕ ਦੀਦਾਰ ਦੀ ਖਾਤਿਰ,
ਕਿਉਂ ਮੈਂ ਸੌ-ਸੌ ਹਾੜੇ ਕਰਦਾ |
ਦੀਦ ਹੋਈ ਨੂੰ ਕਿੰਨੇਂ ਦਿਨ ਹੋ ਗਏ,
ਤੇ ਹੁਣ ਜਾਵਾਂ ਕਿਉਂ ਮੈਂ ਮਰਦਾ |
ਹੁਣ ਤਾਂ ਖਬਰੇ ਅੱਗ ਚ ਤਰਨੈਂ,
ਤੇ ਪੈਣੈਂ ਮੁੱਲ ਸਵਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਦੱਸ ਟੁੱਟੀ ਹੋਈ ਏ ਕਿਹੜੀ,
ਗੱਲੋਂ ਤਾਰ ਮੇਰੇ ਸਾਜ਼ ਦੀ |
ਹੁੰਦੀ ਨਈਂ ਕਿਉਂ ਕਮੀ ਪੂਰੀ,
ਨੀ ਮੇਰੇ ਰਿਆਜ਼ ਦੀ |
ਮੈਨੂੰ ਮਿਲ ਰਿਹਾ ਏ ਫਲ ਦੱਸ,
ਕਿਹੜਿਆਂ ਗੁਨਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਸਾਬਤ ਜਿਹੜਾ ਦਿਸਦਾਂ ਤੈਨੂੰ,
ਮੈਂ ਅੰਦਰੋਂ ਚੂਰਾ-ਚੂਰਾ ਹਾਂ |
ਤੇਰੀ ਇੱਕ ਕਮੀ ਦੇ ਕਰਕੇ,
ਜਿੰਦੇ ਅਧੂਰਾ-ਅਧੂਰਾ ਹਾਂ |
ਤੈਨੂੰ ਹੀ ਮੈਂ ਦੇਣਾ ਏ ਬੱਸ,
ਗਿਆਨ ਮੇਰਿਆਂ ਰਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |
ਆਸ ਹਮੇਸ਼ਾਂ ਦੁੱਖਭੰਜਨ ਦੀ,
ਵਹਿਣਾਂ ਵਿੱਚ ਕਿਉਂ ਵਹਿ ਜਾਂਦੀ ਏ |
ਫਰਿਆਦ ਹਮੇਸ਼ਾਂ ਦੁੱਖਭੰਜਨ ਦੀ,
ਇਕੱਲੀ ਕਾਰੀ ਕਿਉਂ ਰਹਿ ਜਾਂਦੀ ਏ |
ਮੇਰੀ ਜਿੰਦ ਨੂੰ ਹਰਜਾਨਾ ਕਈ ਵਾਰ,
ਭੁਗਤਣਾ ਪੈਂਦਾ ਗਲਤ ਸਲਾਹਾਂ ਦਾ |
ਮੈਨੂੰ ਚਾਹੀਦਾ ਏ ਹੁਣ,
ਸੇਕ ਤੇਰਿਆਂ ਸਾਹਾਂ ਦਾ |