
ਅਸ਼ੋਕ ਵਰਮਾ
ਬਠਿੰਡਾ, 7 ਨਵੰਬਰ2020: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਵਿਰੁੱਧ ਚੱਲ ਰਹੇ ਧਰਨੇ ’ਚ ਆਉਣ ਸਮੇਂ ਪੰਜ ਨਵੰਬਰ ਨੂੰ ਇੱਕ ਕਿਸਾਨ ਦੀ ਲੱਤ ਟੁੱਟਣ ਦੇ ਮਾਮਲੇ ’ਚ ਅੱਜ ਜਾਣਾ ਟੋਲ ਪਲਾਜੇ ਤੇ ਸੜਕ ਜਾਮ ਕਰਨ ਉਪਰੰਤ ਪ੍ਰਸ਼ਾਸ਼ਨ ਨੇ ਇਲਾਜ ਲਈ ਹਾਮੀ ਭਰ ਦਿੱਤੀ ਹੈ। ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਕਿਸਾਨ ਗੁਰਚਰਨ ਸਿੰਘ ਦੇ ਸਖਤ ਜਖਮੀ ਹੋਣ ਕਾਰਨ ਕਿਸਾਨ ਸਰਕਾਰੀ ਤੌਰ ਤੇ ਮੁਫਤ ਇਲਾਜ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਜਦੋਂ ਜਾਮ ਲਾਇਆ ਗਿਆ ਤਾਂ ਪ੍ਰਸ਼ਾਸਾਨ ਕਿਸੇ ਸੁਣਵਾਈ ਤੋਂ ਪਾਸਾ ਵੱਟ ਗਿਆ ਸੀ।
ਅੱਜ ਕਿਸਾਨਾਂ ਨੇ ਜਾਮ ਲਾਉਣ ਉਪਰੰਤ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਦੀ ਮੰਗ ਨਾਂ ਮੰਨੀ ਗਈ ਤਾਂ ਪੰਜਾਬ ਭਰ ’ਚ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਕਿਸਾਨਾਂ ਦੇ ਸਖਤ ਰੁੱਖ ਨੂੰ ਦੇਖਦਿਆਂ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਇਲਾਜ ਲਈ ਸਹਿਮਤੀ ਜਤਾ ਦਿੱਤੀ ਜਿਸ ਤੋਂ ਬਾਅਦ ਜਾਮ ਖੋਹਲ ਦਿੱਤਾ ਗਿਆ। ਓਧਰ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ, ਮਾਲਣ ਕੌਰ, ਅਮਰੀਕ ਸਿੰਘ ਸਿਵੀਆਂ ਅਤੇ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਾਲ ਗੱਡੀਆਂ ਲਈ ਟਰੈਕ ਵਿਹਲੇ ਕਰਨ ਤੋਂ ਬਾਅਦ ਹੁਣ ਯਾਤਰੀ ਗੱਡੀਆਂ ਦੀ ਟੰਗ ਅੜਾ ਦਿੱਤੀ ਹੈ ਜਿਸ ਲਈ ਮੋਦੀ ਸਰਕਾਰ ਦਾ ਹੰਕਾਰ ਜਿੰਮੇਵਾਰ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਦਲਾਖੋਰੀ ਭਾਵਨਾ ਤਹਿਤ ਪੰਜਾਬ ਦਾ ਵਿਕਾਸ ਫੰਡ ਰੋਕਿਆ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਢੁੱਕਵੀਂ ਸਹਾਇਤਾ ਦੇਣ ਦੀ ਦਾਬਾ ਪਾਉਣ ਲੱਗੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਚਾਹੇ ਮੋਦੀ ਸਰਕਾਰ ਜੋ ਮਰਜੀ ਕਰ ਲਏ ਅੰਬਾਨੀਆਂ ਅਡਾਨੀਆਂ ਅਤੇ ਮੋਦੀ ਸਰਕਾਰ ਦੇ ਚਹੇਤਿਆਂ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ। ਇਸ ਧਰਨੇ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਅੱਜ ਵੀ ਮੁਫਤ ਸਿਹਤ ਸੇਵਾਵਾਂ ਲਈ ਮੈਡੀਕਲ ਕੈਂਪ ਜਾਰੀ ਰੱਖਿਆ ਗਿਆ।