ਦੁੱਖਭੰਜਨ ਰੰਧਾਵਾ
0351920036369
ਕਰ ਗਈ ਏ ਘਾਣ ਮੇਰਾ,
ਤੋੜ ਗਈ ਏ ਮਾਣ ਮੇਰਾ |
ਮੈਨੂੰ ਦੇ ਕੋਈ ਚੰਦਰੀ,
ਸਜ਼ਾ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ,
ਦੁਆ ਮੇਰੇ ਮਾਲਕਾ |
ਦਿਲ ਨਾਲ ਖੇਡੀ ਤੇ,
ਤੋੜ ਕੇ ਓ ਸੁੱਟ ਗਈ |
ਮੈਨੂੰ ਕੱਪੜੇ ਦੇ ਵਾਂਗਰਾਂ,
ਨਿਚੋੜ ਕੇ ਓ ਸੁੱਟ ਗਈ |
ਅੱਧ-ਵਾਟੇ ਮੈਨੂੰ ਤੱਤੀ,
ਰੋੜ ਕੇ ਓ ਸੁੱਟ ਗਈ |
ਪੈ ਗਿਐ ਚੁਫੇਰੇ ਚ,
ਖਲਾਅ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ |
ਆਉਂਦੀਆਂ ਨਈ ਨੀਂਦਰਾਂ,
ਚਾਹੇ ਅੱਖਾਂ ਬੰਦ ਕਰ ਲਵਾਂ |
ਉਸਨੂੰ ਨਈ ਫਰਕ ਚਾਹੇ,
ਜਿਉਂਦਿਆਂ ਜੀ ਮਰ ਲਵਾਂ |
ਤਾਰੀ ਮੈਂ ਭਾਵੇਂ ਅੱਜ,
ਸਿਵੇ ਵਿੱਚ ਤਰ ਲਵਾਂ |
ਉਹਦੀ ਬੇਰੁਖੀ ਦਾ ਦੈਂਤ,
ਗਿਆ ਖਾ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ |
ਪੋਟਿਆਂ ਨੂੰ ਦੰਦਾਂ ਵਿੱਚ,
ਰੱਖ-ਰੱਖ ਵੱਡਦਾਂ |
ਪੀੜ ਤੇਰੇ ਜਾਣ ਵਾਲੀ,
ਮੈਂ ਅੱਖੀਆਂ ਚੋਂ ਕੱਢਦਾਂ |
ਜੀਅ ਬੜਾ ਕਰਦਾ ਏ,
ਜਿਉਣਾ ਹੁਣ ਛੱਡਦਾਂ |
ਮਿਲਦੀ ਨਈ ਭਾਲਿਆਂ,
ਦਵਾ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ |
ਬੇਕਦਰੇ ਦੇ ਨਾਲ ਕਿਉਂ,
ਭਿਆਲੀ ਦਿਲਾ ਪਾ ਲਈ |
ਬੇਕਦਰੀ ਕਰਵਾ ਕੇ ਤੂੰ,
ਇੱਜਤ ਗਵਾ ਲਈ |
ਹੁਣ ਪਿਆ ਮਰਨਾ ਏਂ,
ਕਿਹੜੀ ਪੰਡ ਪਾ ਲਈ |
ਮੈਨੂੰ ਨਾ ਘੜੀ-ਮੁੜੀ,
ਢਾਹ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ |
ਨਦੀ ਦੇ ਕਿਨਾਰਿਆਂ ਨੂੰ,
ਪੁੱਛ ਬਹਿ ਕੇ ਰੋਨਾ ਵਾਂ |
ਜਦੋਂ ਵੀ ਮੈਂ ਯਾਦ ਤੇਰੀ,
ਕੋਲ ਜਾ ਖਲੋਨਾ ਵਾਂ |
ਆਪਣੇ ਹੀ ਲਿਖਿਆਂ ਨੂੰ,
ਰੋ-ਰੋ ਕੇ ਗਾਉਨਾ ਵਾਂ |
ਏਨੀ ਕੂ ਹੀ ਮਿਲੀ ਏ,
ਵਫਾ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ |
ਦੁੱਖਭੰਜਨ ਨੂੰ ਜਾਣ ਲੱਗੇ,
ਨਾ ਕਿਸੇ ਨੇ ਵੀ ਰੋਕਿਆ |
ਜਖਮਾਂ ਨੂੰ ਪੀੜ ਦਿੱਤੀ,
ਪੀੜ ਨੂੰ ਨਾ ਟੋਕਿਆ |
ਜਾਣ ਪਿੱਛੋਂ ਸਗੋਂ ਬਾਰ,
ਵਿੱਚ ਕਿੱਲ ਠੋਕਿਆ |
ਅੰਦਰ ਦਿੱਤਾ ਰੱਖਕੇ,
ਗਲਾ ਮੇਰੇ ਮਾਲਕਾ |
ਛੱਡ ਜਾਣ ਵਾਲੀ ਜੀਵੇ ,
ਦੁਆ ਮੇਰੇ ਮਾਲਕਾ