ਰਜਨੀ ਵਾਲੀਆ
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਪੂਰੀਆਂ ਕਰ ਦੇਵੇ ਮੁਰਾਦਾਂ ਮੰਗੀਆਂ ਨੂੰ,
ਮਈਆ ਦਿਲ ਨਾ ਕਿਸੇ ਦਾ ਤੋੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਮੈਂ ਸੋਚਿਐ ਅੱਜ ਉਹਦੇ ਦਰ ਜਾਣੈਂ,
ਤੇ ਆਪਣੀ ਗਲਤੀ ਸੁਧਾਰਨੀ ਏ |
ਜਿਹੜੀ ਮੇਰੇ ਵਿੱਚ ਮੈਂ-ਮੈਂ ਆ ਗਈ,
ਮੈਂ-ਮੈਂ ਉਹ ਆਪਣੀ ਮੈਂ ਮਾਰਨੀ ਏ |
ਮੈਂ ਮੰਨਾਂ ਇੱਕ ਅਹਿਸਾਨ ਉਹਦਾ,
ਟੁੱਟੇ ਦਿਲਾਂ ਨੂੰ ਗੰਡਦੀ-ਜੋੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਰੁੱਖ ਪੱਤੀਆਂ ਪੌਦੇ ਤੇ ਖੁਸ਼ਬੋਈਆਂ,
ਆਕਾਸ਼ ਉਹਦੇ ਤੇ ਪਾਤਾਲ ਉਹਦੇ |
ਸਾਡੀ ਰੂਹ ਵਿੱਚ ਚੱਲਦੇ ਸਾਹ ਉਹਦੇ,
ਜ਼ਹਿਨ ਉਹਦੇ ਤੇ ਖਿਆਲ ਉਹਦੇ |
ਉਹਦੀ ਨਜ਼ਰ ਹੋਵੇ ਤਾਂ ਬਚ ਜਾਂਦੀ,
ਕਲੀ ਦੁਨੀਆਂ ਝੱਟ ਮਰੋੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਬੰਦਾ ਬੁਰਾ ਵੀ ਚੰਗਾ ਉਹਨੂੰ ਲਗਦਾ ਏ,
ਬੰਦੇ ਵਿੱਚ ਤਾਂ ਐਬ ਹਜਾ਼ਰ ਹੁੰਦਾ |
ਬੰਦਾ ਭਰਿਆ ਨਫਰਤਾਂ ਨਾਲ ਸਾਰਾ,
ਬਸ ਮਈਆ ਦੇ ਕੋਲ ਪਿਆਰ ਹੁੰਦਾ |
ਬੰਦਾ ਮਨ ਆਈਆਂ ਤਾਂ ਕਰ ਲੈਂਦਾ,
ਲੱਗੇ ਪਤਾ ਜਦੋਂ ਉਹ ਨਿਚੋੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਲੁਕਾਈ ਝੂਠਿਆਂ ਮਾਨਾਂ-ਗੁਮਾਨਾਂ ਅੰਦਰ,
ਹੈ ਹੋ ਕੇ ਚਕਨਾ ਚੂਰ ਬੈਠੀ |
ਸਾਰੀ ਤੇਰੇ ਅੰਦਰ ਹੈ ਤੇਰੀ ਅਸਲੀਅਤ,
ਮਈਆ ਹੋ ਕੇ ਦੱਸ ਕਦੋਂ ਦੂਰ ਬੈਠੀ |
ਬੰਦਾ ਕੱਖ ਦਾ ਤੇ ਕੱਖ ਦੀ ਗੱਲ ਕਰਦਾ,
ਗੱਲ ਮਈਆ ਦੀ ਹੁੰਦੀ ਕਰੋੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |
ਤੂੰ ਏਨਾਂ ਕੂ ਦਾਤੀਏ ਦੇ ਸਾਨੂੰ,
ਅਸੀਂ ਖਰਚੀਏ ਮੁੜ ਤੈਥੋਂ ਮੰਗੀਏ ਨਾ |
ਜੇ ਲੋੜ ਪੈ ਜਾਏ ਤਾਂ ਤੂੰ ਫੇਰ ਦੇ ਦਏ,
ਨੀ ਤੈਥੋਂ ਮੰਗਣ ਲੱਗੇ ਕਦੇ ਸੰਗੀਏ ਨਾ |
ਉਸ ਦਾਤੀ ਦੀ ਹੀ ਦੇਣ ਏ ਸਾਰੀ,
ਰਜਨੀ ਨੂੰ ਜਦੋਂ ਗੱਲ ਔੜਦੀ ਏ |
ਬਲ ਬਖਸ਼ਦੀ ਦਿਲਾਂ ਦੇ ਹਾਰਿਆਂ ਨੂੰ,
ਖਾਲੀ ਕਿਸੇ ਨੂੰ ਕਦੇ ਨਾ ਮੋੜਦੀ ਏ |