ਹਜਾਰਾਂ ਲੋਕਾਂ ਵਲੋਂ ਸ਼ਮੂਲੀਅਤ

ਮਲੇਰਕੋਟਲਾ, 07 ਨਵੰਬਰ (ਥਿੰਦ) ਫਰਾਂਸ ਦੇ ਇੱਕ ਅਧਿਆਪਕ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੇ ਇਤਰਾਜ਼ਯੋਗ ਕਾਰਟੂਨਾਂ ਦਾ ਪ੍ਰਕਾਸ਼ਨ ਕਰਨ ਅਤੇ ਫਰਾਂਸ ਦੇ ਰਾਸ਼ਟਰਪਤੀ ਵੱਲੋਂ ਉਸਦੀ ਹਮਾਇਤ ਕੀਤੇ ਜਾਣ ਦੇ ਵਿਰੋਧ ‘ਚ ਜੁਆਇੰਟ ਐਕਸ਼ਨ ਕਮੇਟੀ ਰਜਿ: ਪੰਜਾਬ ਦੇ ਪ੍ਰਧਾਨ ਸਾਹਿਬਜ਼ਾਦਾ ਨਦੀਮ ਅਨਵਾਰ ਖਾਨ ਦੀ ਅਗਵਾਈ ਵਿੱਚ ਸਥਾਨਕ ਸਰਹੰਦੀ ਦਰਵਾਜੇ ਵਿਖੇ ਜੁੰਮੇ ਦੀ ਨਮਾਜ਼ ਦੇ ਬਾਅਦ ਸੂਬਾ ਪੱਧਰੀ ਵਿਸ਼ਾਲ ”ਮੁਹੱਬਤ-ਏ-ਰਸੂਲ (ਸਲ.) ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਹੰਮਦ ਸਾਹਿਬ ਨੇ ਸਭ ਨੂੰ ਇਸ ਦੁਨੀਆਂ ਤੇ ਬਰਾਬਰ ਜਿਊਣ ਦਾ ਅਧਿਕਾਰ ਦਿੱਤਾ ਹੈ। ਉਹਨਾਂ ਦੀ ਨਜ਼ਰ ਵਿੱਚ ਕਾਲਾ/ਗੋਰਾ, ਪੜ੍ਹਿਆ ਲਿਖਿਆ/ ਅਣ-ਪੜ੍ਹ, ਅਮੀਰ/ਗਰੀਬ ਸਭ ਇੱਕ ਬਰਾਬਰ ਰੱਬ ਦੇ ਬੰਦੇ ਹਨ। ਮੁਹੰਮਦ (ਸ) ਇਕੱਲੇ ਮੁਸਲਮਾਨਾਂ ਦੇ ਨਬੀ ਨਹੀਂ ਬਲਕਿ ਹਰ ਸ਼ੈਅ ਦੇ ਨਬੀ ਹਨ। ਮੁਹੰਮਦ (ਸ) ਨੇ ਫਰਮਾਇਆ ਕਿ ਸਾਨੂੰ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਗੁਸਤਾਖ਼ੀ ਚਾਹੇ ਫਰਾਂਸ ਨੇ ਕੀਤੇ ਹੋਵੇ ਜਾਂ ਕਿਸੇ ਹੋਰ ਨੇ ਕੀਤੀ ਹੋਵੇ, ਉਹਨਾਂ ਨੂੰ ਗੋਡੇ ਟੈਕਣੇ ਪੈਣਗੇ। ਉਹਨਾਂ ਕਿਹਾ ਕਿ ਫਰਾਂਸ ਦੀਆਂ ਬਣੀਆਂ ਹੋਈਆਂ ਚੀਜ਼ਾਂ ਦਾ ਸਾਨੂੰ ਸਭ ਨੂੰ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਅਤੇ ਗੋਦੀ ਮੀਡੀਆ ਨੂੰ ਭੰਡੀ ਪ੍ਰਚਾਰ ਨਾ ਕਰਕੇ ਆਪਸ ਵਿੱਚ ਲੜਵਾਉਣ ਦੀਆਂ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ । ਇਸ ਮੌਕੇ ਇਰਤਕਾ-ਉਲ-ਹਸਨ-ਕਾਂਧਲਵੀ ਮੁਫ਼ਤੀ -ਏ-ਆਜ਼ਮ ਪੰਜਾਬ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਦਾ ਆਪਣੀ ਜ਼ੁਬਾਨ ਤੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਜਿੰਨ੍ਹਾਂ ਨੇ ਮੁਹੰਮਦ (ਸ) ਦੀ ਸ਼ਾਨ ਵਿੱਚ ਗੁਸਤਾਖ਼ੀ ਕੀਤੀ ਹੋਵੇ। ਉਹਨਾਂ ਦੀ ਇਸ ਮੌਕੇ ਪੂਰੀ ਇਨਸਾਨੀਅਤ ਦੀ ਭਲਾਈ ਅਤੇ ਸਲਾਮਤੀ ਦੀ ਲਈ ਦੂਆਵਾਂ ਕੀਤੀਆਂ ਅਤੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੌਲਾਨਾ ਮੁਹੰਮਦ ਆਜ਼ਮ, ਸਾਹਿਬਜਾਦਾ ਨਦੀਮ ਅਨਵਾਰ ਖਾਨ, ਮੁਫ਼ਤੀ ਮੁਹੰਮਦ ਦਿਲਸ਼ਾਦ, ਸ਼ਹਿਜ਼ਾਦ ਹੂਸੈਨ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ । ਇਸ ਮੌਕੇ ਮੁਹੰਮਦ ਮੁਸਤਾਕੀਮ ਲੁਧਿਆਣਾ, ਭਾਈ ਨਰਿੰਦਰਪਾਲ ਸਿੰਘ ਨਾਨੂ, ਮੋਹਨ ਸਿੰਘ, ਮੁਹੰਮਦ ਇਖਲਾਕ, ਮੁਕੱਰਮ ਸੈਫ਼ੀ, ਡਾ: ਅਬਦੁਲ ਗੱਫ਼ਾਰ,ਮੁਹੰਮਦ ਫ਼ਿਰੌਜ਼ ਫੌਜੀ, ਮੁਹੰਮਦ ਰਾਸ਼ੀਦ, ਮੁਹੰਮਦ ਇਲਯਾਸ, ਐਡਵੋਕੇਟ ਗਜ਼ਨਫ਼ਰ ਸਿਰਾਜ, ਮੁਹੰਮਦ ਸ਼ਾਹਿਦ, ਮੁਹੰਮਦ ਸ਼ਮਸ਼ਾਦ ਝੌਕ, ਮੁਹੰਮਦ ਜ਼ਾਹਿਦ, , ਮੁਹੰਮਦ ਅਰਸ਼ਦ ਕਿਲ੍ਹਾ, ਫ਼ਾਰੂਕ ਤੋ ਇਲਾਵਾ ਹਜ਼ਾਰਾ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੁਲੀਅਤ ਕੀਤੀ।