
ਅਸ਼ੋਕ ਵਰਮਾ
ਬਠਿੰਡਾ,6 ਨਵੰਬਰ2020: ਬਠਿੰਡਾ ਪੁਲਿਸ ਨੇ ਗੈਂਗਸਟਰਾਂ ਅਤੇ ਲੁਟੇਰਿਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਗਿਰੋਹ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਇਸ ਨੂੰ ਤਿਉਹਾਰਾਂ ਦੇ ਦਿਨਾਂ ਕਰਕੇ ਵਧਾਈ ਸਖਤੀ ਦੇ ਮੱਦੇਨਜ਼ਰ ਵਰਤੀ ਜਾ ਰਹੀ ਚੌਕਸੀ ਦਾ ਸਿੱਟਾ ਕਰਾਰ ਦਿੱਤਾ ਹੈ। ਸੀਨੀਅਰ ਪੁਲਿਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਨੇ ਅੱਜ ਇਸ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਸੰਗਤ ਮੰਡੀ ਕੈਂਚੀਆਂ ਤੋਂ ਕਾਬੂ ਕੀਤੇ ਗਏ ਦੋਵੇਂ ਵਿਅਕਤੀ ਰਾਜਸਥਾਨ ਸੂਬੇ ਨਾਲ ਸਬੰਧਿਤ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਲੰਘੀ 23 ਅਕਤੂਬਰ ਬਠਿੰਡਾ ਦੇ ਟ੍ਰਾਂਸਪੋਰਟ ਨਗਰ ਕੋਲੋਂ ਇਸ ਗਿਰੋਹ ਦੇ 4 ਮੈਂਬਰਾਂ ਨੂੰ 23 ਅਕਤੂਬਰ ਨੂੰ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਸਨ। ਉਹਨਾਂ ਦੱਸਿਆ ਕਿ ਉਸੇ ਮਾਮਲੇ ਨੂੰ ਲੈਕੇ ਜਾਂਚ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ ਜਿਸ ਕਰਕੇ ਪੁਲਿਸ ਪਾਰਟੀ ਦੋਵਾਂ ਮੁਲਜਮਾਂ ਤੱਕ ਪਹੁੰਚ ਸਕੀ ਹੈ।
ਐਸਐਸਪੀ ਨੇ ਦੱਸਿਆ ਕਿ ਸਪੈਸ਼ਲ ਸਟਾਫ ਬਠਿੰਡਾ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਪੁਲਿਸ ਪਾਰਟੀ ਨਾਲ ਰਿੰਗ ਰੋਡ ਤੋਂ ਨਰੂਆਣਾ ਨੂੰ ਜਾਂਦੀ ਰੋਡ ’ਤੇ ਗੁਰਦੁਆਰਾ ਸਾਹਿਬ ਕੋਲ ਮੌਜੂਦ ਸਨ। ਇਸੇ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਰਕੇਸ਼ ਕੁਮਾਰ ਉਰਫ ਸੁਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਗੋਬਿੰਦਪੁਰਾ ਜ਼ਿਲਾ ਸੀਕਰ ਅਤੇ ਕਾਰਤਿਕ ਜਹਾਗੀਡ ਪੁੱਤਰ ਰਜਿੰਦਰ ਜਹਾਗੀਡ ਵਾਸੀ ਦੋਰਾਏ ਜਿਲ੍ਹਾ ਅਜਮੇਰ ਨੂੰ ਗਿ੍ਰਫਤਾਰ ਕਰ ਲਿਆ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਕੇਸ਼ ਕੁਮਾਰ ਗੈਗਸਟਰਾਂ, ਬਦਮਾਸ਼ਾਂ ਅਤੇ ਲੁਟੇਰਿਆਂ ਨੂੰ ਰਾਜਸਥਾਨ ਵਿੱਚੋਂ ਅਸਲਾ ਲਿਆ ਕੇ ਬਠਿੰਡਾ ਜਿਲੇ ਸਮੇਤ ਪੰਜਾਬ ਦੇ ਹੋਰਨਾਂ ਸ਼ਹਿਰਾਂ ’ਚ ਸਪਲਾਈ ਕਰਦਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ 32 ਬੋਰ ਦੇ 7 ਪਿਸਤੌਲ ਤੇ 35 ਕਾਰਤੂਸ ਅਤੇ 32 ਬੋਰ ਦੇ ਦੋ ਮੈਗਜੀਨ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਦੋਵਾਂ ਮੁਲਜਮਾਂ ਖਿਲਾਫ ਥਾਣਾ ਸਦਰ ਬਠਿੰਡਾ ’ਚ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਹੁਣ ਇਹਨਾਂ ਮੁਲਜਮਾਂ ਵੱਲੋਂ ਹੁਣ ਤੱਕ ਕਰੀਬ 15-16 ਹਥਿਆਰ ਸਪਲਾਈ ਕੀਤੇ ਜਾ ਚੁੱਕੇ ਹਨ। ਮੁਲਜਮ ਰਕੇਸ਼ ਕੁਮਾਰ 5 ਕਿੱਲੋ ਅਫੀਮ ਦੇ ਮਾਮਲੇ ’ਚ 10 ਸਾਲ ਦੀ ਸਜਾ ਹੋਈ ਸੀ ਜਿਸ ਨੂੰ ਲੈਕੇ ਉਹ ਫਰੀਦਕੋਟ ਜੇਲ੍ਹ ’ਚ ਬੰਦ ਰਿਹਾ ਹੈ। ਉਹ ਇਹਨਾਂ ਦਿਨਾਂ ’ਚ ਜਮਾਨਤ ਤੇ ਬਾਹਰ ਆਇਆ ਹੋਇਆ ਸੀ। ਉਹਨਾਂ ਦੱਸਿਆ ਕਿ ਰਿਮਾਂਡ ਹਾਸਲ ਕਰਨ ਉਪਰੰਤ ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਉਸ ਨੇ ਅਸਲਾ ਕਿਸ ਨੂੰ ਵੇਚਿਆ ਹੈ। ਉਹਨਾਂ ਦੱਸਿਆ ਕਿ ਮੁਲਜਮ ਰਕੇਸ਼ ਕੁਮਾਰ ਦੇ ਫਰੀਦਕੋਟ ਜੇਲ੍ਹ ਵਿਚਲੇ ਕੈਦੀਆਂ ਆਦਿ ਨਾਲ ਸਬੰਧਾਂ ਨੂੰ ਵੀ ਪੜਤਾਲਿਆ ਜਾ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਨੂੰ ਅੱਗ ਵਧਾਉਣ ਲਈ ਫਰੀਦਕੋਟ ਜੇਲ੍ਹ ਚੋਂ ਇੱਕ ਵਿਅਕਤੀ ਨੂੰ ਪ੍ਰਡਕਸ਼ਨ ਵਰੰਟ ਤੇ ਲਿਆਉਣ ਲਈ ਅਦਾਲਤ ’ਚ ਅਰਜੀ ਦੇਣ ਦੀ ਤਿਆਰੀ ਕਰ ਰਹੀ ਹੈ।