



ਅਸ਼ੋਕ ਵਰਮਾ
ਮਾਨਸਾ,6 ਨਵੰਬਰ 2020: ਜਦੋਂ ਸਿਰੜ ਨੇ ਜਜਬੇ ਦੀ ਬਾਂਹ ਫੜੀ ਤਾਂ ਇੱਕ ਮਿਸ਼ਨ ਬਣ ਗਿਆ ਜਿਸ ਤੇ ਡਾ ਰਣਜੀਤ ਸਿੰਘ ਰਾਏ ਦਾ ਸਫਰ ਨਿਰੰਤਰ ਜਾਰੀਹੈ। ਡਾ ਰਾਏ ਸਿਵਲ ਹਸਪਤਾਲ ਮਾਨਸਾ ’ਚ ਜਿਲ੍ਹੇ ਦਾ ਇਕਲੌਤਾ ਈਐਨਟੀ ਸਪੈਸ਼ਲਿਸਟ ਹੈ। ਜਿਸ ਰਸਤੇ ਤੋ ਉਹ ਤੁਰਿਆ ਹੈ ਉਸ ਤੇ ਹਰ ਕਿਸੇ ਦੇ ਚੱਲਣ ਦੀ ਜੁਰਅਤ ਨਹੀਂ ਪੈਂਦੀ ਹੈ। ਅੱਜ ਕੱਲ ਡਾ ਰਾਏ ਨੇ ਕਰੋਨਾ ਵਾਇਰਸ ਨਾਲ ਮੱਥਾ ਲਾਇਆ ਹੋਇਆ ਹੈ। ਮੌਸਮ ਕਿਹੋ ਜਿਹਾ ਹੋਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਬਲਕਿ ਸਵੇਰੇ ਜਲਦੀ ਉੱਠ ਕੇ ਉਹ ਆਮ ਲੋਕਾਂ ਦੇ ਸੈਂਪਲ ਲੈਣ ਲਈ ਚੱਲ ਪੈਂਦਾ ਹੈ ਅਤੇ ਵਾਪਿਸ ਆਉਂਦਿਆਂ ਕਈ ਵਾਰ ਰਾਤ ਹੋ ਜਾਂਦੀ ਹੈ। ਪਤਨੀ ਡਾ. ਮੁਖਵਿੰਦਰ ਕੌਰ ਉਹਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜਦੀ ਹੈ। ਪੈਸੇ ਦੇ ਇਸ ਯੁੱਗ ’ਚ ਦੋਵੇਂ ਪਤੀ ਪਤਨੀ ਸਰਕਾਰੀ ਸਿਹਤ ਸੇਵਾਵਾਂ ਨੂੰ ਸਮਰਪਿਤ ਅਤੇ ਪ੍ਰਾਈਵੇਟ ਪ੍ਰੈਕਟਿਸ ਵੀ ਨਹੀਂ ਕਰਦੇ ਹਨ।
ਉਹ ਆਖਦਾ ਹੈ ਕਿ ਜੋ ਮਸ਼ਾਲਾਂ ਬਾਲ ਕੇ ਨਿੱਕਲੇ ਹਨ ਉਹ ਝੱਖੜਾਂ ਦੀ ਪ੍ਰਵਾਹ ਨਹੀਂ ਕਰਦੇ । ਜਿਸ ਦਿਨ ਕੋਵਿਡ-19 ਨੇ ਪੈਰ ਧਰੇ ਸਨ ਤਾਂ ਉਸ ਨੇ ਧਾਰ ਲਿਆ ਸੀ ਕਿ ਹੁਣ ਪਿੱਛੇ ਨਹੀਂ ਹਟਣਾ ਅਤੇ ਹਰ ਹੀਲੇ ਕਰੋਨਾ ਨਾਲ ਮੁਕਾਬਲਾ ਕਰਨਾ ਹੈ। ਡਾ ਰਣਜੀਤ ਸਿੰਘ ਰਾਏ ਕਰੀਬ 17ਹਜਾਰ ਤੋਂ ਵੱਧ ਸੈਂਪਲ ਹਾਸਲ ਕਰ ਚੁੱਕਿਆ ਹੈ। ਇਸ ਦੌਰਾਨ ਉਹ ਕਰੋਨਾਂ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਵੀ ਕਰਦਾ ਹੈ। ਮਹੱਤਵਪੂਰਨ ਤੱਥ ਹੈ ਕਿ ਡਾ ਰਾਏ ਨੇ ਇਸ ਸਾਲ ’ਚ ਹੁਣ ਤੱਕ ਕੋਈ ਵੀ ਛੁੱਟੀ ਨਹੀਂ ਲਈ ਹੈ। ਡਾ ਰਾਏ ਦੀਆਂ ਸੇਵਾਵਾਂ ਨੂੰ ਦੇਖਦਿਆਂ ਉਹਨਾਂ ਨੂੰ ਡੀਜੀਪੀ ਪੰਜਾਬ ਵੱਲੋਂ ‘ਡੀਜੀਪੀ ਡਿਸਕ’ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਬਿਨਾਂ ਕਿੰਨੀਆਂ ਸਮਾਜਿਕ ਧਿਰਾਂ ਨੇ ਸਨਾਮਾਨਿਤ ਕੀਤਾ ਹੈ ਖੁਦ ਡਾ ਰਾਏ ਨੂੰ ਵੀ ਯਾਦ ਨਹੀਂ ਹੈ। ਮਾਨਸਾ ਜਿਲ੍ਹੇ ’ਚ ‘ਮਿਸ਼ਨ ਫਤਿਹ’ ਨੂੰ ਸਫਲ ਬਨਾਉਣ ਲਈ ਉਹਨਾਂ ਵੱਲੋਂ ਕੀਤੇ ਯਤਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਇਲ ਹਨ ਜੋ ਡਾ ਰਾਏ ਦੀ ਸ਼ਲਾਘਾ ਵੀ ਕਰ ਚੁੱਕੇ ਹਨ।
ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਜੁੜੇ ਕਲੱਬ ਉਸ ਦੇ ਸੱਦੇ ਤੇ ਮਨੁੱਖਤਾ ਦੀ ਸੇਵਾ ਲਈ ਝੱਟ ਹਾਜਰ ਹੋ ਜਾਂਦੇ ਹਨ। ਦਰਜਨਾਂ ਮੈਡੀਕਲ ਕੈਂਪ ਲਾਕੇ ਸੈਂਕੜੇ ਮਰੀਜਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਵੀ ਡਾ ਰਾਏ ਦੀ ਪ੍ਰਾਪਤੀਆਂ ’ਚ ਸ਼ੁਮਾਰ ਹੁੰਦੀ ਹੈ।ਡਾ. ਰਾਏ ਵੱਲੋਂ ਜਿਲ੍ਹਾ ਲੈਪਰੋਸੀ ਅਫਸਰ, ਜਿਲ੍ਹਾ ਟੀ.ਬੀ. ਅਫਸਰ, ਜਿਲ੍ਹਾ ਏਡਜ ਅਫਸਰ, ਜਿਲ੍ਹਾ ਸਿਹਤ ਅਫਸਰ ਅਤੇ ਇੰਚਾਰਜ ਮੈਡੀਕਲ ਅਫਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਵੀ ਸੇਵਾਵਾਂ ਨਿਭਾਈਆਂ ਜਾ ਚੁੱਕੀਆਂ ਹਨ। ਪੰਜਾਬ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਪੁਲਿਸ ਲਾਈਨ ਮਾਨਸਾ ਵਿੱਚ ਮੈਡੀਕਲ ਅਫਸਰ ਵਜੋਂ ਦਿੱਤੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਸਰਕਾਰੀ ਸਿਹਤ ਸਕੀਮਾਂ ਲੋਕਾਂ ਤੱਕ ਪਹੁੰਚਾਈਆਂ ਅਤੇ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਸਿਵਲ ਹਸਪਤਾਲ ਮਾਨਸਾ ਵਿੱਚ ਸਾਲ 2007 ਦੌਰਾਨ ਦੂਰਬੀਨ ਰਾਹੀਂ ਆਪ੍ਰੇਸ਼ਨ ਸ਼ੁਰੂ ਕਰਨ ਵਾਲੇ ਉਹ ਪਹਿਲੇ ਈਐਨਟੀ ਸਰਜਨ ਹਨ। ਪਹਿਲੇ ਜਿਲ੍ਹਾ ਟੀ.ਬੀ. ਅਫਸਰ ਦਾ ਚਾਰਜ ਸੰਭਾਲ ਕੇ ਸੋਧੇ ਹੋਏ ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ ਨੂੰ ਸਮੁੱਚੇ ਜਿਲ੍ਹੇ ਵਿੱਚ ਅਮਲ ’ਚ ਲਿਆਂਦਾ।
ਸਾਲ 2009 ਦੌਰਾਨ ਜਿਲੇ ਵਿੱਚ ਪਲਸ ਪੋਲਿਓ ਦੇ ਖਾਤਮੇ ਲਈ ਚੇਤਨਾ ਮੁਹਿੰਮ ਤਹਿਤ ਸਕੂਲ਼ੀ ਵਿਦਿਆਰਥੀਆਂ ਦੀ ਇੱਕ ਵਿਸ਼ਾਲ ਮਨੁੱਖੀ ਲੜੀ ਬਣਾਈ ਜਿਸ ਨੂੰ ਯੂਨੀਸੈਫ ਦੇ ਨੁਮਾਇੰਦਿਆਂ ਨੇ ਸਲਾਹਿਆ। ਮਾਨਸਾ ਪ੍ਰਸ਼ਾਸਨ ਵੱਲੋਂ 26 ਜਨਵਰੀ 2003, 2004, 2010 ਅਤੇ 15 ਅਗਸਤ 2009 ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ । ਸਮੇਂ ਸਮੇਂ ਦੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਆਪਣੀ ਸਮੀਖਿਆ ਅਤੇ ਨਿਰੀਖਣਾਂ ਦੌਰਾਨ ਡਾ ਰਾਏ ਦੀ ਪਿੱਠ ਥਾਪੜ ਕੇ ਗਏ ਹਨ। ਸੇਵਾ ਭਾਰਤੀ ਰਜਿ.ਮਾਨਸਾ, ਭਗਤ ਬਾਬਾ ਨਾਮਦੇਵ ਚੈਰੀਟੇਬਲ ਸੋਸਾਇਟੀ ਰਜਿ. ਮਾਨਸਾ, ਜੈ ਜਵਾਲਾ ਜੀ ਲੰਗਰ ਕਮੇਟੀ ਮਾਨਸਾ, ਨੌਜਵਾਨ ਸਹਾਰਾ ਕਲੱਬ ਕੋਟਧਰਮੂ, ਗੁਰੁ ਰਵਿਦਾਸ ਨੌਜਵਾਨ ਸਭਾ ਅਤੇ ਮੰਦਰ ਕਮੇਟੀ ਮਾਨਸਾ ਵੱਲੋਂ ਲਾਏ ਕੈਂਪਾਂ ’ਚ ਨਿਭਾਈ ਸੇਵਾ ਬਦਲੇ ਵੀ ਸਨਮਾਨਿਆ ਗਿਆ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮਿ੍ਰਤਸਰ ਵੀ ਡਾ ਰਾਏ ਦੀ ਸ਼ਲਾਘਾ ਕਰ ਚੁੱਕੀ ਹੈ। ਸਾਥੀ ਡਾਕਟਰਾਂ ਨਾਲ ਮਿਲ ਕੇ ਡਾ ਰਣਜੀਤ ਸਿੰਘ ਰਾਏ ਵੱਲੋਂ ਪੁਸਤਕ ਨੂੰ ਮੈਡੀਕਲ ਅਫਸਰਾਂ, ਪੁਲਿਸ ਅਤੇ ਵਕੀਲਾਂ ਲਈ ਮੀਲ ਪੱਥਰ ਮੰਨਿਆ ਜਾਂਦਾ ਹੈ।
ਇਹ ਸਨਮਾਨ ਵੀ ਮਿਲਿਆ
ਡਾ ਰਣਜੀਤ ਸਿੰਘ ਰਾਏ ਨੂੰ ਨਵੀਂ ਦਿੱਲੀ ਵਿਖੇ ਟੀ.ਬੀ. ਐਸੋਸੀਏਸ਼ਨ ਆਫ ਇੰਡੀਆ ਵੱਲੋਂ ਡਾ. ਐਸ.ਐਨ. ਤਿ੍ਰਪਾਠੀ ਮੈਮੋਰੀਅਲ ਅੋਰੇਸ਼ਨ ਐਵਾਰਡ ਵਰਗੇ ਕੌਮੀ ਪੱਧਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ। ਲਗਾਤਾਰ ਤਿੰਨ ਸਾਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਟੀ.ਬੀ. ਜਾਗਰੂਕਤਾ ਕੈਲੰਡਰ ਵੀ ਸੁਸਾਇਟੀ ਵੱਲੋਂ ਜਾਰੀ ਕਰਨ ਅਤੇ ਸਾਲ 2004 ਦੌਰਾਨ ਪਲਸ ਪੋਲੀਓ ਦੇ ਆਬਜ਼ਰਵਰ ਵਜੋਂ ਡਾ ਰਾਏ ਨੂੰ ਲੋਕਾਂ ਦੀ ਸ਼ਬਾਸ਼ ਮਿਲੀ। ਐਨ.ਪੀ.ਪੀ.ਸੀ.ਡੀ. ਦੇ ਜਿਲਾ ਨੋਡਲ ਅਫਸਰ ਵਜੋਂ ਕਾਰਜਾਂ ਦੀ ਸੂਬਾ ਪੱਧਰ ਤੇ ਸਲਾਹਿਆ ਗਿਆ ਅਤੇ ਹੋਰ ਵੀ ਸਨਮਾਨ ਮਿਲੇ ਹਨ।
ਵਹਾਅ ਦੇ ਉਲਟ ਤੁਰਨ ਦਾ ਅਹਿਦ
ਫਰਜਸ਼ਨਾਸ਼ੀ ਦੀ ਮਿਸਾਲ ਮੰਨੇ ਜਾਂਦੇ ਇਸ ਅਧਿਕਾਰੀ ਨੂੰ ਜਦੋਂ ਅਜੋਕੇ ਦੌਰ ਮੁਤਾਬਕ ਪੁੱਛਿਆ ਤਾਂ ਭਿ੍ਰਸ਼ਟਤੰਤਰ ਨੂੰ ਨਫਰਤ ਕਰਨ ਦੇ ਬਾਵਜੂਦ ਡਾ ਰਾਏ ਦਾ ਜਵਾਬ ਬੜੇ ਸਰਬ ਸੰਤੋਖ ਵਾਲਾ ਸੀ। ਉਹਨਾਂ ਕਿਹਾ ਕਿ ‘ਭਿ੍ਰਸ਼ਟਾਚਾਰ ਦੀ ਵਗਦੀ ਨਦੀ ਦੇ ਨਾਲ ਰੁੜਨਾ ਮੇਰੀ ਜਮੀਰ ਦੇ ਉਲਟ ਹੈ’,ਜਦੋਂ ਤੱਕ ਸਾਹ ਵਗਦੇ ਵਹਾਅ ਦੇ ਉਲਟ ਹੀ ਤੁਰਾਂਗਾ ।