ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ),7 ਨਵੰਬਰ 2020

ਸੰਸਾਰ ਦੇ ਕਈ ਹੋਰ ਦੇਸਾਂ ਸਮੇਤ ਅਮਰੀਕਾ ਵਿੱਚ ਵੀ ਕੋਰੋਨਾਂ ਵਾਇਰਸ ਦਾ ਪ੍ਰਕੋਪ ਅਜੇ ਜਾਰੀ ਹੈ। ਦੇਸ਼ ਦੇ ਕਈ ਖੇਤਰਾਂ ਦੇ ਨਾਲ-ਨਾਲ ਫਰਿਜ਼ਨੋ ਵਿੱਚ ਵੀ ਵਾਇਰਸ ਦੀ ਲਾਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਊਂਟੀ ਵਿੱਚ ਸ਼ੁੱਕਰਵਾਰ ਨੂੰ 100 ਤੋਂ ਵੱਧ ਨਵੇਂ ਕੋਰੋਨਾਂ ਵਾਇਰਸ ਸੰਕਰਮਣ ਦੇ ਕੇਸ ਦਰਜ ਹੋਣ ਦੀ ਸੂਚਨਾ ਹੈ, ਅਤੇ ਕਾਉਂਟੀ ਦੇ ਮੈਡੀਕਲ ਅਧਿਕਾਰੀਆਂ ਨੇ ਕੋਵਿਡ-19 ਕਰਕੇ 7 ਹੋਰ ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ। ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਦੱਸਿਆ ਕਿ ਮਾਰਚ ਦੇ ਅਰੰਭ ਵਿੱਚ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਖੇਤਰ ਵਿੱਚ ਲਾਗ ਦੀ ਕੁੱਲ ਗਿਣਤੀ 32,000 ਨੂੰ ਪਾਰ ਕਰ ਗਈ ਹੈ। ਇਸਦੇ ਨਾਲ ਹੀ ਵੋਹਰਾ ਵੱਲੋਂ ਸ਼ੁੱਕਰਵਾਰ ਨੂੰ ਮੌਤਾਂ ਸੰਬੰਧੀ ਦਿੱਤੀ ਅਪਡੇਟ ਅਨੁਸਾਰ ਮੌਤਾਂ ਦੀ ਕੁੱਲ ਗਿਣਤੀ 454 ਹੋ ਗਈ ਹੈ।ਉਹਨਾਂ ਅਨੁਸਾਰ ਅਜਿਹੇ ਕਾਰੋਬਾਰੀ ਮਾਲਕ ਜੋ ਰਾਜ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਜਨਤਕ ਸਿਹਤ ਅਤੇ ਆਰਥਿਕਤਾ ਲਈ ਖਤਰਾ ਬਣਦੇ ਹਨ।ਯੂ ਐਸ ਵਿੱਚ ਇਸ ਹਫਤੇ ਪ੍ਰਤੀ ਦਿਨ 100,000 ਤੋਂ ਵੱਧ ਹੋ ਰਹੇ ਕੇਸ ਨਵੇਂ ਰਿਕਾਰਡ ਬਣਾ ਰਹੇ ਹਨ। ਇਸਦੇ ਨਾਲ ਹੀ ਪੂਰੀ ਵੈਲੀ ਵਿੱਚ ਸ਼ੁੱਕਰਵਾਰ ਜਿਸ ਵਿੱਚ ਫਰਿਜ਼ਨੋ, ਕਿੰਗਜ਼, ਮਡੇਰਾ, ਮਰੀਪੋਸਾ, ਮਰਸੀਡ ਅਤੇ ਤੁਲਾਰੇ ਕਾਉਂਟੀ ਆਦਿ ਸ਼ਾਮਿਲ ਹਨ ਵਿੱਚ 337 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਸ ਖੇਤਰ ਨੂੰ 1079 ਮੌਤਾਂ ਨਾਲ ਤਕਰੀਬਨ 74,500 ਵਾਇਰਸ ਪੀੜਿਤ ਲੋਕਾਂ ਦੀ ਗਿਣਤੀ ਤੱਕ ਪਹੁੰਚਾ ਦਿੱਤਾ ਹੈ।