
ਅਸ਼ੋਕ ਵਰਮਾ
ਮਾਨਸਾ,5ਨਵੰਬਰ2020: ਸੀਆਈਏ ਸਟਾਫ ਮਾਨਸਾ ਨੇ ਭਾਰੀ ਮਾਤਰਾ ’ਚ ਅਸਲਾ ਅਤੇ ਜਾਅਲੀ ਪਾਸਪੋਰਟ ਸਮੇਤ ਦੋ ਮੁਲਜਮਾਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਰੌਕੀ ਪੁੱਤਰ ਬਲਜੀਤ ਸਿੰਘ ਵਾਸੀ ਬਣਾਂਵਾਲਾ ਜਿਲ੍ਹਾ ਪਟਿਆਲਾ ਅਤੇ ਉਸ ਦੇ ਸਾਥੀ ਅਮਨੀਤਸ਼ੇਰ ਸਿੰਘ ਉਰਫ ਕਾਕੂ ਪੁੱਤਰ ਸ਼ਮਸ਼ੇਰ ਸਿੰਘ ਉਰਫ ਗੰਡਾ ਵਾਸੀ ਅਭੈਪੁਰ, ਹਾਲ ਆਬਾਦ ਪਟਿਆਲਾ ਵਜੋਂ ਹੋਈ ਹੈ। ਮੁਲਜਮਾਂ ਕੋਲੋਂ 1 ਪਿਸਤੌਲ 32 ਬੋੋਰ (ਚੈਕੋਸਲਵਾਕੀਆ ) ਤੇ 14 ਕਾਰਤੂਸ, 1 ਰਾਈਫਲ 30 ਬੋਰ ਤੇ 12 ਕਾਰਤੂਸ, 12 ਬੋਰ ਦੇ 5 ਕਾਰਤੂਸ ਅਤੇ ਜਾਅਲੀ ਪਾਸਪੋੋਰਟ ਅਤੇ ਆਧਾਰ ਕਾਰਡ ਵਗੈਰਾ ਤੋਂ ਇਲਾਵਾ ਔਢੀ ਕਾਰ ਬਰਾਮਦ ਕੀਤੀ ਹੈ। ਮੁਲਜਮਾਂ ਖਿਲਾਫ ਥਾਣਾ ਸਿਟੀ-2 ਮਾਨਸਾ ’ਚ ਧਾਰਾ 420 ,465 ,468, 471,419,120-ਬੀ.,229-ਏ ਅਤੇ ਅਸਲਾ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਅੱਜ ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਪੁਲਿਸ ਦੀ ਪ੍ਰਾਪਤੀ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਹੁਣ ਮੁਲਜਮਾਂ ਕੋਲੋਂ ਬਰਾਮਦ ਹਥਿਆਰਾਂ ਅਤੇ ਫਰਜੀ ਪਾਸਪੋਰਟ ਬਾਰੇ ਜਾਂਚ ਕਰੇਗੀ। ਉਹਨਾਂ ਦੱਸਿਆ ਕਿ ਮੁਲਜਮ ਐਨਾਂ ਸ਼ਾਤਰ ਦਿਮਾਗ ਹੈ ਕਿ ਉਸਨੇ ਕਿਸੇ ਹੋਰ ਨਾਮ ਹੇਠ ਦਿੱਲੀ ਦੇ ਪਤੇ ਹੇਠ ਦਿੱਲੀ ਤੋਂ ਹੀ ਪਾਸਪੋਰਟ ਬਣਾਇਆ ਹੋਇਆ ਹੈ। ਇਹੋ ਹੀ ਨਹੀਂ ਉਸ ਕੋਲੋਂ ਮਿਲਿਆ ਅਧਾਰ ਕਾਰਡ ਵੀ ਜਾਅਲੀ ਹੈ ਜੋ ਉਸ ਨੇ ਬਣਵਾਇਆ ਸੀ। ਉਹਨਾਂ ਦੱਸਿਆ ਕਿ ਪੁਲਿਸ ਹੁਣ ਇਹ ਪਤਾ ਲਾਏਗੀ ਕਿ ਇਹ ਦੋਵੇਂ ਅਹਿਮ ਦਸਤਾਵੇਜ਼ ਉਸਨੇ ਕਿਸ ਤਰਾਂ, ਕਿੱਥੋਂ ਤੋਂ ਬਣਵਾਏ ਅਤੇ ਇਹਨਾਂ ਨੂੰ ਤਿਆਰ ਕਰਨ ਪਿੱਛੇ ਕਿਸ ਦਾ ਹੱਥ ਹੈ। ਉਹਨਾਂ ਦੱਸਿਆ ਕਿ ਮੁਲਕ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਜਿਸ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ।
ਉਹਨਾਂ ਦੱਸਿਆ ਕਿ ਮੁਲਜਮ ਹਰਪਰੀਤ ਸਿੰਘ ਖਿਲਾਫ ਥਾਣਾ ਸ੍ਰੀ ਫਤਿਹਗੜ੍ਹ ਸਾਹਿਬ ’ਚ ਸਾਲ 2013 ਵਿੱਚ 10 ਗਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਸਬੰਧੀ ਮੁਕੱਦਮਾ ਦਰਜ ਹੋਇਆ ਸੀ ਜਿਸ ’ਚ ਇਹ ਸਾਲ 2014 ਤੋਂ ਭਗੌੜਾ ਹੋ ਗਿਆ ਸੀ। ਉਹਨਾਂ ਦੱਸਿਆ ਕਿ ਮੁਲਜਮਾਂ ਦੇ ਅੰਤਰਾਜੀ ਡਰੱਗ ਸਮਗਲਰਾਂ ਨਾਲ ਸਬੰਧ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਮਹੱਤਵਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾਂ ਹੈ। ਪਤਾ ਲੱਗਿਆ ਹੈ ਕਿ ਮੁਲਜਮ ਹਰਪਰੀਤ ਸਿੰਘ ਦਾ ਪ੍ਰੀਵਾਰ ਕੈਨੇਡਾ ਰਹਿੰਦਾ ਹੈ ਅਤੇ ਫਰਜੀ ਪਾਸਪੋਰਟ ਸਹਾਰੇ ਵਿਦੇਸ਼ ਭੱਜਣ ਦੇ ਚੱਕਰ ’ਚ ਸੀ ਪਰ ਪੁਲਿਸ ਦੇ ਹੱਥ ਲੱਗ ਗਿਆ।