ਅਸ਼ੋਕ ਵਰਮਾ
ਬਠਿੰਡਾ,3 ਨਵੰਬਰ2020: ਅੱਜ ਕਿਸਾਨ ਰੋਹ ਤੋਂ ਡਰਦਿਆਂ ਭਾਰਤੀ ਜੰਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੂੰ ਚੋਰ ਮੋਰੀ ਰਾਹੀਂ ਜਾਣਾ ਪਿਆ। ਮਿੱਤਲ ਬਠਿੰਡਾ ’ਚ ਨਗਰ ਨਿਗਮ ਚੋਣਾਂ ਅਤੇ ਭਾਜਪਾ ਲੀਡਰਸ਼ਿੱਪ ਦੀ ਨਬਜ ਟੋਹਣ ਲਈ ਬਠਿੰਡਾ ਆਏ ਸਨ। ਅੱਜ ਜਦੋਂ ਮਿੱਤਲ ਸਰਕਟ ਹਾਊਸ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਉਹਨਾਂ ਦੀ ਆਮਦ ਦਾ ਪਤਾ ਲੱਗਦਿਆਂ ਵੱਡੀ ਗਿਣਤੀ ਕਿਸਾਨ ਮੌਕੇ ਤੇ ਪੁੱਜ ਗਏ ਅਤੇ ਜੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਮਿੱਤਲ ਨੂੰ ਮਿਲਕੇ ਕੁੱਝ ਸਵਾਲ ਕਰਨਾ ਚਾਹੁੰਦੇ ਹਨ ਪਰ ਪੁਲਿਸ ਨੇ ਉਹਨਾਂ ਨੂੰ ਅੱਗੇ ਨਾ ਵਧਣ ਤੋਂ ਰੋਕ ਦਿੱਤਾ। ਰੋਹ ’ਚ ਆਏ ਕਿਸਾਨਾਂ ਨੇ ਧਰਨਾ ਲਾ ਦਿੱਤਾ ਤਾਂ ਸਾਬਕਾ ਮੰਤਰੀ ਕਿਸਾਨਾਂ ਤੋਂ ਚੋਰੀ ਸੰਗਰੂਰ ਵੱਲ ਨੂੰ ਰਵਾਨਾ ਹੋ ਗਏ।
ਸੂਤਰਾਂ ਦਾ ਦੱਸਣਾ ਹੈ ਕਿ ਮਿੱਤਲ ਦੀ ਇਸ ਆਮਦ ਨੂੰ ਭਾਰਤ ਜੰਤਾ ਪਾਰਟੀ ਵੱਲੋਂ ਗੁਪਤ ਰੱਖਣ ਦੇ ਯਤਨ ਕੀਤੇ ਗਏ ਸਨ ਤਾਂ ਜੋ ਨੇੜੇ ਹੀ ਮਿੰਨੀ ਸਕੱਤਰੇਤ ਕੋਲ ਚੱਲ ਰਹੇ ਧਰਨੇ ’ਚੋਂ ਕਿਸਾਨ ਨਾ ਪੁੱਜ ਜਾਣ । ਭਾਜਪਾ ਵੱਲੋਂ ਪਰਦਾਪੋਸ਼ੀ ਸਬੰਧੀ ਕੀਤੇ ਯਤਨਾਂ ਦੇ ਬਾਵਜ਼ੂਦ ਮਿੱਤਲ ਦੀ ਫੇਰੀ ਦਾ ਉਦੋਂ ਰੌਲਾ ਪੈ ਗਿਆ ਜਦੋਂ ਬੀਕੇਯੂ ਸਿੱਧੂਪਰ ਦੇ ਆਗੂ ਤੇ ਕਿਸਾਨ ਧਰਨੇ ਵਾਲੀ ਥਾਂ ਉੱਠਕੇ ਸਰਕਟ ਹਾਊਸ ’ਚ ਪੁੱਜ ਗਏ। ਕਿਸਾਨ ਆਗੂ ਹਾਲੇ ਗੇਟ ’ਚ ਦਾਖਲ ਹੋਏ ਹੀ ਸੀ ਕਿ ਉਹਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ। ਅੱਗੇ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਗੇਟ ’ਤੇ ਧਰਨਾ ਲਾ ਦਿੱਤਾ।
ਧਰਨੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਪੁਲਿਸ ਨੂੰ ਅੱਗੇ ਜਾਣ ਦੇਣ ਲਈ ਕਿਹਾ। ਉਹਨਾਂ ਆਖਿਆ ਕਿ ਕਿਸਾਨਾਂ ਦਿੱਤਾ ਕੋਲ ਕੋਈ ਡਾਂਗਾ ਜਾਂ ਇੱਟਾਂ ਰੋੜੇ ਨਹੀਂ ਬਲਕਿ ਉਹਨਾਂ ਨੇ ਤਾਂ ਮਿੱਤਲ ਨੂੰ ਇਹ ਪੁੱਛਣਾ ਹੈ ਕਿ ਤੁਹਾਡੇ ਕੌਮੀ ਪ੍ਰਧਾਨ ਸਮੇਤ ਹੋਰ ਭਾਜਪਾ ਆਗੂ ਕਿਸਾਨਾਂ ਦੇ ਧਰਨੇ ਪ੍ਰਤੀ ਟਿੱਪਣੀ ਕਰਕੇ ਆਖਦੇ ਨੇ ਕਿ ਧਰਨਿਆਂ ਵਾਲੇ ਕਿਸਾਨ ਨਹੀਂ ਕਾਂਗਰਸ ਦੇ ਏਜੰਟ ਨੇ ਜਾਂ ਕੋਈ ਕਹਿੰਦਾ ਹੈ ਇਹ ਵਿਚੋਲੀਏ ਨੇ। ਸੰਦੋਹਾ ਨੇ ਕਿਹਾ ਕਿ ਉਹ ਮਿੱਤਲ ਨੂੰ ਕਹਿਣਾ ਚਾਹੁੰਦੇ ਨੇ ਕਿ ਧਰਨੇ ’ਚ ਆ ਕੇ ਏਜੰਟਾਂ ਤੇ ਵਿਚੋਲੀਆਂ ਦੀ ਸ਼ਿਨਾਖਤ ਕਰਕੇ ਲੈ ਜਾਣ। ਰੋਹ ’ਚ ਆਏ ਕਿਸਾਨਾ ਨੇ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਪੁਲਿਸ ਤੇ ਭਾਜਪਾ ਆਗੂਆਂ ਨੇ ਝਕਾਨੀ ਦੇਕੇ ਮਿੱਤਲ ਨੂੰ ਸਰਕਟ ਹਾਊਸ ਦੇ ਮੁੱਖ ਦਰਵਾਜੇ ਦੀ ਥਾਂ ਨਾਲ ਲੱਗਦੇ ਡਿਊਨਜ਼ ਕਲੱਬ ਦੇ ਗੇਟ ਰਾਹੀਂ ਇੱਕ ਬਦਲਵੀਂ ਗੱਡੀ ਰਾਹੀਂ ਰਵਾਨਾ ਕਰ ਦਿੱਤਾ। ਉੱਧਰ ਭਾਜਪਾ ਦੇ ਮੀਡੀਆ ਇੰਚਾਰਜ ਸੁਨੀਲ ਸਿੰਗਲਾ ਦਾ ਕਹਿਣਾ ਸੀ ਕਿ ਸਾਬਕਾ ਮੰਤਰੀ ਤਾਂ ਕੱਲ ਦੇ ਬਠਿੰਡਾ ਪੁੱਜੇ ਹੋਏ ਸਨ ਜਿੰਨਾਂ ਨੇ ਅੱਜ ਬਾਅਦ ਦੁਪਹਿਰ ਸੰਗਰੂਰ ਲਈ ਰਵਾਨਾ ਹੋਣਾ ਸੀ ਅਤੇ ਉਹ ਮਿਥੇ ਸਮੇਂ ’ਤੇ ਚਲੇ ਗਏ।