
ਮੋਗਾ,ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)
ਸਾਰੇ ਸਰਕਾਰੀ ਸਕੂਲਾਂ ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਘਰ ਘਰ ਕਿਤਾਬਾਂ ਭੇਜੇ ਜਾਣ, ਵਜੀਫਾ ਵਿਦਿਆਰਥੀਆਂ ਦੇ ਖਾਤੇ ਪਾਏ ਜਾਣ ਤੇ ਮਿੱਡ ਡੇ ਮੀਲ ਤਹਿਤ ਰਾਸ਼ਨ ਵਿਦਿਆਰਥੀਆਂ ਦੇ ਘਰਾਂ ਚ ਭੇਜੇ ਜਾਣ ਦੀ ਮੰਗ ਨੂੰ ਲੈਕੇ ਇਨਕਲਾਬੀ ਨੌਜ਼ਵਾਨ ਸਭਾ ਪੰਜਾਬ ਦੇ ਸੱਦੇ ਤੇ ਸਕੂਲਾਂ ਚ ਪੜਦੇ ਵਿਦਿਆਰਥੀਆਂ ਨੇ ਹੱਥਾਂ ਚ ਪੋਸਟਰ ਫੜ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਲਾਕਡਾਊਨ ਦਰਮਿਆਨ ਵਿਸ਼ੇਸ ਸਹੂਲਤਾਂ ਦੀ ਬਜਾਏ ਆਮ ਹਾਲਤਾਂ ਮਿਲ ਰਹੇ ਹੱਕਾਂ ਤੋਂ ਵੀ ਵਿਦਿਆਰਥੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਮਹਿਜ਼ ਵਟਸਅੱਪ ਰਾਹੀਂ ਈ ਪੜ੍ਹਾਈ ਦੇ ਹੋ ਰਹੇ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਲਾਕਡਾਊਨ ਸਮੇਂ ਪੰਜਾਬ ਸਰਕਾਰ ਘਰ ਘਰ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ ਭੇਜਣ ਦਾ ਇੰਤਜਾਮ ਕਰੇ ਤਾਂ ਜੋ ਵਿਦਿਆਰਥੀ ਆਪਣੇ ਘਰਾਂ ਚ ਪੜਾਈ ਜਾਰੀ ਰੱਖ ਸਕਣ। ਇਸਤੋਂ ਇਲਾਵਾ ਵਿਦਿਆਰਥੀਆਂ ਦਾ ਵਜੀਫਾ ਜਿੱਥੇ ਖਾਤਿਆਂ ਚ ਪਾਇਆ ਜਾਵੇ ਉੱਥੇ ਮਿੱਡ ਡੇ ਮੀਲ ਤਹਿਤ ਰਾਸ਼ਨ ਵੀ ਵਿਦਿਆਰਥੀਆਂ ਦੇ ਘਰਾਂ ਤੱਕ ਪੁਹੰਚਦਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਲਾਕਡਾਊਨ ਦਰਮਿਆਨ ਢੁੱਕਵੇਂ ਪ੍ਰਬੰਧ ਕਰਨ ਸਮੁੱਚੇ ਦਿਹਾੜੀਦਾਰ ਕਾਮਿਆਂ ਲਈ 10-10ਹਜਾਰ ਗੁਜਾਰਾ ਭੱਤਾ ਤੇ ਕਣਕ ਦੀ ਖ੍ਰੀਦ ਲਈ ਤਰਕਸੰਗਤ ਇੰਤਜਾਮ ਕੀਤੇ ਜਾਣ।

