7.5 C
United Kingdom
Sunday, March 8, 2026

More

    ਬੀਕੇਯੂ ਉਗਰਾਹਾਂ ਵੱਲੋਂ 14 ਜਿਲ੍ਹਿਆਂ ‘ਚ 30 ਥਾਂਵਾਂ ‘ਤੇ ਚੱਕਾ ਜਾਮ ਕਰਨ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,3 ਨਵੰਬਰ2020:ਮੋਦੀ ਹਕੂਮਤ ਦੇ ਕਿਸਾਨ ਉਜਾੜੂ ਖੇਤੀ ਕਾਨੂੰਨਾਂ ਤੇ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਾਉਣ ਲਈ ਕਰੋ ਜਾਂ ਮਰੋ ਪੈਂਤੜੇ ਵਾਲੇ ਸੰਘਰਸ਼ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤੇ ਜਾ ਰਹੇ 4 ਘੰਟਿਆਂ ਦੇ ਚੱਕਾ ਜਾਮ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੱਲ ਕੀਤੀ ਗਈ ਸੈਂਕੜੇ ਕਾਰਕੁਨਾਂ ਦੀ ਮੀਟਿੰਗ ਦਾ ਜ਼ਬਰਦਸਤ ਉਤਸ਼ਾਹੀ ਅਸਰ ਅੱਜ ਉਦੋਂ ਦੇਖਣ ਨੂੰ ਮਿਲਿਆ ਜਦੋਂ ਸੈਂਕੜੇ ਹੀ ਪਿੰਡਾਂ ਵਿੱਚ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਮਜਦੂਰਾਂ ਦੇ ਜੱਥੇ ਗਲੀ ਗਲੀ ਨਾਹਰੇ ਗੁੰਜਾਉਦੇ ਜੋਸ਼ ਤੇ ਉਤਸ਼ਾਹ ਨਾਲ ਲਾਮਬੰਦੀਆਂ ਕਰਨ ਚੱਲ ਪਏ,ਜਿਹੜੇ ਬੁੱਧਵਾਰ ਨੂੰ ਹੋਰ ਵੀ ਜੋਰ ਫੜਨਗੇ।
                      ਜਥੇਬੰਦੀ ਦੇ ਸੂਬਾ ਪ੍ਰਧਾਨ ਜੋੋੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੇ ਬਿਆਨ ਰਾਹੀਂ ਇਹ ਦਾਅਵਾ ਕਰਦਿਆਂ ਕੇਂਦਰੀ ਭਾਜਪਾ ਹਕੂਮਤ ਉੱਤੇ ਦੋਸ਼ ਲਾਇਆ ਕਿ ਉੱਪਰੋਥਲ਼ੀ ਨਿੱਤ ਨਵੇਂ ਕਿਸਾਨ ਮਾਰੂ ਫੈਸਲੇ ਕਰਨ ਤੋਂ ਇਲਾਵਾ ਇਸ ਜਾਨਹੂਲਵੇਂ ਘੋਲ਼ ਦੇ ਮੋਹਰੀਆਂ ਵਜੋਂ ਉੱਭਰੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੇ ਸਮੂਹ ਕਿਰਤੀ ਕਾਰੋਬਾਰੀਆਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਤਹਿਤ ਬਿਨਾਂ ਵਜਾਹ ਰੇਲਾਂ ਰੋਕਣ ਰਾਹੀਂ ਆਰਥਿਕ ਤਬਾਹੀ ਮਚਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਜੰਮੂ ਕਸਮੀਰ ਦੀ ਆਰਥਿਕਤਾ ਤੇ ਵੀ ਭਾਰੀ ਸੱਟ ਵੱਜ ਰਹੀ ਹੈ ਕਿਉਂਕਿ ਕਿਸਾਨਾਂ ਨੇ ਕੇਂਦਰੀ ਭਾਜਪਾ ਆਗੂਆਂ ਦੇ ਬਰਾਬਰ ਹੀ ਕਾਰਪੋਰੇਟ ਕਾਰੋਬਾਰਾਂ ਨੂੰ ਵੀ ਆਪਣੇ ਘੋਲ਼ ਦਾ ਚੋਟ ਨਿਸ਼ਾਨਾ ਬਣਾਇਆ ਹੈ।
                   ਉਹਨਾਂ ਕਿਹਾ ਕਿ ਕਾਰਪੋਰੇਟਾਂ ਨੂੰ ਖੇਤੀਬਾੜੀ ਜ਼ਮੀਨਾਂ ਸਮੇਤ ਸਾਰੇ ਪੈਦਾਵਾਰੀ ਸਾਧਨ ਸੌਂਪਣ ਲਈ ਹੀ ਮੋਦੀ ਹਕੂਮਤ ਤਰਲੋਮੱਛੀ ਹੋ ਰਹੀ ਹੈ। ਉਹਨਾਂ ਕਿਹਾ ਕਿ ਆਪਣੇ ਜੋਟੀਦਾਰਾਂ ਨੂੰ ਦਿੱਤੇ ਝਟਕੇ ਪਿੱਛੋਂ ਮੋਦੀ ਸਰਕਾਰ  ਵੱਲੋਂ ਰੇਲਾਂ ਰੋਕਣ, ਪਰਾਲ਼ੀ ਆਰਡੀਨੈਂਸ, ਵਿਕਾਸ ਫੰਡ ਰੋਕਣ ਅਤੇ ਕਰਜਿਆਂ ਦੇ ਵਿਆਜ ਉੱਤੇ ਵਿਆਜ ਦੀ ਨਾਂਮਾਤਰ ਛੋਟ ਤੋਂ ਵੀ ਕਿਸਾਨਾਂ ਨੂੰ ਵਾਂਝੇ ਕਰਨ ਵਰਗੇ ਮਾਰੂ ਬੁਖਲਾਹਟ ਭਰੇ ਫੈਸਲੇ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਨਵੰਬਰ ਨੂੰ 30 ਥਾਂਈਂ ਚੱਕਾ ਜਾਮ ਦੇ ਭਾਰੀ ਇਕੱਠਾਂ ਮੌਕੇ ਵੀ 66 ਥਾਂਵਾਂ ਤੇ ਘਿਰਾਓ ਧਰਨੇ ਜਾਰੀ ਰੱਖੇ ਜਾਣਗੇ। ਜਥੇਬੰਦੀ ਦੇ ਫੈਸਲੇ ਮੁਤਾਬਕ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇਕਜੁੱਟ ਇਸ ਘੋਲ਼ ਐਕਸ਼ਨ ਤੋਂ ਅਗਲੇ ਇਕਜੁੱਟ ਐਕਸ਼ਨ 26-27 ਨਵੰਬਰ ਨੂੰ ਦਿੱਲੀ ਚੱਲੋ ਦੀਆਂ ਤਿਆਰੀਆਂ ਇਸ ਨਾਲੋਂ ਵੀ ਵੱਡੀ ਪੱਧਰ ਤੇ ਕੀਤੀਆਂ ਜਾਣਗੀਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!