4.6 C
United Kingdom
Sunday, April 20, 2025

More

    ਕਿਸਾਨ ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਵਿਚਕਾਰ ਬਣਿਆ ਵਿਵਾਦ ਸੁਲਝਿਆ

    ਮਾਮਲਾ ਸੜਕ ਜਾਮ ਦੌਰਾਨ ਦੋਵਾਂ ਧਿਰਾਂ ‘ਚ ਹੋਈਆਂ ਝੜਪਾਂ ਦਾ
    ਅਸ਼ੋਕ ਵਰਮਾ
    ਬਠਿੰਡਾ,5 ਨਵੰਬਰ2020: ਕਿਸਾਨ ਜੱਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਕਾਰ ਵੀਰਵਾਰ ਨੂੰ ਸੜਕ ਜਾਮ ਦੌਰਾਨ ਪੈਦਾ ਹੋਇਆ ਵਿਵਾਦ ਸੁਲਝਾ ਲਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਹਿਲਕਦਮੀ ਤੇ ਦੋਵਾਂ ਧਿਰਾਂ ਵਿਚਕਾਰ ਹੋਈ ਗੱਲਬਾਤ ਉਪਰੰਤ ਜਿਲਾ ਪ੍ਰਧਾਨ ਹੋਣ ਦੇ ਨਾਤੇ ਜਿੰਮੇਵਾਰੀ ਕਬੂਲਦਿਆਂ ਕਿਸਾਨ ਧਿਰਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਇਸ ਸਬੰਧੀ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਉਦੋਂ ਖੜਾ ਹੋਇਆ ਜਦੋਂ ਭਾਈ ਘਨੱਈਆ ਚੌਕ ਵਿਖੇ ਕੀਤੇ ਚੱਕਾ ਜਾਮ ਦੌਰਾਨ ਜਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਕਿਸੇ ਹੋਰ ਕਿਸਾਨ ਯੂਨੀਅਨ ਦਾ ਝੰਡਾ ਹੱਥ ਵਿੱਚ ਫੜੀ ਬੈਠੇ ਸਨ ਜਦੋਂਕਿ ਉਸ ਯੂਨੀਅਨ ਦਾ ਬਠਿੰਡਾ ’ਚ ਕੋਈ ਪ੍ਰੋਗਰਾਮ ਹੀ ਨਹੀਂ ਸੀ। ਸਟੇਜ ਪਿੱਛੇ ਬੈਠੇ ਆਪ ਆਗੂਆਂ ਨੇ ਨਾਅਰੇ ਵੀ ਮਾਰੇ ਸਨ ਜਿੱਥੋਂ ਗੱਲ ਵਿਗੜੀ ਸੀ।
                               ਇਸ ਮੌਕੇ ਪਾਰਟੀ ਦੇ ਵਲੰਟੀਅਰ ਹਰਮੀਤ ਸਿੰਘ ਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਬਹਿਸ ਮੁਬਾਸਾ ਵੀ ਹੋਇਆ ਸੀ। ਗੱਲ ਐਨੀ ਵਧ ਗਈ ਕਿ ਦੋਵੇਂ ਧਿਰਾਂ ਹੱਥੋ ਪਾਈ ਤੱਕ ਪੁੱਜ ਗਈਆਂ ਸਨ ਜਿਹਨਾਂ ਨੂੰ ਪੁਲਿਸ ਨੇ ਦਖਲ ਦੇਕੇ ਆਸੇ ਪਾਸੇ ਕਰ ਦਿੱਤਾ। ਸੂਤਰ ਦੱਸਦੇ ਹਨ ਕਿ ਪਾਰਟੀ ਵੱਲੋਂ ਰਾਮਪੁਰਾ ਹਲਕੇ ਦੇ ਪਿੰਡ ਬੁਰਜ ਗਿੱਲ ਦੇ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਸਲ ਮਾਮਲਾ ਨਿਪਟਾਉਣ ਲਈ ਪਹੰਚ ਕੀਤੀ ਸੀ। ਇਸੇ ਕਰਕੇ ਬੁਰਜ ਗਿੱਲ ਖੁਦ ਇਸ ਮੀਟਿੰਗ ’ਚ ਆਏ ਸਨ। ਪਤਾ ਲੱਗਿਆ ਹੈ ਕਿ ਇਸ ਮੌਕੇ ਕਿਸਾਨ ਆਗੂਆਂ ਨੇ ਆਪ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਕਿਸਾਨ ਆਗੂ ਦੂਸਰੀ ਕਿਸਾਨ ਜੱਥੇਬੰਦੀ ਦਾ ਝੰਡਾ ਲੈਕੇ ਉਹਨਾਂ ਦੇ ਧਰਨੇ ’ਚ ਸ਼ਾਮਲ ਹੋਣ ਨੂੰ ਲੈਕੇ ਨਰਾਜ ਦਿਖਾਈ ਦਿੱਤੇ।
                         ਸੂਤਰਾਂ ਨੇ ਦੱਸਿਆ ਕਿ ਆਪ ਆਗੂ ਸਮੂੱਚੀ ਜਾਣਕਾਰੀ ਵਲੰਟੀਅਰਾਂ ਦੇ ਸਿਰ ਸੁੱਟਣਾ ਚਾਹੁੰਦੇ ਸਨ ਪਰ ਕਿਸਾਨ ਧਿਰਾਂ ਦੀਆਂ ਦਲੀਲਾਂ ਅੱਗੇ ਉਹਨਾਂ ਦੀ ਇੱਕ ਨਾਂ ਚੱਲੀ। ਕਿਸਾਨ ਆਗੂਆਂ ਨੇ ਦੱਸਿਆ ਕਿ ਆਪ ਨੇਤਾਵਾਂ ਨੂੰ ਯਾਦ ਦਿਵਾਇਆ ਕਿ ਉਹਨਾਂ ਨੂੰ ਪੰਡਾਲ ’ਚ ਬੈਠਣਾ ਚਾਹੀਦਾ ਸੀ ਜਦੋਂਕਿ ਸਟੇਜ ਪਿੱਛੇ ਨਾਅਰੇਬਾਜੀ ਜਾਂ ਸ਼ੋਰ ਸ਼ਰਾਬੇ ਵਾਲੀ ਕਾਰਵਾਈ ਪੂਰੀ ਤਰਾਂ ਗਲਤ ਹੈ। ਕਿਸਾਨ ਆਗੂ ਅਮਰਜੀਤ ਸਿੰਘ ਹਨੀ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੇ ਨਾਤਾ ਨੂੰ ਸਾਰੀ ਸਥਿਤੀ ਤੋਂ ਤੱਥਾਂ ਸਾਹਿਤ ਜਾਣੂੰ ਕਰਵਾਇਆ ਗਿਆ ਤਾਂ ਉਹ ਮੰਨ ਗਏ ਕਿ ਇਹ ਮਾਮਲਾ ਸਹੀ ਨਹੀਂ ਸੀ। ਉਹਨਾਂ ਦੱਸਿਆ ਕਿ ਨਵਦੀਪ ਜੀਦਾ ਵੱਲੋਂ ਮੁਆਫੀ ਮੰਗਣ ਉਪਰੰਤ ਵੀਰਵਾਰ ਵਾਲੀ ਘਟਨਾ ਕਾਰਨ ਬਣਿਆ ਵਿਵਾਦ ਖਤਮ ਹੋ ਗਿਆ ਹੈ।
                               ਓਧਰ  ਆਮ ਆਦਮੀ ਪਾਰਟੀ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਪਾਰਟੀ ਦੇ ਜਿਲਾ ਜਨਰਲ ਸਕੱਤਰ ਰਾਕੇਸ਼ ਪੁਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਗੱਲ ਸਪਸ਼ਟ ਹੋ ਗਈ ਕਿ ਕਿਸੇ ਵਿਸ਼ੇਸ਼ ਕਿਸਾਨ ਯੂਨੀਅਨ ਦਾ ਝੰਡਾ ਜਾਣ-ਬੁੱਝ ਕੇ ਭਾਰੀ ਇਕੱਠ ਵਿੱਚ ਫੜਾ ਦਿੱਤਾ ਗਿਆ ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਸੀ। ਮੀਟਿੰਗ ਦੌਰਾਨ ਹੀ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ  ਹਰਮੀਤ ਸਿੰਘ ਵੱਲੋਂ ਕੀਤੀ ਬਹਿਸਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਦੋਵੇਂ ਜਿਲਾ ਪ੍ਰਧਾਨਾਂ ਗੁਰਜੰਟ ਸਿੰਘ ਸਿਵਿਆ ਅਤੇ ਨਵਦੀਪ ਜੀਦਾ ਨੇ ਕਾਰਨ ਦੱਸ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ ਜਾਏਗਾ। ਨੋਟਿਸ ਦਾ ਤਸੱਲੀਬਖਸ਼ ਜਵਾਬ ਨਾ ਮਿਲਣ ਤੇ ਪਾਰਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
                       ਇਸ ਮੌਕੇ ਨਵਦੀਪ ਸਿੰਘ ਜੀਦਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਤੌਰ ਕਿਸਾਨ ਪਹਿਲਾਂ ਦੀ ਤਰਾਂ ਹੀ ਵਧ ਚੜ ਕੇ ਹਿੱਸਾ ਲੈਂਦੇ ਰਹਿਣਗੇ ਤੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਜਾਰੀ ਰੱਖੀ ਜਾਏਗੀ। ਇਸ ਮੌਕੇ ਨਵਦੀਪ ਜੀਦਾ ਨੇ ਫਰਾਖਦਿਲੀ ਦਿਖਾਉਂਦਿਆਂ ਜਿਲਾ ਪ੍ਰਧਾਨ ਹੋਣ ਦੇ ਨਾਤੇ  ਹਰਮੀਤ ਸਿੰਘ ਵੱਲੋਂ ਕੀਤੀ ਗਲਤੀ  ਦੀ ਮੁਆਫੀ ਮੰਗ ਲਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਹਨੀ, ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪ੍ਰੈਸ ਸਕੱਤਰ ਰਣਜੀਤ ਸਿੰਘ ਜੀਦਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਆਗੂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!