ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਭਾਰਤ ਵਿੱਚ ਅਮੀਰ ਕਾਰੋਬਾਰੀਆਂ ਦੁਆਰਾ ਬੈਂਕਾਂ ਨਾਲ ਧੋਖਾਧੜੀ ਕਰਕੇ ਕਰੋੜਾਂ ਰੁਪਏ ਡਕਾਰ ਲਏ ਹਨ ਜਿਹਨਾਂ ਵਿੱਚੋਂ ਨੀਰਵ ਮੋਦੀ ਦਾ ਨਾਮ ਪ੍ਰਮੁੱਖ ਹੈ। ਕਈ ਮਸ਼ਹੂਰ ਫਿਲਮੀ ਸਿਤਾਰੇ ਵੀ ਇਸ ਹੀਰਾ ਕਾਰੋਬਾਰੀ ਦੇ ਗਹਿਣੇ ਪਹਿਨਦੇ ਸਨ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ, ਨੀਰਵ ਮੋਦੀ (49), ਸਰਕਾਰੀ ਤੌਰ ‘ਤੇ ਚੱਲ ਰਹੇ ਪੰਜਾਬ ਨੈਸ਼ਨਲ ਬੈਂਕ ਵਿੱਚ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਧੋਖਾਧੜੀ ਕਰਕੇ ਯੂਕੇ ਭੱਜ ਆਇਆ ਸੀ ਅਤੇ ਇੱਥੇ ਪੁਲਿਸ ਹਿਰਾਸਤ ਵਿੱਚ ਹੈ। ਬੀਤੇ ਦਿਨੀਂ ਇਸ ਦੁਆਰਾ ਜ਼ਮਾਨਤ ਲਈ ਦਿੱਤੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਪਿਛਲੇ ਸਾਲ 19 ਮਾਰਚ ਨੂੰ ਕੇਂਦਰੀ ਲੰਡਨ ਦੇ ਹੋਲਬਰਨ ਵਿੱਚ ਮੋਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸਨੇ ਮੈਟਰੋ ਬੈਂਕ ਵਿੱਚ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਮੋਦੀ ਨੂੰ ਵੈਂਡਸਵਰਥ ਜੇਲ੍ਹ ਵਿਚ ਇਕ ਸੈੱਲ ਲਈ ਆਪਣੇ 17,000 ਪੌਂਡ ਦਾ ਇਕ ਦਾ ਫਲੈਟ ਛੱਡਣਾ ਪਿਆ ਸੀ। ਮੋਦੀ ਨੇ ਜੇਲ੍ਹ ਦੇ ਇਕ ਵੀਡੀਓ-ਲਿੰਕ ਰੂਮ ਤੋਂ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਆਪਣੀ ਸੁਣਵਾਈ ਕੀਤੀ। ਉਸਦੀ ਵਕੀਲ ਕਲੇਅਰ ਮੌਂਟਗੋਮਰੀ ਨੇ ਉਸਦੇ ਬਚਾਅ ਵਿੱਚ ਉਸਦੀ ਬਿਮਾਰੀ ਕਰਕੇ ਹਵਾਲਗੀ ਦੇ ਫੈਸਲੇ ਤੋਂ ਪਹਿਲਾਂ ਉੱਤਰੀ ਲੰਡਨ ਦੇ ਪ੍ਰੀਰੀ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਜ਼ਮਾਨਤ ਦੀ ਅਪੀਲ ਕੀਤੀ। ਇਸ ਵਕੀਲ ਅਨੁਸਾਰ ਨੀਰਵ ਮੋਦੀ ਇੱਕ ਦਿਮਾਗੀ ਬਿਮਾਰੀ ਤੋਂ ਪ੍ਰਭਾਵਿਤ ਹੈ ਜਿਸ ਕਰਕੇ ਉਸਦਾ ਹਸਪਤਾਲ ਰਹਿਣਾ ਜਰੂਰੀ ਹੈ ਅਤੇ ਇਲਾਜ ਹੋਣ ਤੱਕ ਮੁਕੱਦਮਾ ਚਲਾਉਣ ਦੇ ਯੋਗ ਵੀ ਨਹੀਂ ਹੈ। ਪਰ ਭਾਰਤ ਸਰਕਾਰ ਲਈ QC ਹੈਲਨ ਮੈਲਕਮ ਅਨੁਸਾਰ ਵੈਂਡਸਵਰਥ ਵਿੱਚ ਉਸਦੀ ਮਾਨਸਿਕ ਸਥਿਤੀ ਬਾਰੇ ਕੋਈ ਸਬੂਤ ਨਹੀਂ ਸਨ। ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਸੈਮ ਗੋਜ਼ੀ ਨੇ ਮੋਦੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਜੇਕਰ ਉਸਦੀ ਮਾਨਸਿਕ ਸਿਹਤ ਲਈ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਹਸਪਤਾਲ ਤਬਦੀਲ ਕਰਨ ਲਈ ਜੇਲ੍ਹ ਦੀ ਡਿਊਟੀ ਹੈ। ਇਸਦੇ ਨਾਲ ਹੀ ਮੋਦੀ ਨੂੰ 3 ਨਵੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।