
ਮਾਲੇਰਕੋਟਲਾ, 24 ਅਕਤੂਬਰ (ਜਮੀਲ ਜੌੜਾ): ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਸ਼ਹਿਰੀ ਵਾਤਾਵਰਣ ਸੁਧਾਰ ਯੋਜਨਾ, ਪੰਜਾਬ ਦੇ ਦੂਸਰੇ ਗੇੜ ਦੀ ਪੰਜਾਬ ਪੱਧਰੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ‘ਚ ਮਾਲੇਰਕੋਟਲਾ ਵਿਖੇ 24.90 ਕਰੋੜ ਦੀ ਲਾਗਤ ਨਾਲ ਸਿਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਸਮੇਤ ਵੱਖ-ਵੱਖ ਇਲਾਕਿਆਂ ‘ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਕੱਚਾ ਦਰਵਾਜ਼ਾ, ਜਮਾਲਪੁਰਾ ਵਿਖੇ 50 ਲੱਖ ਦੀ ਲਾਗਤ ਨਾਲ ਮਾਲੇਰਕੋਟਲਾ ਸ਼ਹਿਰ ਵਿਖੇ ਦੂਸਰੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ (ਛੋਟਾ ਹਸਪਤਾਲ) ਦੀ ਸਥਾਪਨਾ ਕਰਨ ਦੀ ਯੋਜਨਾ ਦਾ ਉਦਘਾਟਨ ਕੀਤਾ। ਇਸ ਦਾ ਪਹਿਲਾਂ ਇੱਕ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਨਗਰ ਕੋਂਸਲ ਮਾਲੇਰਕੋਟਲਾ ਦੇ ਨੇੜੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਠਿੰਡੀਆਂ ਮੁਹੱਲਾ ਬੈਕ ਸਾਈਡ ਨਗਰ ਕੋਂਸਲ ਮਾਲੇਰਕੋਟਲਾ ਵਿਖੇ 50 ਲੱਖ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕਮਿਊਨਿਟੀ ਹਾਲ ਦੀ ਉਸਾਰੀ ਦੇ ਕਾਰਜ ਦਾ ਉਦਘਾਟਨ ਵੀ ਮੈਡਮ ਰਜ਼ੀਆ ਸੁਲਤਾਨਾ ਦੁਆਰਾ ਇਲਾਕਾ ਨਿਵਾਸੀਆਂ ਦੀ ਮੋਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਮੁਹੰਮਦ ਤਾਰਿਕ ਪੀਏ ਮੈਡਮ ਰਜ਼ੀਆ ਸੁਲਤਾਨਾ, ਮੁਹੰਮਦ ਇਕਬਾਲ ਫੌਜੀ ਪ੍ਰਧਾਨ ਨਗਰਕੌਂਸਲ, ਚੌਧਰੀ ਮੁਹੰਮਦ ਬਸ਼ੀਰ ਚੇਅਰਮੈਨ ਇਮਪਰੂਵਮੈਂਟ ਟਰਸਟ, ਸਾਬਕਾ ਕੌਂਸਲਰ ਫਾਰੂਕ ਅਨਸਾਰੀ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।