ਰਜਨੀ ਜੈਨ ਆਰਿਆ

ਚੰਗਾ ਕੀ ਏ ਮਾੜਾ ਕੀ ਏ,
ਬੱਚਿਆਂ ਨੂੰ ਸਮਝਾ ਦਿਓ।
ਲੌਕਡਾਊਨ ਵਿੱਚ ਵਕਤ ਮਿਲ ਗਿਆ,
ਵਕਤ ਨੂੰ ਲੇਖੇ ਲਾ ਦਿਓ।
?ਸੜਕ ‘ਤੇ ਚੱਲਣ ਦੇ ਨਿਯਮ ਕੀ ਕੀ ਨੇ,
ਵਾਰ ਵਾਰ ਦੁਹਰਾਅ ਦਿਓ।
ਮੇਨ ਗੇਟ ਤੋਂ ਬਾਹਰ ਜੇ ਨਿਕਲਣ,
ਪੋਲੀ ਜਹੀ ਕੰਨ ‘ਤੇ ਲਾ ਦਿਓ।
ਬਾਗ ਬਗੀਚਾ ਸੁੱਕ ਨਾ ਜਾਵੇ ,
ਫੁੱਲਾਂ ਨੂੰ ਪਾਣੀ ਪਾ ਦਿਓ।
ਖੂਨ ਦਾਨ ਦੀ ਕਿੰਨੀ ਮਹੱਤਤਾ,
ਗੱਲ ਦਿਮਾਗ ਵਿੱਚ ਪਾ ਦਿਓ।
ਅਕਲ ਦੀ ਧੂਫ਼ ਧੁਖਾ ਕੇ ਦੋਸਤੋ ,
ਜ਼ਿੰਦਗੀ ਨੂੰ ਮਹਿਕਾਅ ਦਿਓ।
ਕੁੱਤੇ ਚਿੜੀਆਂ ਭੁੱਖੇ ਹੋਣੇ ,
ਸਭ ਨੂੰ ਖੂਬ ਰਜਾ ਦਿਓ।
ਰੋਟੀ ਖਾਣ ਤੋਂ ਪਹਿਲਾਂ ਸਭ ਦੇ,
ਹੱਥ ਜ਼ਰੂਰ ਧੁਆ ਦਿਓ।
ਇੱਕ ਜਗ੍ਹਾ ਤੇ ਹੋਣਾ ਨੀ ਇਕੱਠੇ,
ਫਾਸਲੇ ਜਿਹੇ ਬਣਾ ਦਿਓ।
ਘਰਵਾਲੀ ਜਦੋਂ ਕੱਪੜੇ ਧੋਵੇ,
ਕੱਪੜੇ ਸੁੱਕਣੇ ਪਾ ਦਿਓ।
ਤਿੰਨ ਟਾਈਮ ਜਿਹੜੇ ਜਾਂਦੇ ਲਬੇੜੀ,
ਭਾਂਡੇ ਵੀ ਚਮਕਾ ਦਿਓ।
ਚਿੰਤਨ ਕਰਨ ਦਾ ਆ ਗਿਆ ਵੇਲਾ,
ਗਿਆਨ ਦੀ ਲਾਈਟ ਜਗਾ ਦਿਓ।
ਬਾਕੀ ਜਿੰਨਾ ਟਾਈਮ ਬਚੇ,
ਸਾਰਾ ਰੱਬ ਦੇ ਨਾਮ ਲਗਾ ਦਿਓ ।
ਕਿੰਨੀਆਂ ਰੁੱਤਾਂ ਦੇਸੀ ਮਹੀਨੇ,
ਸਾਰੇ ਯਾਦ ਕਰਾ ਦਿਓ।
ਬਾਹਰ ਪੁਲਸ ਦੀਆਂ ਗੱਡੀਆਂ ਘੁੰਮਣ,
ਚੰਗੀ ਤਰ੍ਹਾਂ ਡਰਾ ਦਿਓ।
ਭੁੱਲਣੀ ਨਹੀਂ ਪੰਜਾਬੀ ਬੋਲੀ,
ੳ ਅ ਸਿਖਾ ਦਿਓ।
“ਰਜਨੀ ” ਵਾਂਗੂੰ ਵਾਜਾ ਫੜਕੇ ,
ਗੀਤ ਵਿਰਸੇ ਦਾ ਗਾ ਦਿਓ
ਚੰਗਾ ਕੀ ਏ ਮਾੜਾ ਕੀ ਏ ,
ਬੱਚਿਆਂ ਨੂੰ ਸਮਝਾ ਦਿਓ !!!!!
?ਲੇਖਿਕਾ ਅੰਤਰਰਾਸ਼ਟਰੀ ਗਾਇਕਾ ਤੇ ਨਾਇਕਾ ਹੈ।