ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਟੋਰੀ ਦੇ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕਥਿਤ ਤੌਰ ‘ਤੇ ਅਗਲੀ ਬਸੰਤ ਤੱਕ ਅਸਤੀਫਾ ਦੇਣ ਦਾ ਇਰਾਦਾ ਕਰ ਰਹੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਦੀ ਤਨਖਾਹ ਬਹੁਤ ਘੱਟ ਹੈ। ਉਹ ਆਪਣੇ ਪਦ ਕਰਕੇ ਮਿਲ ਰਹੀ ਸਲਾਨਾ ਤਨਖਾਹ ਤੋਂ ਸੰਤੁਸ਼ਟ ਨਹੀਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨੀ ਤਨਖਾਹ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ, ਉਸ ਵਿੱਚ ਬੋਰਿਸ ਜੌਹਨਸਨ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੀ £150,402 ਸਾਲਾਨਾ ਤਨਖਾਹ ‘ਤੇ ਨਹੀਂ ਜੀਅ ਸਕਦੇ ਹਨ। ਜਦਕਿ ਉਹ ਇਸ ਤੋਂ ਪਹਿਲਾਂ ਜ਼ਿਆਦਾ ਕਮਾਈ ਕਰਦੇ ਸਨ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਜੌਹਨਸਨ ਅਖਬਾਰ ਦੇ ਕਾਲਮ ਲਈ ਲਿਖਣ ਕਰਕੇ ਇੱਕ ਮਹੀਨੇ ਦੇ ਲਗਭੱਗ 23000 ਪੌਂਡ ਲੈਂਦੇ ਸਨ। ਇਸਦੇ ਇਲਾਵਾ ਇੱਕ ਹੋਰ ਅਖਬਾਰ ਅਨੁਸਾਰ ਉਹ ਇਕ ਮਹੀਨੇ ਵਿਚ ਹੀ ਦੋ ਭਾਸ਼ਣ ਦੇਣ ਲਈ £160,000 ਪ੍ਰਾਪਤ ਕਰਦੇ ਸਨ। ਪਰ ਵ੍ਹਾਈਟਹਾਲ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਆਪਣਾ ਅਸਤੀਫ਼ਾ ਦੇਣ ਲਈ ਛੇ ਮਹੀਨੇ ਹੋਰ ਇੰਤਜ਼ਾਰ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਬ੍ਰੈਕਸਿਟ ਨੂੰ ਪੂਰਾ ਕਰ ਸਕਣ। ਜਿਕਰਯੋਗ ਹੈ ਕਿ ਬੋਰਿਸ ਦੇ ਛੇ ਬੱਚੇ ਹਨ ਜਿਨ੍ਹਾਂ ਵਿੱਚੋਂ ਕੁਝ ਨੂੰ ਜ਼ਿਆਦਾ ਵਿੱਤੀ ਸਹਾਇਤਾ ਦੀ ਲੋੜ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੂੰ ਆਪਣੀ ਸਾਬਕਾ ਪਤਨੀ ਮਰੀਨਾ ਵ੍ਹੀਲਰ ਨੂੰ ਤਲਾਕ ਦੇ ਸੌਦੇ ਵਜੋਂ ਵੀ ਬਹੁਤ ਰਾਸ਼ੀ ਦੇਣੀ ਪਈ ਸੀ। ਵੱਡੇ ਅਹੁਦਿਆਂ ‘ਤੇ ਤਾਇਨਾਤ ਲੋਕ ਤੇ ਸਿਆਸੀ ਨੇਤਾ ਆਪਣੇ ਭਾਸ਼ਣਾਂ ਜਰੀਏ ਵੀ ਮਣਾਂਮੂੰਹੀਂ ਕਮਾਈ ਕਰ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਸਤੀਫ਼ਾ ਦੇਣ ਤੱਕ ਸਾਲਾਨਾ ਇੱਕ ਮਿਲੀਅਨ ਪੌਂਡ ਤੱਕ ਕਮਾ ਰਹੀ ਸੀ। ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇੱਕ ਭਾਸ਼ਣ ਦਾ ਹੀ £120000 ਪੌਂਡ ਹਾਸਲ ਕਰਦੇ ਹਨ ਜਦਕਿ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਸਲਾਹਕਾਰੀ ਕੰਮਾਂ ਤੇ ਭਾਸ਼ਣਾਂ ਸਿਰੋਂ ਕੁੱਲ ਕਮਾਈ 22 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ।