ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਗਲਾਸਗੋ ਦੇ ਇੱਕ ਬੈਂਕ ਵਿੱਚ ਦਿਨ ਦਿਹਾੜੇ ਡਾਕਾ ਵੱਜਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਦੁਪਹਿਰ ਦੇ ਲਗਭਗ 1:30 ਵਜੇ ਦੇ ਕਰੀਬ ਸ਼ਾਅਲੈਂਡਜ਼ ਖੇਤਰ ਵਿੱਚ ਕਿਲਮਰਨੌਕ ਰੋਡ ‘ਤੇ ਰਾਇਲ ਬੈਂਕ ਆਫ ਸਕਾਟਲੈਂਡ ਵਿੱਚ ਇਹ ਘਟਨਾ ਵਾਪਰੀ ਹੈ। ਇਸ ਦੌਰਾਨ ਇੱਕ ਆਦਮੀ ਦੁਆਰਾ ਬੈਂਕ ਦੇ ਸਟਾਫ ਨੂੰ ਬਲੇਡ ਨਾਲ ਧਮਕਾਉਣ ਤੋਂ ਬਾਅਦ ਤਿੰਨ ਅੰਕੜਿਆਂ ਦੀ ਰਕਮ ਜਬਤ ਕੀਤੀ ਗਈ ਹੈ। ਇਸ ਘਟਨਾਂ ਦੇ ਨਾਲ ਬੈਂਕ ਦਾ ਸਟਾਫ ਸਦਮੇ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਨੂੰ ਕੋਈ ਸਰੀਰਕ ਹਾਨੀ ਨਹੀਂ ਪਹੁੰਚੀ ਹੈ। ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮਾਉਂਟ ਸਟੂਅਰਟ ਸਟ੍ਰੀਟ ਦੇ ਨਾਲ ਅਤੇ ਫਿਰ ਕੁਈਨਜ਼ ਪਾਰਕ ਵੱਲ ਭੱਜ ਗਿਆ ਸੀ। ਹੁਣ ਪੁਲਿਸ ਦੁਆਰਾ ਉਸ ਆਦਮੀ ਨੂੰ ਲੱਭਣ ਵਿਚ ਸਹਾਇਤਾ ਦੀ ਅਪੀਲ ਕੀਤੀ ਗਈ ਹੈ। 30 ਤੋਂ 40 ਸਾਲਾਂ ਦੀ ਉਮਰ ਅਤੇ ਲਗਭਗ 5 ਫੁੱਟ 9 ਇੰਚ ਕੱਦ ਵਾਲਾ ਇਹ ਗੋਰਾ ਆਦਮੀ ਸਕਾਟਿਸ਼ ਮੂਲ ਦਾ ਦੱਸਿਆ ਗਿਆ ਹੈ। ਵਾਰਦਾਤ ਟਾਈਮ ਇਸਨੇ ਜਾਮਨੀ ਰੰਗ ਦੀ ਟੀ-ਸ਼ਰਟ ਦੇ ਨਾਲ ਇਕ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਸੀ। ਉਸ ਨੇ ਇੱਕ ਕਾਲੇ ਰੰਗ ਦੀ ਟੋਪੀ ਅਤੇ ਫੇਸ ਮਾਸਕ ਵੀ ਪਾਇਆ ਹੋਇਆ ਸੀ। ਸਕਾਟਲੈਂਡ ਪੁਲਿਸ ਵੱਲੋਂ ਇਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।