19.4 C
United Kingdom
Wednesday, June 24, 2026

More

    ਬੀਕੇਯੂ ਉਗਰਾਹਾਂ ਦੇ ਜੱਥਿਆਂ ਨੇ ਤੋੜਿਆ ਹਰਿਆਣਾ ਪੁਲਿਸ ਦਾ ਚੱਕਰਵਿਊ

    ਬੈਕਫੁੱਟ ਤੇ ਆਈ ਖੱਟਰ ਸਰਕਾਰ ਨੇ ਰਾਹ ਖੋਹਲੇ
    ਅਸ਼ੋਕ ਵਰਮਾ
    ਬਠਿੰਡਾ,27 ਨਵੰਬਰ2020। ਪੰਜਾਬ ਹਰਿਆਣਾ ਦੀ ਸੀਮਾਂ ਤੇ ਪੈਂਦੇ ਡੱਬਵਾਲੀ ਅਤੇ ਖਨੌਰੀ ਬਾਰਡਰਾਂ ਨੇ ਹਜਾਰਾਂ ਕਿਸਾਨਾਂ ਦੇ ਜੋਸ਼ ਅੱਗੇ ਖੱਟਰ ਸਰਕਾਰ ਦੇ ਪ੍ਰਬੰਧ ਢਹਿ ਢੇਰੀ ਹੋ ਗਏ ਜਿਸ ਨੇ ਮੋਦੀ ਸਰਕਾਰ ਨੂੰ ਵੀ ਬੈਕਫੁੱਟ ਤੇ ਲੈਆਂਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੰਕੇ ਦੀ ਚੋਟ ਤੇ ਅੱਜ ਇਹਨਾਂ ਦੋਹਾਂ ਬਾਰਡਰਾਂ ਤੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ।  ਕਿਸਾਨਾਂ ਦੇ ਠਾਠਾਂ ਮਾਰਦੇ ਕਿਸਾਨਾਂ ਦੇ ਇਕੱਠਾਂ ਨੇ ਅਜਿਹਾ ਧਾਵਾ ਬੋਲਿਆ ਕਿ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ।ਵੀਰਵਾਰ ਸਵੇਰ ਤੋਂ ਹੀ ਇਹਨਾਂ ਦੋਵਾਂ ਥਾਵਾਂ ਤੇ ਇਹਨਾਂ ਕਿਸਾਨਾਂ ਦੇ ਕਾਫਲੇ ਪੁੱਜਣੇ ਸ਼ੁਰੂ ਹੋ ਗਏ ਸਨ। ਅੱਜ ਸਵੇਰ ਤੱਕ ਹੀ ਕਿਸਾਨ ਜੱਥਿਆਂ ਦੇ ਰੂਪ ’ਚ ਆਉਂਦੇ ਰਹੇ। ਜੱਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਅੱਜ ਦੋਵਾਂ ਥਾਵਾਂ ਤੋਂ ਦੋ ਲੱਖ ਕਿਸਾਨਾਂ ਨੇ ਦਿੱਲੀ ਕੁਚ ਸ਼ੁਰੂ ਕੀਤਾ ਹੈ।
                        ਭਾਵੇਂ ਅੱਜ 11.30 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਨੌਜਵਾਨਾਂ ਦੇ ਜੋਸ਼ ਨੇ ਐਸਾ ਉਬਾਲਾ ਮਾਰਿਆ ਕਿ ਕਰੀਬ ਸਾਢੇ ਦਸ ਵਜੇ ਹੀ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਪੁਲਸ ਦੀਆਂ ਤਿੰਨ ਕੰਪਨੀਆਂ , ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੇ ਵਾਹਨਾਂ ਨੂੰ ਤਾਇਨਾਤ ਕੀਤਾ ਹੋਇਆ ਸੀ। ਦੇਖਿਆ ਗਿਆ ਕਿ ਡੱਬਵਾਲੀ ਵਿਖੇ ਹਰਿਆਣਾ ਪੁਲਿਸ ਵੱਲੋਂ ਭਾਰੀ ਪੱਥਰਾਂ ਤੋਂ ਇਲਾਵਾ ਦੋ ਵੱਡੇ ਟਰਾਲੇ ਲਗਾ ਕੇ ਬੈਰੀਕੇਡਾਂ ਨਾਲ ਭਾਰੀ ਨਾਕੇਬੰਦੀ ਕੀਤੀ ਹੋਈ ਸੀ। ਇਸ ਮੌਕੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਹਰਿਆਣਾ ਪ੍ਰਸ਼ਾਸ਼ਨ ਨੂੰ ਤਿੱਖੇ ਲਹਿਜੇ ’ਚ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਉਹ ਜਾਂ ਤਾਂ ਕਿਸਾਨਾਂ ਦਾ ਰਾਹ ਛੱਡ ਕੇ ਪਾਸੇ ਹੋ ਜਾਵੇ ਜਾਂ ਫਿਰ ਖੂਨੀ ਭੇੜ ਝੱਲਣ ਲਈ ਤਿਆਰ ਹੋਵੇ।
                          ਕਿਸਾਨ ਆਗੂ ਵੱਲੋਂ ਕੀਤੇ ਐਲਾਨ ਤੋਂ ਬਾਅਦ ਜਦੋ ਕਿਸਾਨਾਂ ਨੇ ਵੱਡਾ ਹੱਲਾ ਬੋਲਿਆ ਤਾਂ ਕਿਸਾਨੀ ਰੋਹ ਨੇ ਦੇਖਦਿਆਂ ਹੀ ਦੇਖਦਿਆਂ ਰਸਤਾ ਖੋਹਲ ਦਿੱਤਾ। ਕਿਸਾਨ ਕਾਫਲੇ ਦੇ ਰੋਹ ਨੂੰ ਡੱਕਣ ਲਈ ਇੱਕ ਵਾਰ ਡੱਬਵਾਲੀ ਦੇ ਡੀ.ਐਸ.ਪੀ ਕੁਲਦੀਪ ਸਿੰਘ ਬੈਣੀਵਾਲ ਨੇ ਖੁਦ ਕਮਾਂਡ ਸੰਭਾਲਦਿਆਂ ਬੈਰੀਕੇਡ ਤੋੜਨ ਤੋਂ ਰੋਕਣ ਲਈ ਜੋਰ ਅਜਮਾਈ ਕੀਤੀ, ਪਰ ਸਫਲਤਾ ਹਾਸਲ ਨਾਂ ਹੋਈ। ਮਹੱਤਵਪੂਰਨ ਤੱਥ ਹੈ ਕਿ ਪੁਲਿਸ ਨੇ ਦੋਵਾਂ ਥਾਵਾਂ ਤੇ ਬਿਲੁਕਲ ਵੀ ਵਿਰੋਧ ਨਹੀਂ ਕੀਤਾ ਬਲਕਿ ਕਈ ਮੁਲਾਜਮ ਕਿਸਾਨਾਂ ਨੂੰ ਖੁਸ਼ੀ ਖੁਸ਼ੀ ਹੱਲਾਸ਼ੇਰੀ ਦਿੰਦੇ ਦਿਖਾਈ ਦਿੱਤੇ। ਇਸ ਮੌਕੇ ਕਿਸਾਨ ਕਾਫਲਿਆਂ ਨੇ ਜੇਤੂ ਅੰਦਾਜ ’ਚ ਮੋਦੀ ਅਤੇ ਖੱਟਰ ਸਰਕਾਰ ਖਿਲਾਫ ਨਾਅਰੇਬਾਜੀ ਦੌਰਾਨ ਯਾਤਰਾ ਸ਼ੁਰੂ ਕਰ ਦਿੱਤੀ। ਵੱਖ ਵੱਖ ਥਾਵਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਸੜਕ ਤੇ ਕਿਸਾਨਾਂ ਝੰਡਿਆਂ ਵਾਲੀਆਂ ਗੱਡੀਆਂ ਦਾ ਸਮੁੰਦਰ ਨਜ਼ਰ ਆ ਰਿਹਾ ਸੀ।
                                       ਕਾਫਲਿਆਂ ’ਚ ਸ਼ਾਮਲ ਬੱਚਿਆਂ ,ਬਜ਼ੁਰਗਾਂ, ਕਿਸਾਨ ਔਰਤਾਂ ਅਤੇ ਪੁਰਸ਼ਾਂ ਵੱਲੋਂ ਲਗਾਤਾਰ ਜੋਰਦਾਰ ਨਾਅਰੇਬਾਜੀ ਕੀਤੀ ਜਾ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਖਨੌਰੀ ਤੋਂ ਤੁਰੇ ਕਾਫਲੇ ਦੀ ਅਗਵਾਈ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕੀਤੀ ਜਦੋਂਕਿ ਡੱਬਵਾਲੀ ਤੋਂ  ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਬਿੰਦੂ ਦੀ ਅਗਵਾਈ ਹੇਠ ਕਾਫਲਾ ਰਵਾਨਾ ਹੋਇਆ । ਇਸ ਕਾਫਲੇ ਵਿਚ ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ, ਹਰਿਆਣਾ ਦੇ ਆਗੂ ਅਨਮੋਲ ਸਿੰਘ ਦੇਸੂ ਜੋਧਾਂ ਅਤੇ ਮਾਝੇ ਤੋਂ ਗੁਰਬਾਜ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਜੱਥੇ ਵੀ ਸਾਮਲ ਹੋਏ। ਇਸੇ ਤਰਾਂ  ਕਿਸਾਨ ਕਾਫਲੇ ਨੂੰ ਦੋ ਥਾਵਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤੀ ਨਾਕੇਬੰਦੀ ‘ਤੇ ਖੜੀਆਂ ਕੀਤੀਆਂ ਰੋਕਾਂ ਨੂੰ ਪਾਰ ਕਰਨ ਲਈ ਕਈ ਥਾਈਂ ਜੱਦੋ-ਜਹਿਦ ਕਰਨੀ ਪਈ ।
                    ਦੂਜੇ ਪਾਸੇ ਖਨੌਰੀ ਰਸਤੇ ਰਾਹੀਂ ਅੱਗੇ ਵਧੇ ਕਾਫਲੇ ਦੇ ਰਾਹ ਰੋਕਣ ਲਈ ਪੁਲਿਸ  ਵੱਲੋਂ ਨਰਵਾਣਾ ’ਚ ਰੋਕਣ ਲਈ ਖੜੀਆਂ ਕੀਤੀਆਂ ਰੋਕਾਂ  ਵੀ ਕਿਸਾਨ ਕਾਫਲੇ ਨੂੰ ਡੱਕਣ ‘ਚ ਨਾਕਾਮ ਰਹੀਆਂ। ਜੱਥੇਬੰਦੀ ਦੇ ਪਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਉਹ ਸਭਨਾਂ ਰੋਕਾਂ ਤੇ ਦੁਸ਼ਵਾਰੀਆਂ ਦੇ ਬਾਵਜੂਦ ਦਿੱਲੀ ਜਾ ਕੇ ਰਹਿਣਗੇ। ਕਾਲੇ ਖ਼ੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇਕ ਕਰੋੜ ਰੁਪਏ ਜ਼ੁਰਮਾਨੇ ਵਾਲੇ ਆਰਡੀਨੈਸ ਨੂੰ ਰੱਦ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜੱਥੇਬੰਦੀ ਵੱਲੋਂ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।  ਆਖਰੀ ਖਬਰਾਂ ਲਿਖੇ ਜਾਣ ਤੱਕ ਕਿਸਾਨਾਂ ਦੇ ਜੱਥਿਆਂ ਵੱਲੋਂ ਦਿੱਲੀ ਕੂਚ ਜਾਰੀ ਸੀ।
      ਹਰਿਆਣਾ ’ਚ ਕਾਫਲਿਆਂ ਅੱਗੇ ਪਲਕਾਂ ਵਿਛਾਈਆਂ
    ਹਰਿਆਣੇ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਵਧਦੇ ਕਿਸਾਨ ਕਾਫਲੇ ਦਾ ਥਾਂ ਥਾਂ ਭਰਵਾਂ ਸਵਾਗਤ ਕੀਤਾ। ਪਿੰਡਾਂ ਚ ਹਰਿਆਣਾ ਦੇ ਲੋਕਾਂ ਨੇ ਚਾਹ ਪਕੌੜੇ ਤੇ ਲੱਡੂਆਂ ਦੇ ਲੰਗਰ ਲਾਕੇ ਆਪਣਾ ਸਮਰਥਨ ਦਿੱਤਾ ਅਤੇ ਬਹੁਤ ਸਾਰੇ ਹਰਿਆਣਵੀ ਕਿਸਾਨ ਇਸ ਘੋਲ ਦਾ ਹਿੱਸਾ ਬਣਕੇ ਕਾਫਲਿਆਂ ਦੇ ਨਾਲ ਚੱਲ ਪਏ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਮੋਦੀ ਸਰਕਾਰ ਨੂੰ 1917 ’ਚ ਆਈ ਸਭ ਤੋਂ ਮਾੜੀ ਸਰਕਾਰ ਦੱਸਦਿਆਂ ਇਸ ਦੀਆਂ ਜੜਾਂ ਪੁੱਟ ਕੇ ਦਿੱਲੀਓਂ ਮੁੜਨ ਦੀ ਅਪੀਲ ਕੀਤੀ ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!