ਹਮਬਰਗ (ਅਮਰਜੀਤ ਸਿੰਘ ਸਿੱਧੂ)
ਪਿੱਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਈ-ਮੇਲ ਤੇ ਟਵਿੱਟਰ ਨੂੰ ਲੈ ਕੇ ਇਕ ਮਸਲਾ ਭਖ ਰਿਹਾ ਸੀ ਕਿ ਭਾਰਤ ਦੀ ਸਰਕਾਰ ਵਿਦੇਸ਼ ਵਿਚ ਵੱਸਦੇ ਸਿੱਖਾਂ ਦੇ ਸਿਰਨਾਵੇਂ ਇਕੱਠੇ ਕਰਵਾ ਰਹੀ ਹੈ। ਜਿਸ ਦੇ ਸੰਦਰਭ ਵਿਚ ਦੁਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਉਠੀ। ਜਿਸ ਰੋਸ ਲਹਿਰ ਨੂੰ ਵੇਖਦਿਆਂ ਭਾਰਤ ਦੀ ਸਰਕਾਰ ਨੂੰ ਆਪਣਾ ਉਹ ਪੱਤਰਵਾਪਸ ਲੈਣਾ ਪਿਆ। ਉਸ ਦੇ ਸੰਦਰਭ ਵਿੱਚ ਸਰਕਾਰ ਨੂੰ ਆਪਣੇ ਵੱਲੋਂ ਸਪਸ਼ਟੀਕਰਨ ਦੇਣਾ ਪਿਆ ਕਿ ਅਸੀਂ ਇਹ ਇਸ ਕਰਕੇ ਕੀਤਾ ਸੀ ਕਿ ਪਿੱਛਲੇ ਕੁਝ ਸਮੇਂ ਤੋਂ ਕਈ ਦੇਸ਼ਾਂ ਵਿਚ ਸਿੱਖਾਂ ਨਾਲ ਜਿਆਦਤੀਆਂ ਹੋਈਆਂ ਸਨ। ਜਿਹਨਾਂ ਦੀ ਹਿਫਾਜ਼ਤ ਕਰਨ ਲਈ ਸਰਕਾਰ ਨੇ ਇਹ ਸਰਕੂਲੇਸ਼ਨ ਭਾਰਤੀ ਦੂਤਾਵਾਸਾਂ ਨੂੰ ਭੇਜਿਆ ਸੀ। ਪਰ ਵਿਦੇਸ਼ੀ ਸਿੱਖਾਂ ਦੇ ਰੋਸ ਨੂੰ ਵੇਖਦਿਆਂ
ਆਪਣੀ ਉਹ ਚਿੱਠੀ ਵਾਪਸ ਲੈ ਲਈ ਹੈ।
ਪਰ ਵਿਦੇਸ਼ੀ ਇਹ ਸੋਚ ਰਹੇ ਹਨ ਕਿ ਅਸੀਂ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਿਸ ਕਰਕੇ ਸਰਕਾਰ ਨੇ ਸਾਨੂੰ ਡਰਾਉਣ ਲਈ ਇਹ ਕਦਮ ਚੁੱਕਿਆ ਹੈ। ਪਰ ਵਿਦੇਸ਼ੀ ਵਸਦਾ ਭਾਈਚਾਰਾ ਤਨੋਂ ਮਨੋ ਤੇ ਧਨੋ ਕਿਸਾਨਾਂ ਮਜਦੂਰਾਂ ਦੇ ਨਾਲ ਹੈ ਅਤੇ ਰਹੇਗਾ। ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਸਰਕੂਲਰ ਕੱਢਣੇ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੁਖਜਿੰਦਰ ਸਿੰਘ ਗਰੇਵਾਲ, ਦਲਬੀਰ ਸਿੰਘ ਭਾਊ ਤੇ ਸੁਰਿੰਦਰ ਸਿੰਘ ਭੱਟੀ ਨੇ ਕਿਹਾ ਹੁਣ ਸੰਘਰਸਸ਼ੀਲ ਲੋਕ ਇਕ ਝੰਡੇ ਥੱਲੇ ਇਕੱਠੇ ਹੋ ਗਏ ਹਨ। ਜਿਹਨਾਂ ਨੂੰ ਸਿਆਸੀ ਤੂਤੀਆਂ ਵਜਾਉਣ ਵਾਲਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਹੁਣ ਇਹ ਸਿਆਸੀ ਲੋਕ ਆਪਣੀਆਂ ਪਾਰਟੀਆਂ ਦੇ ਝੰਡੇ ਲਏ ਬਿਨਾਂ, ਬਗੈਰ ਸ਼ਰਤ ਤੁਹਾਡੀ ਮੱਦਦ ਕਰਨ ਦੇ ਬਹਾਨੇ ਤੁਹਾਡੇ ਨਾਲ ਸਘੰਰਸ ਵਿਚ ਸ਼ਾਮਲ ਹੋਣਗੇ। ਤੁਸੀਂ ਇਹਨਾਂ ਦੇ ਝਾਂਸੇ ਵਿਚ ਨਾ ਆ ਜਾਣਾ ਤੇ ਆਪਣੇ ਸਘੰਰਸ ਨੂੰ ਇਨ੍ਹਾਂ ਦੇ ਹੱਥਾਂ ਵਿੱਚ ਨਾ ਦੇ ਦੇਣਾ। ਆਪਾਂ ਪਹਿਲਾਂ ਇਨ੍ਹਾਂ ਨੂੰ ਪਰਖ ਚੁੱਕੇ ਹਾਂ। ਤੁਸੀਂ ਹੁਣੇ ਤੋਂ ਹੀ 2022 ਦੀਆਂ ਚੋਣਾਂ ਦਾ ਖਾਕਾ ਤਿਆਰ ਕਰਨ ਲੱਗੋ ਤਾਂ ਜੋ ਮਿਹਨਤਕਸ਼ ਲੋਕਾਂ ਦੀ ਸਰਕਾਰ ਬਣ ਸਕੇ ਤੇ ਤੁਸੀਂ ਆਪਣੇ ਹੱਕਾਂ ਦੇ ਫੈਸਲੇ ਖੁਦ ਆਪ ਕਰ ਸਕੋ ਤੇ ਕਾਮੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਜੂਲੇ ਥੱਲੋਂ ਕੱਢ ਕੇ ਅਜਾਦੀ ਨਾਲ ਜਿਉਣ ਦਾ ਹੱਕ ਦਿਵਾ ਸਕੋ।