ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਕੁਦਰਤੀ ਆਫਤ ਜਾਂ ਕੋਈ ਮਹਾਂਮਾਰੀ ਆਪਣੇ ਪ੍ਰਕੋਪ ਵਿੱਚ ਉਮਰ ਦਾ ਲਿਹਾਜ਼ ਨਹੀਂ ਕਰਦੀ। ਕੋਰੋਨਾਂ ਵਾਇਰਸ ਮਹਾਂਮਾਰੀ ਨੇ ਵੀ ਹਰ ਵਰਗ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਹੁਣ ਸਕਾਟਲੈਂਡ ਵਿੱਚ 25 ਸਾਲ ਤੋਂ ਘੱਟ ਉਮਰ ਦਾ ਇੱਕ ਆਦਮੀ ਸਭ ਤੋਂ ਘੱਟ ਉਮਰ ਦਾ ਕੋਰੋਨਾਂ ਵਾਇਰਸ ਪੀੜਤ ਬਣ ਗਿਆ ਹੈ। 17 ਅਕਤੂਬਰ ਨੂੰ 24 ਜਾਂ ਇਸ ਤੋਂ ਘੱਟ ਉਮਰ ਦੇ ਵਿਅਕਤੀ ਦੀ ਇਸ ਖੇਤਰ ਵਿੱਚ ਪਹਿਲੀ ਮੌਤ ਹੋਈ ਹੈ।ਇਸ ਮਾਮਲੇ ਵਿੱਚ ਪਬਲਿਕ ਹੈਲਥ ਸਕਾਟਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਆਦਮੀ 20-24 ਸਾਲ ਦਾ ਇਕਲੌਤਾ ਵਿਅਕਤੀ ਹੈ ਜਿਸ ਦੀ ਮੌਤ ਕੋਵਿਡ -19 ਤੋਂ ਪੀੜਿਤ ਹੋਣ ਕਰਕੇ ਹੋਈ ਹੈ। ਸਕਾਟਲੈਂਡ ਵਿੱਚ ਇਸ ਮ੍ਰਿਤਕ ਵਿਅਕਤੀ ਦੇ ਟਿਕਾਣੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਸਮੇਂ ਸਕਾਟਲੈਂਡ ਵਿੱਚ 20 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਵਾਇਰਸ ਨਾਲ ਨਹੀਂ ਮਰਿਆ ਹੈ ਅਤੇ 25 ਅਤੇ 44 ਸਾਲ ਦੀ ਉਮਰ ਦੇ ਕੁੱਲ 20 ਸਕਾਟਿਸ ਕੋਵਿਡ ਨਾਲ ਮਰੇ ਹਨ ਜਿਹਨਾਂ ਵਿੱਚੋਂ 12 ਆਦਮੀ ਅਤੇ ਅੱਠ ਔਰਤਾਂ ਸਨ। ਇਸ ਤੋਂ ਇਲਾਵਾ ਉਮਰ ਵਧਣ ਨਾਲ ਮੌਤ ਦੀ ਦਰ ਹੋਰ ਵੀ ਵੱਧ ਜਾਂਦੀ ਹੈ। ਜਿਸ ਵਿੱਚ ਇੱਥੇ 45 ਤੋਂ 64 ਸਾਲ ਦੀ ਉਮਰ ਵਿਚਕਾਰ 221 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਸਭ ਤੋਂ ਪ੍ਰਭਾਵਿਤ ਲੋਕ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਉਮਰ ਦੇ ਇਸ ਪੜਾਅ ਵਿੱਚ 1,083 ਵਿਅਕਤੀਆਂ ਦੀ ਮੌਤ ਹੋਈ ਹੈ।