



ਅਸ਼ੋਕ ਵਰਮਾ
ਬਠਿੰਡਾ, 28ਅਕਤੂਬਰ2020: ਬਠਿੰਡਾ ‘ਚ ਸਾਂਝੀਵਾਲਤਾ ਦੇ ਸੁਨੇਹੇਂ ਨੇ ਸ਼ਹਿਰ ਦੇ ਲਾਗਿਓਂ ਲੰਘਦੀ ਸਰਹਿੰਦ ਨਹਿਰ ਦੀ ਬਦਹਾਲੀ ਦੂਰ ਕਰ ਦਿੱਤੀ ਹੈ। ਨਹਿਰੀ ਵਿਭਾਗ ਵੱਲੋਂ ਕੁਝ ਜਰੂਰੀ ਕਾਰਜਾਂ ਕਰਕੇ ਨਹਿਰ ਨੂੰ ਬੰਦ ਕੀਤਾ ਗਿਆ ਹੈ ਜਿਸਦਾ ਲਾਹਾ ਲੈਣ ਲਈ ਸਹਿਯੋਗ ਵੈਲਫੇਅਰ ਕਲੱਬ ਅਤੇ ਬਠਿੰਡਾ ਸੋਸ਼ਲ ਗਰੁੱਪ ਵੱਲੋਂ ਨਹਿਰ ਦੀ ਸਫਾਈ ਦਾ ਸੱਦਾ ਦਿੱਤਾ ਗਿਆ ਸੀ। ਅੱਜ ਸਵੇਰੇ 6 ਵਜੇ ਤੋਂ ਸ਼ਹਿਰ ਦੀਆਂ ਸੰਸਥਾਵਾਂ ਦੇ ਵੱਡੀ ਗਿਣਤੀ ਵਲੰਟੀਅਰਾਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਜੋ ਸ਼ਾਮ 4 ਵਜੇ ਤੱਕ ਚੱਲਿਆ। ਅੱਜ ਮੌਕੇ ਤੇ ਦੇਖਣ ’ਚ ਆਇਆ ਕਿ ਬਠਿੰਡਾ ਨਹਿਰ ਦਾ ਜਿੰਨਾਂ ਹਿੱਸਾ ਸ਼ਹਿਰ ਵਿੱਚੋਂ ਲੰਘਦਾ ਹੈ, ਉਸ ਦਾ ਤਾਂ ਕੂੜੇ ਕਰਕਟ ਅਤੇ ਵਹਿਮੀ ਭਰਮੀ ਲੋਕਾਂ ਵੱਲੋਂ ਸੁੱਟੇ ਜਾਂਦੇ ਕਈ ਤਰਾਂ ਦੇ ਪਦਾਰਥਾਂ ਕਾਰਨ ਜਿਆਦਾ ਹੀ ਬੁਰਾ ਹਾਲ ਹੋਇਆ ਪਿਆ ਸੀ। ਇਸ ਤੋਂ ਬਿਨਾਂ ਕਈ ਥਾਵਾਂ ਤੇ ਇਸ ਨਹਿਰ ਦੇ ਤਲ ਤੋਂ ਮਿੱਟੀ ਐਨੀਂ ਜਿਆਦਾ ਉੱਚੀ ਹੋਈ ਪਈ ਹੈ ਜਿਸ ਨਾਲ ਨਹਿਰ ਕਿਸੇ ਸਧਾਰਨ ਰਜਬਾਹੇ ਦਾ ਭੁਲੇਖਾ ਪਾਉਂਦੀ ਹੈ।
ਇਸ ਨਹਿਰ ਦੇ ਪਾਣੀ ਨੂੰ ਖੇਤੀ ਲਈ ਵੀ ਵਰਤਿਆ ਜਾਂਦਾ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਵਿਚਲੇ ਜਲਘਰਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਪਾਣੀ ਦੀ ਵਰਤੋਂ ਪੀਣ ਲਈ ਕੀਤੀ ਜਾਂਦੀ ਹੈ। ਡੀਏਵੀ ਕਾਲਜ ਦੇ ਪ੍ਰੋਫੈਸਰ ਨਿਰਮਲ ਸਿੱਧੂ ਦਾ ਕਹਿਣਾ ਸੀ ਕਿ ਵਹਿਮੀ ਭਰਮੀ ਲੋਕ ਇਸ ਨਹਿਰ ਵਿੱਚ ਖੋਪੇ ਦੇ ਗੁੱਟ,ਨਾਰੀਅਲ, ਹਰੇ ਤੇ ਕਾਲੇ ਰੰਗ ਦੇ ਕੱਪੜੇ ਅਤੇ ਹੋਰ ਕਈ ਤਰਾਂ ਦੀਆਂ ਵਸਤਾਂ ਤਾਰ ਦਿੰਦੇ ਹਨ ਜਿਹਨਾਂ ਕਾਰਨ ਕਿਸਾਨਾਂ ਨੂੰ ਵੀ ਵਖਤ ਪਿਆ ਹੋਇਆ ਹੈ । ਉਹਨਾਂ ਕਿਹਾ ਕਿ ਜਿਹਨਾਂ ਕਿਸਾਨਾਂ ਦੇ ਖੇਤਾਂ ‘ਚ ਇਹ ਸਮਾਨ ਚਲਾ ਜਾਂਦਾ ਹੈ ਉਹ ਇਸ ਕਰਕੇ ਤੰਗ ਹਨ ਕਿਉਂਕਿ ਇਹ ਵਸਤਾਂ ਅੱਗੇ ਜਾਕੇ ਮੋਘਿਆਂ ’ਚ ਫਸ ਜਾਂਦੀਆਂ ਹਨ। ਇਹਨਾਂ ਕਾਰਨ ਨਹਿਰ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਅਤੇ ਕੰਢਿਆਂ ’ਤੇ ਦਬਾਅ ਵਧਣ ਨਾਲ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਗੰਦ ਮੰਦ ਕਰਕੇ ਹੀ ਪਿਛਲੇ 7 ਸਾਲਾਂ ਦੌਰਾਨ ਇਸ ਨਹਿਰ ‘ਚ ਤਿੰਨ-ਚਾਰ ਵਾਰ ਪਾੜ ਪੈ ਚੁੱਕਿਆ ਹੈ।
ਪਾੜਾਂ ਕਾਰਨ ਹਜਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਜਦੋਂਕਿ ਇੱਕ ਵਾਰ ਤਾਂ ਨਹਿਰ ਟੁੱਟਣ ਨਾਲ ਲਾਗੇ ਪੈਂਦੀ ਡੀਅਰ ਸਫਾਰੀ ਦਾ ਵੀ ਵੱਡਾ ਨੁਕਸਾਨ ਹੋ ਗਿਆ ਸੀ । ਦੇਖਣ ’ਚ ਆਇਆ ਹੈ ਕਿ ਹਫਤੇ ਵਿੱਚ ਦੋ ਦਿਨ ਮੰਗਲਵਾਰ ਅਤੇ ਸ਼ਨੀਵਾਰ ਨੂੰ ਤਾਂ ਸਵੇਰੇ ਅਤੇ ਸ਼ਾਮ ਵੇਲੇ ਨਹਿਰ ਤੇ ਲੋਕਾਂ ਦੀ ਭਾਰੀ ਭੀੜ ਲੱਗੀ ਹੁੰਦੀ ਹੈ। ਸ਼ਹਿਰ ਵਿਚਲੇ ਜੋਤਸ਼ੀਆਂ ਕਾਰਨ ਬਹੁਤ ਸਾਰੇ ਲੋਕ ਗੁੱਟ, ਲਾਲ ਕੱਪੜਾ ,ਕਾਲਾ ਕੋਇਲਾ ਅਤੇ ਏਦਾਂ ਦੀਆਂ ਕਈ ਤਰਾਂ ਦੀਆਂ ਵਸਤਾਂ ਤਾਰ ਕੇ ਜਾਂਦੇ ਹਨ ਜਿਹਨਾਂ ਕਾਰਨ ਨਹਿਰ ਦੇ ਤਲ ਦਾ ਬੁਰਾ ਹਾਲ ਹੋ ਜਾਂਦਾ ਹੈ। ਮਹੱਤਵਪੂਰਨ ਤੱਥ ਹੈ ਕਿ ਇਸ ਕਾਰਨ ਪ੍ਰਦੂਸ਼ਣ ਫੈਲਣ ਕਰਕੇ ਮਨੁੱਖੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ । ਜਾਣਕਾਰੀ ਅਨੁਸਾਰ ਕਾਫੀ ਸਮਾਂ ਪਹਿਲਾਂ ਨਗਰ ਨਿਗਮ ਨੇ ਨਹਿਰ ‘ਚ ਪ੍ਰਦੂਸ਼ਣ ਫੈਲਾਉਣ ਵਾਲਾ ਸਮਾਨ ਨਹਿਰ ‘ਚ ਸੁੱਟਣ ਤੋਂ ਰੋਕਣ ਲਈ ਸ਼ਹਿਰ ਦੀ ਤਰਫ ਪਟੜੀ ‘ਤੇ ਕੰਧ ਵੀ ਕੱਢੀ ਸੀ ਜਿਸ ਦਾ ਕੋਈ ਫਾਇਦਾ ਨਹੀਂ ਹੋਇਆ।
ਵਹਿਮੀ ਭਰਮੀਂ ਲੋਕਾਂ ਨੇ ਗੰਦ ਮੰਦ ਤਾਰਨ ਲਈ ਬਦਲਵੀਆਂ ਥਾਵਾਂ ਤਲਾਸ਼ ਲਈਆਂ ਜਿਸ ਨਾਲ ਦੂਸ਼ਤ ਹੋਣ ਵਾਲਾ ਭਾਗ ਹੋਰ ਵੀ ਲੰਬਾ ਹੋ ਗਿਆ । ਵਾਤਾਵਰਨ ਪ੍ਰੇਮੀ ਬਾਬਾ ਬਲਜੀਤ ਸਿੰਘ ਅਤੇ ਅਸ਼ੀਸ਼ ਬਾਂਸਲ ਨੇ ਕਿਹਾ ਕਿ ਇਲਾਕੇ ਜੀਵਨ ਰੇਖਾ ਅਖਵਾਉਂਦੀ ਬਠਿੰਡਾ ਨਹਿਰ ਕਿਸਾਨਾਂ ਅਤੇ ਆਮ ਆਦਮੀ ਲਈ ਜੀਅ ਦਾ ਜੰਜਾਲ ਬਣ ਗਈ ਹੈ । ਦੱਸਣਯੋਗ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਨੇ ਬਠਿੰਡਾ ਨਹਿਰ ਨੂੰ ਸੋਹਣਾ ਬਨਾਉਣ ਦੀ ਖਾਤਰ ਇਸ ਦੀ ਪਟੜੀ ਨੂੰ ਸੈਰਗਾਹ ਦੇ ਤੌਰ ‘ਤੇ ਵਿਕਸਤ ਕਰਨ ਦਾ ਪ੍ਰਜੈਕਟ ਤਿਆਰ ਕੀਤਾ ਸੀ । ਨਹਿਰ ਤੇ ਫੁਹਾਰੇ ਵੀ ਲਾਏ ਗਏ ਸਨ ਅਤੇ ਨਹਿਰ ਨੂੰ ਕੁੱਝ ਤੰਗ ਕਰਕੇ ਪਟੜੀ ਨੂੰ ਚੌੜਾ ਕਰਨ ਦੀ ਯੋਜਨਾ ਵੀ ਬਣਾਈ ਸੀ ਪਰ ਇਹ ਕੰਮ ਅਧਵਾਟੇ ਲਟਕ ਗਿਆ ਜਦੋਂਕਿ ਫੁਹਾਰਿਆਂ ਨੂੰ ਕੌਮੀ ਸੜਕ ਮਾਰਗ ਬਨਾਉਣ ਵੇਲੇ ਟੁੱਟ ਭੱਜ ਖਾ ਗਈ। ਹੁਣ ਜਦੋਂ ਮੌਕਾ ਮਿਲਿਆ ਹੈ ਤਾਂ ਸ਼ਹਿਰ ਦੇ ਲੋਕਾਂ ਨੇ ਖੁਦ ਹੀ ਸਫਾਈ ਦਾ ਬੀੜਾ ਚੁੱਕ ਲਿਆ ਹੈ।
ਸ਼ਹਿਰ ਵਾਸੀ ਸਫਾਈ ਦਾ ਖਿਆਲ ਰੱਖਣ
ਸਹਿਯੋਗ ਵੈਲਫੇਅਰ ਕਲੱਬ ਦੇ ਆਗੂ ਸਮਾਜਸੇਵੀ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਪ੍ਰਦੂਸ਼ਣ ਨਾਲ ਸਬੰਧਤ ਜਿਆਦਾਤਰ ਸਮੱਸਿਆਵਾਂ ਤਾਂ ਮਨੁੱਖ ਦੀਆਂ ਆਪ ਹੀ ਪੈਦਾ ਕੀਤੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਹੁਣ ਲੋਕ ਹੀ ਵਾਤਾਵਰਨ ਨੂੰ ਬਚਾਉਣ ਦੇ ਉਸ ਪੱਖ ਤੋਂ ਸੋਚਣ ਜਿਸ ਤੋਂ ਪੂਰਾ ਸਮਾਜ ਪ੍ਰੇਸ਼ਾਨ ਹੈ। ਉਹਨਾਂ ਬਠਿੰਡਾ ਦੇ ਹਰ ਸ਼ਹਿਰੀ ਨੂੰ ਨਹਿਰ ਦੇ ਨਾਲ ਨਾਲ ਆਪਣੇ ਘਰ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਦਾ ਸੱਦਾ ਵੀ ਦਿੱਤਾ।
ਗੰਦ ਮੰਦ ਸੁਟਵਾਉਣ ਵਾਲੇ ਦੁਸ਼ਮਣ
ਸਮਾਜਸੇਵੀ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਅਸਲ ’ਚ ਨਹਿਰੀ ਪਾਣੀ ਦੇ ਵੱਡੇ ਦੁਸ਼ਮਣ ਉਹ ਵਿਅਕਤੀ ਹਨ, ਜਿਹਨਾਂ ਵੱਲੋਂ ਲੋਕਾਂ ਤੋਂ ਭਾਂਤ ਭਾਤ ਦੀਆਂ ਖਤਰਨਾਕ ਵਸਤਾਂ ਸੁਟਵਾਈਆਂ ਜਾਂਦੀਆਂ ਹਨ। ਉਹਨਾਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਹ ਵਰਤਾਰਾ ਰੁਕਵਾਉਣ ਲਈ ਅੱਗੇ ਆਉਣ ਤਾਂਜੋ ਨਹਿਰ ਨੂੰ ਗੰਦਾ ਹੋਣ ਤੋਂ ਰੋਕਿਆ ਜਾ ਸਕੇ।