17.3 C
United Kingdom
Thursday, June 25, 2026

More

    ਬਾਦਲਾਂ ਦੇ ਕਬਜੇ ਚੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣਾ ਨਿਸ਼ਾਨਾ:ਢੀਡਸਾ

    ਅਸ਼ੋਕ ਵਰਮਾ
    ਬਠਿੰਡਾ,3 ਨਵੰਬਰ2020: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਅਕਾਲੀ ਦਲ ਬਾਦਲ ਦੀ ਕਮਾਂਡ ਸੁਖਬੀਰ ਬਾਦਲ ਕੋਲ ਆਉਣ ਤੋਂ ਬਾਅਦ  ਪਾਰਟੀ ਦਾ ਬੁਰਾ ਹਾਲ ਹੋਇਆ ਹੈ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਭਿ੍ਰਸ਼ਟਾਚਾਰ ਵਧਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪੁੱਜੀ ਹੈ। ਸ੍ਰੀ ਢੀਡਸਾ ਅੱਜ ਬਠਿੰਡਾ ’ਚ ਵਕੀਲ ਭਾਈਚਾਰੇ ਸਮੇਤ ਹੋਰ ਵੱਖ ਵੱਖ ਸਮਾਗਮਾਂ ’ਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਆਖਿਆ ਕਿ ਬਾਦਲਾਂ ਦੀ ਅਗਵਾਈ ਵਾਲਾ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਮੂਲ ਸਿਧਾਂਤਾਂ ਤੋਂ ਪੂਰੀ ਤਰਾਂ ਥਿੜਕ ਗਿਆ ਹੈ। ਇਸ ਵੇਲੇ ਇਹ ਹਾਲਾਤ ਬਣ ਗਏ ਹਨ ਕਿ ਬਾਕੀ ਤਾਂ ਛੱਡੋ  ਕਿਸਾਨਾਂ ਦਾ ਮਸੀਹਾ ਕਹੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਕੋਈ ਪੁੱਛ ਪ੍ਰਤੀਤ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਅਸਲ ’ਚ ਉਹਨਾਂ ਦੀ ਪਾਰਟੀ ਦਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜੇ ਚੋਂ ਛੁਡਵਾਉਣਾ ਅਤੇ ਇਸ ਸੰਸਥਾ ਨੂੰ ਲੋਕਤੰਤਰੀ ਲੀਹਾਂ ਤੇ ਤੋਰਨਾਂ ਹੈ। ਉਹਨਾਂ ਕਿਹਾ ਕਿ ਅਸਲ ’ਚ ਸਮੱਸਿਆ ਉਦੋਂ ਆਈ ਜਦੋਂ ਧਰਮ ਨੂੰ ਬਾਦਲ ਪ੍ਰੀਵਾਰ  ਨੇ ਰਾਜਨੀਤੀ ਲਈ ਚਲਾਉਣਾ ਸ਼ੁਰੂ ਕਰ ਦਿੱਤਾ ਜਦੋਂਕਿ ਧਰਮ  ਰਾਜਨੀਤੀਵਾਨਾਂ ਨੂੰ ਚਲਾਏ ਤਾਂ ਸਹੀ ਹੈ। ਉਹਨਾਂ ਆਖਿਆ ਕਿ ਸ਼ੋਮਣੀ ਕਮੇਟੀ ਚੋਣਾਂ ’ਚ ਗੱਠਜੋੜ ਬਾਰੇ ਫੈਸਲਾ ਕਰੇਗੀ। ਭਾਰਤੀ ਜੰਤਾ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੀਜੇਪੀ ਨੇ ਪੰਜਾਬ ’ਚ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਇਹ ਕਿਸ ਤਰਾਂ ਸੰਭਵ ਹੋ ਸਕਦਾ ਹੈ। ਉਹਨਾਂ ਆਖਿਆ ਕਿ ਐਸਜੀਪੀਸੀ ਚੋਣਾਂ ਅਗਲੇ ਸਾਲ ਮਈ ਦੇ ਅੰਤ ਜਾਂ ਜੂਨ ’ਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਲਈ ਲੁੜੀਂਦੀਆਂ ਨਿਯੁਕਤੀਆਂ ਹੋ ਗਈਆਂ ਹਨ। ਉਹਨਾਂ ਆਖਿਆ ਕਿ ਅਕਾਲੀ ਦਲ  ਦੇ ਜਿਹੜੇ ਆਗੂ ਸ਼ੋ੍ਰਮਣੀ ਕਮੇਟੀ ਦੀ ਚੋਣ ਲੜਨਗੇ, ਉਹ ਕੋਈ ਸਿਆਸੀ ਅਹੁਦਾ ਨਹੀਂ ਲੈਣਗੇ, ਇਹ ਲਿਖਤੀ  ਰੂਪ ‘ਚ ਲਿਆ ਜਾਵੇਗਾ।  ਢੀਂਡਸਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਗਾਇਬ ਹੋਣ ਦੇ ਮਾਮਲੇ ’ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਤੇ  ਐਸਜੀਪੀਸੀ ਚਲਾਉਣ ਵਾਲਿਆਂ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ  ਮਾਮਲੇ ਦਾ ਇਨਸਾਫ਼ ਲੈਣ ਗਏ ਸਿੱਖਾਂ ਨੂੰ ਸ਼ੋ੍ਰਮਣੀ ਕਮੇਟੀ ਦੀ ਟਾਸਕ ਫੋਰਸ ਨੇ ਬੁਰੀ ਤਰਾਂ ਕੁੱਟਿਆ ਅਤੇ ਦਸਤਾਰਾਂ ਲਾਹ ਦਿੱਤੀਆਂ। ਉਹਨਾਂ ਕਿਹਾ ਕਿ ਪਾਰਟੀ ਦਾ ਸੰਵਿਧਾਨ ਤਿਆਰ ਕਰ ਲਿਆ ਗਿਆ ਹੈ ਅਤੇ ਅਗਲੇ ਕੁੱਝ ਦਿਨਾਂ ’ਚ ਇਸ ਬਾਰੇ ਵਿਚਾਰ ਕਰਕੇ ਅੰਤਮ ਰੂਪ ਦੇ ਦਿੱਤਾ ਜਾਏਗਾ। ਢੀਡਸਾ ਨੇ ਕੇਂਦਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ ਤੇ ਬੈਠਾ ਹੈ ਇਸ ਲਈ ਸਰਕਾਰ ਨੂੰ ਅੜੀਅਲ ਰਵਈਆ ਛੱਡ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ  ਅਤੇ ਅਕਾਲੀ ਦਲ ਨੇ ਸੰਸਦ ’ਚ  ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਜਦੋਂਕਿ  ਬਾਹਰ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹਨਾਂ ਦਾ ਵਿਰੋਧ ਕਰ ਦਿੱਤਾ। ਉਹਨਾ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨੀ ਮਸਲੇ ’ਤੇ ਦੋਗਲੀ ਨੀਤੀ ਅਪਣਾ ਰਹੀਆਂ ਹਨ। ਉਹਨਾਂ ਚਿੰਤਾ ਜਤਾਈ ਕਿ  ਸੁਣਵਾਈ ਨਾਂ ਹੋਣ ਤੇ ਧਰਨੇ ਮੁਜ਼ਾਹਰੇ ਕਰ ਰਹੇ ਪੰਜਾਬ ਦੇ ਨੌਜਵਾਨ ਗਲਤ ਰਸਤੇ ਪੈ ਸਕਦੇ ਹਨ।  ਇਸ ਮੌਕੇ ਸਰਬਜੀਤ ਸਿੰਘ ਡੂੰਮਵਾਲੀ,ਐਡਵੋਕੇਟ  ਮਹਿੰਦਰ ਸਿੰਘ ਸਿੱਧੂ ਅਤੇ ਭੋਲਾ ਸਿੰਘ ਗਿੱਲਪੱਤੀ ਆਦਿ  ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!