ਖੇਡ ਜਗਤ ਵਿੱਚ ਜਗਰੂਪ ਸਿੰਘ ਜਰਖੜ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਪੰਜਾਬੀ ਦੇ ਚੋਣਵੇਂ ਖੇਡ ਲੇਖਕਾਂ ‘ਚ ਸ਼ੁਮਾਰ ਜਗਰੂਪ ਸਿੰਘ ਜਰਖੜ “ਪੰਜ ਦਰਿਆ” ਦੇ ਪਾਠਕਾਂ ਨਾਲ ਆਪਣੇ ਕਾਲਮ “ਖੇਡ ਮੈਦਾਨ ਬੋਲਦਾ ਹੈ!!!” ਰਾਹੀਂ ਸਾਂਝ ਪਾਉਂਦੇ ਰਹਿਣਗੇ। ਇਸ ਪਲੇਠੇ ਲੇਖ ਰਾਹੀਂ ਹਾਜ਼ਰੀ ਲਗਵਾਉਣ ‘ਤੇ ਉਹਨਾਂ ਨੂੰ “ਪੰਜ ਦਰਿਆ” ਟੀਮ ਵੱਲੋਂ ਤਹਿ ਦਿਲੋਂ ਧੰਨਵਾਦ।
-ਸੰਪਾਦਕ

ਖੇਡ ਮੈਦਾਨ ਵੀਰਾਨ,
ਖਿਡਾਰੀ ਪ੍ਰੇਸ਼ਾਨ,
ਕਰੋਨਾ ਬਣ ਗਿਆ ਮਹਿਮਾਨ।
ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਛੱਪਦੇ ਅਖਬਾਰਾਂ ਦੇ ਪਾਠਕਾਂ ਲਈ ਮੁੱਖ ਪੇਜ ਅਤੇ ਖੇਡ ਪੰਨਾ ਮੁੱਖ ਖਿੱਚ ਦਾ ਕੇਂਦਰ ਹੁੰਦਾ ਹੈ ਅੱਜ ਕੱਲ੍ਹ ਅਖ਼ਬਾਰਾਂ ਦਾ ਮੁੱਖ ਪੰਨਾ ਕਰੋਨਾ ਵਾਇਰਸ ਅਤੇ ਮੌਤਾਂ ਦੇ ਪ੍ਰਛਾਵੇਂ ਨੇ ਘੇਰਿਆ ਹੋਇਆ ਹੈ ਜਦ ਕੇ ਸਾਰੀਆਂ ਅਖ਼ਬਾਰਾਂ ਦਾ ਖੇਡ ਪੰਨਾ ਬੇਹੱਦ ਨਿਰਾਸ਼ਾ ਦੇ ਆਲਮ ਵਿੱਚ ਹੈ ਬਹੁਤ ਸਾਰੀਆਂ ਅਖ਼ਬਾਰਾਂ ਦਾ ਖੇਡ ਪੰਨਾ ਬੰਦ ਹੀ ਹੋ ਗਿਆ ਹੈ ਅਤੇ ਥੋੜ੍ਹੀਆਂ ਬਹੁਤੀਆਂ ਅਖ਼ਬਾਰਾਂ ਪੁਰਾਣੀਆਂ ਖੇਡ ਸਟੋਰੀਆਂ ਜਾਂ ਕੰਮ ਚਲਾਊ ਖ਼ਬਰਾਂ ਨਾਲ ਥੋੜ੍ਹਾ ਬਹੁਤਾ ਆਪਣਾ ਬੁੱਤਾ ਚਲਾ ਰਹੀਆਂ ਹਨ ਕਿਉਂਕਿ ਕਰੋਨਾ ਵਾਇਰਸ ਤੋਂ ਫੈਲੀ ਮਹਾਂਮਾਰੀ ਬਿਮਾਰੀ ਨੇ ਸਾਰੀ ਦੁਨੀਆਂ ਦਾ ਖੇਡ ਸਿਸਟਮ ਹੀ ਨਹੀਂ ਸਗੋਂ ਹਰ ਖੇਤਰ ਜਾਮ ਕਰਕੇ ਰੱਖ ਦਿੱਤਾ ਹੈ ਦੁਨੀਆਂ ਦੇ ਖੇਡ ਮੈਦਾਨ ਬੁਰੀ ਤਰ੍ਹਾਂ ਵਿਰਾਨ ਹੋ ਗਏ ਹਨ ਖਿਡਾਰੀ ਬੇਹੱਦ ਪ੍ਰੇਸ਼ਾਨ ਹੋ ਗਏ ਹਨ ਅਤੇ ਕਰੋਨਾ ਵਾਇਰਸ ਦੇ ਡਰ ਦਾ ਪ੍ਰਛਾਵਾਂ ਹੀ ਅਖਬਾਰਾਂ ਦੇ ਸਾਰੇ ਪੰਨਿਆਂ ਉੱਤੇ ਮੁੱਖ ਮਹਿਮਾਨ ਬਣ ਕੇ ਕਾਬਜ਼ ਹੋ ਗਿਆ ਹੈ ।

ਦੁਨੀਆਂ ਦਾ ਮਹਾਂਕੁੰਭ ਓਲੰਪਿਕ ਖੇਡਾਂ ਜਿਸ ਦੀ ਮੇਜ਼ਬਾਨੀ ਇੱਕ ਦਹਾਕਾ ਪਹਿਲਾਂ ਮਿਲਦੀ ਹੈ ਅਤੇ ਜਿਸ ਨੂੰ ਖੇਡਣ ਲਈ ਅਤੇ ਦੇਖਣ ਲਈ ਲੋਕਾਂ ਨੂੰ ਚਾਰ ਸਾਲ ਇੰਤਜਾਰ ਕਰਨਾ ਪੈਂਦਾ ਹੈ ਉਹ ਵੀ ਕਰੋਨਾ ਦੇ ਡਰ ਤੋਂ ਇੱਕ ਸਾਲ ਲਈ ਪਿੱਛੇ ਹਟ ਗਿਆ ਹੈ ਯਾਨੀ ਜਾਪਾਨ ਟੋਕਿਓ ਓਲੰਪਿਕ ਖੇਡਾਂ ਜੋ ਜੁਲਾਈ ਅਗਸਤ ਮਹੀਨੇ ਇਸ ਸਾਲ 2020 ਵਿੱਚ ਹੋਣੀਆਂ ਸਨ ਉਹ ਹੁਣ ਅਗਲੇ ਵਰ੍ਹੇ 2021 ਵਿੱਚ ਜੁਲਾਈ ਅਗਸਤ ਮਹੀਨੇ ਹੋਣਗੀਆਂ ਵੱਖ ਵੱਖ ਮੁਲਕਾਂ ਵੱਲੋਂ ਓਲੰਪਿਕ ਖੇਡਾਂ ਦੀਆਂ ਕੀਤੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਹਨ ਅਤੇ ਟੋਕੀਓ ਓਲੰਪਿਕ ਵਾਲਿਆਂ ਨੂੰ ਵੀ ਖੇਡਾਂ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਅਰਬਾਂ ਖਰਬਾਂ ਡਾਲਰਾਂ ਦਾ ਨੁਕਸਾਨ ਵੀ ਝੱਲਣਾ ਪਵੇਗਾ । ਓਲੰਪਿਕ ਖੇਡਾਂ ਤੋਂ ਇਲਾਵਾ ਵਿੰਬਲਡਨ ਟੈਨਿਸ ਟੂਰਨਾਮੈਂਟ ,ਯੂਰੋ ਕੱਪ ਫੁੱਟਬਾਲ, ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਅਤੇ ਕਈ ਹੋਰ ਵਿਸ਼ਵ ਪੱਧਰ ਦੀਆਂ ਚੈਂਪੀਅਨਸ਼ਿਪ ਕਰੋਨਾ ਵਾਇਰਸ ਕਾਰਨ ਮੁਲਤਵੀ ਜਾਂ ਰੱਦ ਹੋ ਗਈਆਂ ਹਨ । ਦੁਨੀਆਂ ਦੇ ਖੇਡ ਜਗਤ ਵਿੱਚ ਇੱਕ ਬੜਾ ਵੱਡਾ ਨਿਰਾਸ਼ਾ ਦਾ ਆਲਮ ਹੈ ਅਜਿਹੇ ਹਾਲਾਤ ਪਹਿਲੇ ਵਿਸ਼ਵ ਯੁੱਧ ਅਤੇ ਦੂਸਰੇ ਇਸ ਯੁੱਧ ਦੌਰਾਨ ਹੋਏ ਸਨ ਜਦੋਂ ਅਖ਼ਬਾਰਾਂ ਦੇ ਖੇਡ ਪੰਨੇ ਵੀ ਗ਼ਾਇਬ ਹੋ ਗਏ ਸਨ ਓਲੰਪਿਕ ਖੇਡਾਂ ,ਵਿਸ਼ਵ ਕੱਪ ਫੁੱਟਬਾਲ ਅਤੇ ਹੋਰ ਵੱਡੇ ਮੁਕਾਬਲੇ ਰੱਦ ਹੋ ਗਏ ਸਨ ਜਿਸ ਕਾਰਨ ਬਹੁਤ ਸਾਰੇ ਖਿਡਾਰੀਆਂ ਦਾ ਖੇਡ ਕੈਰੀਅਰ ਵੀ ਤਹਿਸ ਨਹਿਸ ਹੋ ਗਿਆ ਸੀ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਤਿੰਨ ਓਲੰਪਿਕ ਖੇਡੀਆਂ (1928 -1932-1936)ਤਿੰਨਾਂ ਵਿੱਚ ਹੀ ਸੋਨ ਤਗਮਾ ਜਿੱਤਿਆ ਜੇਕਰ ਦੂਸਰਾ ਵਿਸ਼ਵ ਯੁੱਧ ਨਾ ਹੁੰਦਾ ਤਾਂ ਉਸ ਨੇ ਦੋ ਓਲੰਪਿਕਸ (1940-44)ਹੋਰ ਖੇਡ ਜਾਣੀਆਂ ਸਨ ਅਤੇ ਯਕੀਨਨ ਦੋ ਸੋਨ ਤਗਮੇ ਅਤੇ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਉਸ ਦੇ ਨਾਮ ਹੋ ਕੇ ਦੇਸ਼ ਦਾ ਨਾਮ ਹੋਰ ਦੁਨੀਆਂ ਵਿੱਚ ਰੋਸ਼ਨ ਹੋਣਾ ਸੀ ।1936 ਬਰਲਿਨ ਓਲੰਪਿਕ ਵਿੱਚ ਚਾਰ ਸੋਨ ਤਗ਼ਮੇ ਜਿੱਤਣ ਵਾਲਾ ਅਮਰੀਕਨ ਅਥਲੀਟ ਜੈਸੀ ਓਵਨਜ਼ ਨੇ ਵੀ ਅਗਲੇ ਓਲੰਪਿਕ ਵਿੱਚ ਚੰਗੀ ਧਾਕ ਜਮਾਉਣੀ ਸੀ । 1980 ਮਾਸਕੋ ਓਲੰਪਿਕ ਦਾ ਅਮਰੀਕਾ ਪੱਖੀ ਮੁਲਕਾਂ ਵੱਲੋਂ ਕੀਤੇ ਬਾਈਕਾਟ ਨੇ ਵੀ ਬਹੁਤ ਸਾਰੇ ਖਿਡਾਰੀਆਂ ਦਾ ਖੇਡ ਕੈਰੀਅਰ ਬਰਬਾਦ ਕੀਤਾ ਫਿਰ 1984 ਲਾਸ ਏਂਜਲਸ ਓਲੰਪਿਕ ਵਿੱਚ ਸੋਵੀਅਤ ਯੂਨੀਅਨ ਅਤੇ ਉਸ ਪੱਖੀ ਮੁਲਕਾਂ ਵੱਲੋਂ ਕੀਤੇ ਬਾਈਕਾਟ ਨੇ ਵੀ ਖਿਡਾਰੀਆਂ ਦਾ ਵੱਡਾ ਨੁਕਸਾਨ ਕੀਤਾ। ਜਿਸ ਤਰ੍ਹਾਂ ਅੱਜ ਸਾਡੇ ਵੱਡੇ ਵਡੇਰੇ ਪਹਿਲੇ ਵਿਸ਼ਵ ਯੁੱਧ ਦੂਸਰੇ ਵਿਸ਼ਵ ਯੁੱਧ ਅਤੇ 1947 ਦੇਸ਼ ਦੀ ਵੰਡ ਦੇ ਹਲਾਤਾਂ ਨੂੰ ਯਾਦ ਕਰਦੇ ਹਨ ਉਸੇ ਤਰ੍ਹਾਂ ਕਰੋਨਾ ਵਾਇਰਸ 2020 ਨੂੰ ਵੀ ਅਸੀਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਿਆ ਕਰਨਗੀਆਂ ਕਿ ਕਿਸ ਤਰ੍ਹਾਂ ਹਰ ਖੇਤਰ ਦੇ ਵਿੱਚ ਇਸ ਭਿਆਨਕ ਮਹਾਂਮਾਰੀ ਨੇ ਦੁਨੀਆਂ ਦਾ ਨੁਕਸਾਨ ਕੀਤਾ ਕਿਉਂਕਿ ਅਸੀਂ ਅਜੇ ਤੱਕ ਇੱਕ ਸਦੀ ਪਹਿਲਾਂ ਫੈਲੇ ਪਲੇਗ ਅਤੇ ਹੈਜ਼ੇ ਆਦਿ ਬਿਮਾਰੀਆਂ ਹੁਣ ਵੀ ਸਾਡੇ ਜ਼ਿਹਨ ਵਿੱਚ ਘੁੰਮਦੀਆਂ ਰਹਿੰਦੀਆਂ ਹਨ।
ਜੇਕਰ ਭਾਰਤ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਕੌਮੀ ਪੱਧਰ ਦੇ ਸਾਰੇ ਟੂਰਨਾਮੈਂਟ ਅਤੇ ਹੋਰ ਜੋ ਪ੍ਰਤੀਯੋਗਤਾਵਾਂ ਹੋਣੀਆਂ ਸਨ ਉਹ ਰੱਦ ਹੋ ਗਏ ਹਨ ਪੰਜਾਬ ਦਾ ਖੇਡ ਢਾਂਚਾ ਵੀ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ ਪੰਜਾਬ ਦੇ ਪੇਂਡੂ ਖੇਡ ਮੇਲੇ ਖਾਸ ਕਰਕੇ ਕਬੱਡੀ ਕੱਪ ਜੋ ਅਪਰੈਲ ਦੇ ਅੱਧ ਤੱਕ ਚੱਲਦੇ ਹਨ ਉਹ ਵੀ ਲੱਗਭੱਗ ਵੀ 20 ਮਾਰਚ ਤੋਂ ਬਾਅਦ ਕਿਤੇ ਨਹੀਂ ਹੋਏ ਕਬੱਡੀ ਖਿਡਾਰੀ ਦਾ ਕਾਫੀ ਵਿੱਤੀ ਨੁਕਸਾਨ ਹੋਇਆ ਕਬੱਡੀ ਪ੍ਰਮੋਟਰਾਂ ਨੂੰ ਨਿਰਾਸ਼ਤਾ ਝੱਲਣੀ ਪਈ,ਅਖ਼ਬਾਰੀ ਖੇਡ ਖ਼ਬਰਾਂ ਵਿੱਚ ਚੁੱਪ ਵਿਸਰ ਗਈ ਇਲੈਕਟ੍ਰਾਨਿਕ ਖੇਡ ਮੀਡੀਆ ਨੂੰ ਆਪਣੇ ਕੈਮਰੇ ਕਿੱਲੀਆਂ ਤੇ ਟੰਗਣੇ ਪੈ ਗਏ ਪਰ ਕੁਦਰਤ ਦੀ ਕਰੋਪੀ ਅੱਗੇ ਕੋਈ ਜ਼ੋਰ ਨਹੀਂ ਹੁੰਦਾ ਸਾਡੀ ਪਰਮਾਤਮਾ ਅੱਗੇ ਇਹੋ ਦੁਆ ਹੈ ਕਿ ਕੁਦਰਤੀ ਕਰੋਪੀ ਅਤੇ ਮਨੁੱਖਤਾ ਦੀਆਂ ਗਲਤੀਆਂ ਨਾਲ ਆਏ ਕਰੋਨਾ ਵਾਇਰਸ ਦਾ ਇਸ ਸੰਸਾਰ ਵਿੱਚੋਂ ਸੱਤਿਆਨਾਸ ਹੋਵੇ ਦੁਨੀਆਂ ਦੀ ਜ਼ਿੰਦਗੀ ਦੀ ਚਹਿਲ ਪਹਿਲ ਮੁਡ਼ ਸ਼ੁਰੂ ਹੋਵੇ ਆਮ ਲੋਕਾਂ ਦੀ ਜ਼ਿੰਦਗੀ ਸਹੀ ਪਟੜੀ ਦੇ ਉੱਤੇ ਆਵੇ , ਖੇਡ ਮੈਦਾਨਾਂ ਦੀਆਂ ਰੌਣਕਾਂ ਵਾਪਸ ਪਰਤਣ,ਅਖ਼ਬਾਰਾ ਦੇ ਖੇਡ ਪੰਨੇ ਮੁੜ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਸ਼ਿੰਗਾਰ ਬਣਨ, ਓਲੰਪਿਕ ਖੇਡਾਂ ਅਤੇ ਹੋਰ ਵੱਡੇ ਖੇਡ ਮਹਾਂਕੁੰਭ ਹੋਣ ਦਾ ਬਿਗਲ ਵੱਜੇ ,ਕੋਈ ਜਿੱਤੇ ,ਕੋਈ ਹਾਰੇ, ਦੁਨੀਆ ਨਜ਼ਾਰੇ ਮਾਣੇ ,ਇਸ ਦੇ ਵਿੱਚ ਹੀ ਦੁਨੀਆਂ ਦਾ ਭਲਾ ਹੈ ਹਰ ਖੇਡ ਪ੍ਰੇਮੀ ਦੀ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਕਰੋਨਾ “ਗੋ ਬੈਕ, ਖੇਡ ਦੁਨੀਆ ਕਮਬੈਕ ” ਦਾਤਾ ਭਲੀ ਕਰੇਗਾ ,ਰੱਬ ਰਾਖਾ।