ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਾਊਥਾਲ ਦੀ ਕਿੰਗ ਸਟਰੀਟ ਵਿਖੇ ਗੈਸ ਲੀਕ ਹੋਣ ਕਰਕੇ ਹੋਏ ਧਮਾਕੇ ਦੀ ਵਜ੍ਹਾ ਨਾਲ ਇਕ ਇਮਾਰਤ ਦੇ ਢਹਿਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਧਮਾਕਾ ਕੱਲ ਸਵੇਰੇ ਤਕਰੀਬਨ 6.20 ਵਜੇ ਇੱਕ ਫੋਨਾਂ ਦੀ ਦੁਕਾਨ ਵਿੱਚ ਹੋਇਆ ਜਿਸ ਦੇ ਉਪਰ ਫਲੈਟ ਵੀ ਸਨ। ਧਮਾਕੇ ਕਾਰਨ ਪੂਰੀ ਇਮਾਰਤ ਢਹਿ ਗਈ ਅਤੇ ਇਸਦੇ ਬਾਅਦ ਅੱਗ ਬੁਝਾਊ ਅਮਲੇ ਦੇ ਲਗਭੱਗ 40 ਮੈਂਬਰਾਂ ਨੇ ਮਲਬਾ ਹਟਾਉਣ ਦਾ ਕਾਰਜ ਸ਼ੁਰੂ ਕੀਤਾ। ਮਲਬੇ ਵਿੱਚੋਂ ਇਕ ਬੱਚੇ ਸਮੇਤ ਪੰਜ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਕਰਮਚਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਦੀ ਮੱਦਦ ਨਾਲ ਦੋ ਹੋਰ ਵਿਅਕਤੀ ਲੱਭੇ ਪਰ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸਟੇਸ਼ਨ ਕਮਾਂਡਰ ਪੌਲ ਮੌਰਗਨ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਇਸ ਘਟਨਾ ਬਾਰੇ ਦੁੱਖ ਪ੍ਰਗਟ ਕੀਤਾ ਹੈ।