
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ2020: ਬਠਿੰਡਾ ਖੇਤਰ ’ਚ ਪਹਿਲਾਂ ਵੀ ਚਿੱਟ ਫੰਡ ਕੰਪਨੀ ਦੇ ਨਾਂਅ ’ਤੇ ਕਈ ਗੁਣਾ ਜਿਆਦਾ ਵਿਆਜ ਦਾ ਲਾਲਚ ਦੇਕੇ ਕਰੋੜਾਂ ਰੁਪਏ ਦਾ ਚੂਨਾ ਲਾ ਚੁੱਕੇ ਬਸੰਤ ਬਿਹਾਰ ਨਿਵਾਸੀ ਵਿਅਕਤੀ ਵੱਲੋਂ ਲੋਕਾਂ ਨੂੰ ਕਥਿਤ ਤੌਰ ਲੁੱਟਣ ਦਾ ਸਿਲਸਿਲਾ ਜਾਰੀ ਰੱਖਦਿਆਂ ਦੋ ਹੋਰ ਚਿੱਟ ਫੰਡ ਕੰਪਨੀਆਂ ਬਣਾ ਕੇ ਕਰੀਬ 49 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਰਣਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬਸੰਤ ਵਿਹਾਰ ਬਠਿੰਡਾ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਮੁਲਜਮ ਨੇ ਨਿਵੇਸ਼ਕਾਂ ਦਾ ਭਰੋਸਾ ਜਿੱਤ ਕੇ ਇਸ ਢੰਗ ਨਾਲ ਇਹ ਕਾਂਡ ਕੀਤਾ ਕਿ ਮਨਦੀਪ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਨੂੰ ਭਿਣਕ ਨਹੀਂ ਪਈ। ਜਦੋਂ ਪੀੜਤ ਨੂੰ ਘਾਲੇ ਮਾਲੇ ਦਾ ਪਤਾ ਲੱਗਿਆ ਤਾਂ ਉਦੋਂ ਤੱਕ ਮੁਲਜਮ ਪੈਸਿਆਂ ਸਾਹਿਤ ਫਰਾਰ ਹੋ ਚੁੱਕਿਆ ਸੀ।
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੂੰ ਦਿੱਤੀ ਸ਼ਕਾਇਤ ‘ਚ ਦੱਸਿਆ ਸੀ ਕਿ ਰਣਬੀਰ ਸਿੰਘ ਨਾਲ ਉਸ ਦੀ ਮੁਲਾਕਾਤ ਪ੍ਰਦੀਪ ਕੁਮਾਰ ਵਾਸੀ ਨਾਰਥ ਅਸਟੇਟ ਦੇ ਭੱਟੀ ਰੋਡ ਸਥਿਤ ਦਫਤਰ ’ਚ ਹੋਈ ਸੀ ਜਿੱਥੇ ਉਹ ਉਹਨਾਂ ਲਈ ਟਰੇਡਿੰਗ ਦਾ ਕੰਮ ਕਰਦਾ ਸੀ। ਉਸ ਨੇ ਮਨਦੀਪ ਸਿੰਘ ਨੂੰ ਦੱਸਿਆ ਕਿ ਉਹ ਟਰੇਡਿੰਗ ਰਾਹੀਂ ਪੈਸੇ ਦੁੱਗਣੇ ਕਰ ਲੈਂਦਾ ਹੈ ਜਿਸ ਲਈ ਉਸ ਨੇ ਸੁਜਾਸ ਕੈਪੀਟਲ ਤੇ ਬਾਲਾ ਜੀ ਅਕਾਸ਼ਾ ਲਿਮਟਿਡ ਕੰਪਨੀ ਬਣਾਈ ਹੈ ਜਿਸ ‘ਚ ਉਸ ਦੇ ਮਾਤਾ ਪਿਤਾ ਤੇ ਕੁੱਝ ਵੱਡੇ ਬੰਦੇ ਹਿੱਸੇਦਾਰ ਹਨ। ਰਣਬੀਰ ਸਿੰਘ ਨੇ ਭਰੋਸਾ ਜਿੱਤਣ ਲਈ ਉਸ ਨੂੰ ਘਰ ਬੁਲਾਕੇ ਪ੍ਰੀਵਾਰ ਨਾਲ ਵੀ ਮਿਲਾਇਆ ਜਿੱਥੇ ਉਹ ਉਨਾਂ ਦੇ ਝਾਂਸੇ ਵਿੱਚ ਆ ਗਿਆ ਤੇ ਉਹਨਾਂ ਦੇ ਖਾਤੇ ’ਚ ਪੰਜ ਲੱਖ ਰੁਪਏ ਟਰਾਂਸਫਰ ਕਰ ਦਿੱਤੇ।
ਰਣਬੀਰ ਸਿੰਘ ਦੇ ਕਹਿਣ ਤੇ ਉਸ ਦੀਆਂ ਕੰਪਨੀਆਂ ’ਚ ਆਪਣੇ ਰਿਸ਼ਤੇਦਾਰਾਂ ਦੇ ਲੱਖਾਂ ਰੁਪਏ ਨਿਵੇਸ਼ ਕਰਵਾਏ ਸਨ। ਸ਼ਕਾਇਤ ’ਚ ਦੱਸਿਆ ਕਿ ਉਹ ਰਣਬੀਰ ਸਿੰਘ ਤੋਂ ਵਿਆਜ ਲੈਕੇ ਰਿਸ਼ਤੇਦਾਰਾਂ ਨੂੰ ਦਿੰਦਾ ਰਿਹਾ ਪਰ ਅਗਸਤ 2014 ’ਚ ਉਸ ਨੇ ਪੈਸਿਆਂ ਦੀਅਦਾਇਗੀ ਤੋਂ ਜਵਾਬ ਦੇ ਦਿੱਤਾ। ਉਦੋਂ ਤੱਕ ਮੇਰੇ ਰਣਬੀਰ ਸਿੰਘ ਨਾਲ ਘਰੇਲੂ ਰਿਸ਼ਤਾ ਬਣ ਗਿਆ ਸੀ ਤਾਂ ਮੈਂ ਕੋਈ ਕਾਰਵਾਈ ਨਹੀਂ ਕਰਵਾਈ। ਉਸ ਨੇ ਦੱਸਿਆ ਕਿ ਪ੍ਰੀਵਾਰ ਰਣਬੀਰ ਸਿੰਘ ਦੇ ਜੇਹਲ ਤੋਂ ਬਾਹਰ ਆਉਣ ਤੇ ਪੈਸੇ ਦਿਵਾਉਣ ਦਾ ਦਿਲਾਸਾ ਦਿੰਦਾ ਰਿਹਾ ਪਰ ਉਸ ਨੇ ਜਮਾਨਤ ਤੇ ਬਾਹਰ ਆਕੇ ਉਸ ਨਾਲ ਸੰਪਰਕ ਨਹੀਂ ਕੀਤਾ। ਪੀੜਤ ਮਨਦੀਪ ਸਿੰਘ ਨੇ ਐਸਐਸਪੀ ਤੋਂ ਮਾਮਲੇ ਦੀ ਪੜਤਾਲ ਕਰਕੇ ਪੈਸੇ ਵਾਪਿਸ ਦਿਵਾਉਣ ਅਤੇ ਮੁਲਜਮ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ।
ਸੀਆਈਏ ਸਟਾਫ ਨੇ ਕੀਤੀ ਸੀ ਪੜਤਾਲ
ਐਸਐਸਪੀ ਬਠਿੰਡਾ ਨੇ ਇਸ ਮਾਮਲੇ ਦੀ ਪੜਤਾਲ ਸੀਆਈਏ ਸਟਾਫ 2 ਨੂੰ ਸੌਂਪੀ ਸੀ। ਆਪਣੀ ਰਿਪੋਰਟ ’ਚ ਜਾਂਚ ਅਧਿਕਾਰੀ ਨੇ ਸਿੱਟਾ ਕੱਢਿਆ ਹੈ ਕਿ ਮੁਲਜਮ ਰਣਬੀਰ ਸਿੰਘ ਦੇ ਕਹਿਣ ਤੇ ਮਨਦੀਪ ਸਿੰਘ ਨੇ 49 ਲੱਖ ਰੁਪਏ ਲਾਏ ਹਨ ਜੋ ਉਸ ਨੇ ਵਿਆਜ ਸਮੇਤ ਵਾਪਿਸ ਕਰਨੇ ਸਨ। ਪੜਤਾਲ ’ਚ ਸਾਹਮਣੇ ਆਇਆ ਹੈ ਕਿ ਮੁਲਜਮ ਨੇ ਆਪਣੀ ਫਰਮ ਸੁਜਾਸ ਕੈਪੀਟਲ ਪ੍ਰਾਈਵੇਟ ਲਿਮਟਿਡ ਦੇ ਖਾਤੇ ਨਾਲ ਸਬੰਧਤ ਤਿੰਨ ਵੱਖ ਵੱਖ ਰਾਸ਼ੀ ਦੇ ਚੈਕ ਦਿੱਤੇ ਸਨ ਜੋ ਬਾਊਂਸ ਹੋ ਗਏ। ਰਿਪੋਰਟ ਮੁਤਾਬਕ ਸੁਜਾਸ ਕੈਪੀਟਲ ਅਤੇ ਬਾਲਾ ਜੀ ਅਕਾਸ਼ਾ ਲਿਮਟਿਡ ਰਾਹੀਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਕੇ ਪੀੜਤ ਨਾਲ 49 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਜਾਂਚ ਅਧਿਕਾਰੀ ਨੇ ਕਾਨੂੰਨੀ ਰਾਏ ਲੈਣ ਉਪਰੰਤ ਰਣਬੀਰ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।
ਮਾਪਿਆਂ ਦੇ ਫਰਜੀ ਦਸਤਖਤ ਕੀਤੇ
ਪੜਤਾਲ ਦੌਰਾਨ ਰਣਬੀਰ ਸਿੰਘ ਦੀ ਪਤਨੀ ਹਰਜੀਤ ਕੌਰ ਅਤੇ ਪਿਤਾ ਮਨਜੀਤ ਸਿੰਘ ਨੇ ਜਾਂਚ ਅਧਿਕਾਰੀ ਨੂੰ ਫਰਮ ਦੇ ਕਾਗਜਾਂ ’ਚ ਹੋਏ ਆਪਣੇ ਦਸਤਖਤਾਂ ਨੂੰ ਫਰਜੀ ਦੱਸਿਆ ਹੈ। ਰਿਪੋਰਟ ਮੁਤਾਬਕ ਮਨਦੀਪ ਸਿੰਘ ਦੋਵਾਂ ਖਿਲਾਫ ਕੋਈ ਸਬੂਤ ਵੀ ਪੇਸ਼ ਨਹੀਂ ਕਰ ਸਕਿਆ ਹੈ। ਰਿਪੋਰਟ ’ਚ ਆਖਿਆ ਕਿ ਅਗਲੀ ਪੜਤਾਲ ਦੌਰਾਨ ਜੇ ਇਹਨਾਂ ਦੋਵਾਂ ਬਾਰੇ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਉਹਨਾਂ ਤੇ ਗੌਰ ਕੀਤਾ ਜਾ ਸਕਦਾ ਹੈ।
ਕਾਨੂੰਨੀ ਰਾਏ ਉਪਰੰਤ ਕੇਸ ਦਰਜ
ਪੜਤਾਲੀਆ ਰਿਪੋਰਟ ਬਾਰੇ ਜਿਲ੍ਹਾ ਅਟਾਰਨੀ ਤੋਂ ਕਾਨੂੰਨੀ ਸਲਾਹ ਲੈਣ ਉਪਰੰਤ ਐਸਐਸਪੀ ਨੇ ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਨੂੰ ਪੁਲਿਸ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਹੁਣ ਕੈਨਾਲ ਕਲੋਨੀ ਪੁਲਿਸ ਨੇ ਮੁਲਜਮ ਰਣਬੀਰ ਸਿੰਘ ਨੂੰ ਮੁਕੱਦਮਾ ਨੰਬਰ 233 ਧਾਰਾ 420 ਤਹਿਤ ਨਾਮਜਦ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਗੁਰਦਿੱਤ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਨੂੰ ਗ਼ਿਫਤਾਰ ਕਰਨ ਪਿੱਛੋਂ ਅਗਲੀ ਕਾਰਵਾਈ ਕੀਤੀ ਜਾਏਗੀ।
ਸੁਜਾਸ ਕੈਪੀਟਲ ਰਾਹੀਂ ਪਹਿਲਾਂ ਵੀ ਠੱਗੀਆਂ
ਰਣਬੀਰ ਸਿੰਘ ਨੇ ਪਹਿਲਾਂ ਵੀ ਆਪਣੇ ਭਰਾ ਨਾਲ ਮਿਲਕੇ ਸੁਜਾਸ ਕੈਪੀਟਲ ਪ੍ਰਾਈਵੇਟ ਲਿਮਟਿਡ ਕੰਪਨੀ ‘ਚ ਲੋਕਾਂ ਤੋਂ ਕਰੀਬ 100 ਕਰੋੜ ਰੁਪਏ ਨਿਵੇਸ਼ ਕਰਵਾਏ ਅਤੇ ਇਹ ਪੈਸਾ ਲੈ ਕੇ ਫਰਾਰ ਹੋ ਗਏ ਸਨ। ਉਦੋਂ ਥਾਣਾ ਕੈਂਟ ਪੁਲਿਸ ਨੇ ਵੀ ਦੋਵਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ । ਉਸ ਮਗਰੋਂ ਵੀ ਥਾਣਾ ਸਿਵਲ ਲਾਈਨ ਪੁਲਿਸ ਨੇ ਰਣਬੀਰ ਸਿੰਘ ਸਮੇਤ ਛੇ ਜਣਿਆਂ ਖਿਲਾਫ ਪੰਜ ਲੱਖ ਦੀ ਠੱਗੀ ਮਾਰਨ ਦੇ ਕੇਸ ਦਰਜ ਕੀਤਾ ਸੀ।