ਗਲਾਸਗੋ ( ਮਨਦੀਪ ਖੁਰਮੀ ਹਿੰਮਤਪੁਰਾ)
ਪਿਛਲੇ ਕਾਫੀ ਦਿਨਾਂ ਤੋਂ ਸਕਾਟਲੈਂਡ ਸਰਕਾਰ ਦੁਆਰਾ ਕੋਰੋਨਾਂ ਵਾਇਰਸ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਵਾਇਰਸ ਵਿਰੁੱਧ ਸਰਕਟ ਬਰੇਕਰ ਲਾਕਡਾਊਨ ਲਾਗੂ ਕੀਤਾ ਗਿਆ ਸੀ। ਜਿਸਦੇ ਅਧੀਨ ਪਬ ਅਤੇ ਰੈਸਟੋਰੈਂਟ ਪਾਬੰਦੀਆਂ ਅਧੀਨ ਆ ਗਏ ਸਨ ਪਰ ਹੁਣ ਸਕਾਟਲੈਂਡ ਵਿਚ ਪਬ ਅਤੇ ਰੈਸਟੋਰੈਂਟਾਂ ਨੂੰ ਸੋਮਵਾਰ ਤੋਂ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਪਰ ਸ਼ਰਾਬ ਵੇਚਣ ‘ਤੇ ਪਾਬੰਦੀ ਜਾਰੀ ਰਹੇਗੀ। ਪਿਛਲੇ ਹਫ਼ਤੇ ਇੱਕ ਨਵਾਂ ਪੰਜ ਟੀਅਰ ਸਿਸਟਮ ਹੋਂਦ ਵਿੱਚ ਆਉਣ ਤੱਕ ਇਹ ਪਾਬੰਦੀਆਂ 2 ਨਵੰਬਰ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਗਈ ਸੀ। ਮੰਤਰੀ ਨਿਕੋਲਾ ਸਟਰਜਨ ਅਨੁਸਾਰ ਕੇਂਦਰੀ ਪੱਟੀ ਜਾਣੀਕਿ ਗਲਾਸਗੋ ਅਤੇ ਐਡਿਨਬਰਾ ਦੇ ਤੀਜੇ ਟੀਅਰ ਵਿੱਚ ਰਹਿਣ ਦੀ ਸੰਭਾਵਨਾ ਹੈ। ਜਿਸ ਨਾਲ ਪੱਬ, ਬਾਰ ਅਤੇ ਰੈਸਟੋਰੈਂਟ ਦੁਬਾਰਾ ਖੁੱਲ੍ਹ ਸਕਦੇ ਹਨ ਪਰ ਸਖਤ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ। 3 ਟੀਅਰ ਵਿੱਚ ਸ਼ਰਾਬ ਦੀ ਵਿਕਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜਦਕਿ ਇਹ ਸਥਾਨ ਸ਼ਾਮ 6 ਵਜੇ ਤੱਕ ਨਵੇਂ ਨਿਯਮਾਂ ਤਹਿਤ ਖਾਣਾ ਅਤੇ ਸਾਫਟ ਡਰਿੰਕ ਦੀ ਸੇਵਾ ਦੇ ਸਕਦੇ ਹਨ। ਮੌਜੂਦਾ ਸਮੇਂ ਦੀਆਂ ਪਾਬੰਦੀਆਂ ਦੇ ਤਹਿਤ ਪੰਜ ਖੇਤਰਾਂ ਗ੍ਰੇਟਰ ਗਲਾਸਗੋ ਅਤੇ ਕਲਾਈਡ, ਲਾਨਾਰਕਸ਼ਾਇਰ, ਏਅਰਸ਼ਾਇਰ ਅਤੇ ਅਰਾਨ, ਲੋਥੀਅਨ ਅਤੇ ਫੋਰਥ ਵੈਲੀ ਵਿੱਚ ਬਾਰਾਂ ਅਤੇ ਲਾਇਸੰਸਸ਼ੁਦਾ ਰੈਸਟੋਰੈਂਟਾਂ ‘ਤੇ ਪਾਬੰਦੀ ਹੈ। ਇਹ ਸਿਰਫ ਟੇਕਵੇਅ ਵਜੋਂ ਸੇਵਾ ਕਰ ਸਕਦੇ ਹਨ। ਸਕਾਟਲੈਂਡ ਦੇ ਕਈ ਹੋਰ ਖੇਤਰਾਂ ਪੱਬਾਂ, ਬਾਰਾਂ, ਰੈਸਟੋਰੈਂਟਾਂ ਨੂੰ ਸਿਰਫ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਦੇ ਅੰਦਰ ਸ਼ਰਾਬ ‘ਤੇ ਪਾਬੰਦੀ ਦੇ ਨਾਲ ਅੰਦਰੂਨੀ ਗਾਹਕਾਂ ਦੀ ਸੇਵਾ ਕਰਨ ਦੀ ਆਗਿਆ ਹੈ, ਹਾਲਾਂਕਿ ਬਾਹਰੀ ਖੇਤਰਾਂ ਵਿੱਚ ਰਾਤ 10 ਵਜੇ ਤੱਕ ਅਲਕੋਹਲ ਪੀਣ ਦੀ ਸੇਵਾ ਦਿੱਤੀ ਜਾ ਸਕਦੀ ਹੈ। ਇਸ ਵੇਲੇ ਸਿਰਫ ਉੱਤਰੀ ਅਤੇ ਦੱਖਣੀ ਲਾਨਾਰਕਸ਼ਾਇਰ ਨੂੰ ਚੌਥੇ ਪੱਧਰ ਦੀ ਤਾਲਾਬੰਦੀ ਲਈ ਮੰਨਿਆ ਜਾ ਰਿਹਾ ਹੈ ਜਿਸਦਾ ਅਰਥ ਹੈ ਕਿ ਇੱਥੇ ਪਰਾਹੁਣਚਾਰੀ ਖੇਤਰ ਦੇ ਸਾਰੇ ਸਥਾਨ ਬੰਦ ਕਰਨੇ ਪੈਣਗੇ।